ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਦੇ ਜਨ. ਸਕੱਤਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਮੌਜੂਦਾ ਦੌਰ ਅੰਦਰ ਸ਼੍ਰੋਮਣੀ ਅਕਾਲੀ ਦਲ ’ਚ ਆਈ ਗਿਰਾਵਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਪਾਰਟੀ ਦੀ ਡਿੱਗ ਰਹੀ ਸ਼ਾਖ ਅਤੇ ਸਮੇਂ ਨਾਲ ਆ ਰਹੀ ਗਿਰਾਵਟ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਉਹ ਸਮੁੱਚੇ ਪੰਥ ਦੀ ਏਕਤਾ ਦੇ ਮੁੱਦਈ ਹਨ ਅਤੇ ਸ਼੍ਰੋਮਣੀ ਅਕਾਲੀ ਦੇ ਛੋਟੇ-ਛੋਟੇ ਟੁਕੜੇ ਪੰਥ ਦੇ ਹਿੱਤ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਖਾਲਸਾ ਪੰਥ ਦੀ ਏਕਤਾ ਸਭ ਤੋਂ ਵੱਡੀ ਜ਼ਰੂਰਤ ਹੈ। ਜਥੇ. ਪੰਜੋਲੀ ਨੇ ਅਜੀਤ ਵਿਚ ਛਪੀ ਖ਼ਬਰ ਦਾ ਖੰਡਨ ਕਰਦਿਆਂ ਪ੍ਰੈਸ ਵਾਰਤਾ ’ਚ ਦੱਸਿਆ ਕਿ ਉਹ ਸੁਖਦੇਵ ਸਿੰਘ ਢੀਂਡਸਾ ਦੇ ਮੀਟਿੰਗ ਵਿਚ ਨਹੀਂ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦ ਘੁਣ ਵਾਂਗ ਖਾ ਗਿਆ, ਬੇਅਦਬੀ ਵਰਗੀ ਘਟਨਾ, ਡੇਰਾ ਰਾਮ ਰਹੀਮ ਨੂੰ ਮੁਆਫੀ ਦੇਣ ਵਰਗੀਆਂ ਗਲਤੀਆਂ ਦੀ ਭੁੱਲ ਸਮੁੱਚੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਹੀ ਬਖਸ਼ਾਉਣੀ ਪਵੇਗੀ। ਜਥੇਦਾਰ ਪੰਜੋਲੀ ਨੇ ਕਿਹਾ ਕਿ ਖਾਲਸਾ ਪੰਥ ਦੀ ਏਕਤਾ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਹੋਈਆਂ ਸਾਰੀਆਂ ਗਲਤੀਆਂ ਅਤੇ ਪੰਥ ਦਾ ਗੁੱਸਾ ਠੰਡਾ ਕਰਨ ਲਈ ਤਿਆਗ ਅਤੇ ਕੁਰਬਾਨੀ ਦੀ ਮਿਸਾਲ ਪੇਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹੁਣ ਲਾਉਣ ’ਤੇ ਤੁਲ ਹੋਈਆਂ ਹਨ ਇਸ ਕਰਕੇ ਖਾਲਸਾ ਪੰਥ ਦੀ ਏਕਤਾ ਸਮੇਂ ਦੀ ਵੱਡੀ ਲੋੜ ਬਣ ਗਈ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਮੇਰਾ ਸਮੁੱਚਾ ਜੀਵਨ ਹੀ ਪੰਥਪ੍ਰਸਤੀ ਨੂੰ ਪ੍ਰਣਾਇਆ ਹੈ। ਉਨ੍ਹਾਂ ਕਿਹਾ ਕਿ 17 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਦੇ ਆਦਰਸ਼ਾਂ ’ਤੇ ਚੱਲਦਿਆਂ ਆਪਣੇ ਜੀਵਨ ਦੇ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵਜੋਂ ਕੀਤੀ ਸੀ ਅਤੇ ਸੰਘਰਸ਼ਮਈ ਜੀਵਨ ਵਿਚ ਜੇਲ੍ਹ ਸਫਰ ਤੋਂ ਲੈ ਕੇ ਹੁਣ ਤੱਕ ਪੰਥਕ ਰਵਾਇਤਾਂ ਅਤੇ ਪੰਥਕ ਸਿਧਾਂਤਾਂ ’ਤੇ ਫਰਜ਼ਾਂ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਜਥੇਦਾਰ ਪੰਜੋਲੀ ਨੇ ਕਿ ਭਾਵੇਂ ਮੌਜੂਦਾ ਦੌਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਸਿਆਸੀ ਸਫਰ ’ਚ ਉਤਰਾਅ ਚੜ੍ਹਾਅ ਜੀਵਨ ਦਾ ਪਹਿਲੂ ਹੁੰਦੇ ਹਨ ਅਤੇ ਅਜਿਹੇ ਔਖੇ ਦੌਰ ਵਿਚ ਪਾਰਟੀ ਨਾਲ ਚੱਟਾਨ ਦੀ ਤਰ੍ਹਾਂ ਖੜੇ ਰਹਾਂਗੇ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦਾ ਹਾਲਾਤਾਂ ਦੀ ਸਮੀਖਿਆ ਕਰਦਿਆਂ ਪਾਰਟੀ ਦੀ ਹੋਂਦ ਨੂੰ ਕਾਇਮ ਰੱਖਣਾ ਬਹੁਤ ਜ਼ਰੂਰਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀ ਵਰਗੀ ਘਟਨਾ ਦਾ ਵਾਪਰਨਾ, ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਤੋਂ ਇਲਾਵਾ ਪੰਥਕ ਸਿਧਾਂਤਾਂ ਤੋਂ ਪਿੱਛੇ ਹੱਟ ਜਾਣਾ ਅਕਾਲੀ ਦਲ ਦੇ ਗਰਾਫ਼ ਨੂੰ ਹੇਠਾਂ ਸੁੱਟਣ ਦੇ ਅਹਿਮ ਕਾਰਨਾਂ ਵਿਚੋਂ ਇਕ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਮੋਰਚਿਆਂ ਅਤੇ ਸੰਘਰਸ਼ ਵਿਚੋਂ ਨਿਕਲੀ ਅਜਿਹੀ ਪਾਰਟੀ ਹੈ, ਜਿਸ ਦੇ ਇਤਿਹਾਸਕ ਕਾਰਜਾਂ ਨੂੰ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੁਨੀਆ ਦਾ ਇਕੋ ਇਕ ਅਜਿਹਾ ਸਿੱਖ ਦਲ ਹੈ, ਜੋ ਸਿੱਖ ਪੰਥ ਅਤੇ ਸਿੱਖ ਸਿਆਸਤ ਦੇ ਅਹਿਮ ਮਸਲਿਆਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਨਾਲ ਪਾਰਟੀ ’ਚ ਆ ਰਹੀ ਗਿਰਾਵਟ ਅਤੇ ਪੈਦਾ ਹੋ ਰਹੇ ਸੰਕਟ ਨਾਲ ਨਜਿੱਠਣ ਲਈ ਸਾਰਿਆਂ ਨੂੰ ਸੁਚੇਤ ਚਿੰਤਨ ਕਰਨ ਦੀ ਲੋੜ ਹੈ।