ਪਿਛਲੇ ਕੁਝ ਦਹਾਕਿਆਂ ਤੋਂ ਅੱਲ੍ਹੜ ਵਰ੍ਹੇਸ ਨੌਜਵਾਨੀ ਦਾ ਨਸ਼ਿਆਂ ਦੀ ਮਾਰ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਣਾ ਦੇਸ਼ ਤੇ ਸਮਾਜ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਕਿਸੇ ਸਮੇਂ ਸਭ ਤੋਂ ਵਿਕਸਿਤ ਸੂਬਿਆਂ ‘ਚੋਂ ਇਕ ਮੰਨਿਆ ਜਾਂਦਾ ਪੰਜਾਬ ਬਹੁਤ ਲੰਮੇ ਸਮੇਂ ਤੋਂ ਨਸ਼ਿਆਂ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਨਜਾਇਜ਼ ਤੇ ਮਾਰੂ ਨਸ਼ਿਆਂ ਨੇ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ।ਅਜਿਹਾ ਕੋਈ ਦਿਨ ਨਹੀਂ ਚੜ੍ਹਦਾ ਜਿਸ ਦਿਨ ਦੀ ਅਖ਼ਬਾਰ ’ਚ ਘੱਟੋ ਘਟ ਚਾਰ ਨੌਜਵਾਨਾਂ ਦੀ ਨਸ਼ਿਆਂ ਦੇ ਓਵਰ ਡੋਜ਼ ਨਾਲ ਬੇਵਕਤੀ ਮੌਤ ਅਤੇ ਚਾਰ ਥਾਈਂ ਕਰੋੜਾਂ ਦੇ ਨਸ਼ੀਲੇ ਪਦਾਰਥ ਫੜੇ ਜਾਣ ਦੀ ਖ਼ਬਰ ਨਾ ਛਪੀ ਹੋਵੇ। ਹਰ ਰੋਜ਼ ਪੁਲੀਸ ਵੱਲੋਂ ਭਾਰੀ ਮਾਤਰਾ ਵਿਚ ਹੀਰੋਇਨ ਵਰਗੇ ਮਾਰੂ ਨਸ਼ਿਆਂ ਦਾ ਫੜਿਆ ਜਾਣਾ ਤਾਂ ਕੇਵਲ ’ਆਈਸ ਬਰਗ’ ਹੀ ਕਿਹਾ ਜਾਵੇਗਾ। ਦਰਅਸਲ ਇਸ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਧੰਦੇ ਦਾ ਪਸਾਰਾ ਵੱਡੇ ਪੈਮਾਨੇ ’ਤ ਫੈਲਿਆ ਹੋਇਆ ਹੈ।
ਪੰਜਾਬ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਮੰਗ ਦੀ ਸਭ ਤੋਂ ਵਿਸ਼ੇਸ਼ ਵਿਸ਼ੇਸ਼ਤਾ ਇਹ ਹੈ ਕਿ ਇਹ ਸਥਾਨਕ, ਅੰਤਰਰਾਜੀ ਅਤੇ ਅੰਤਰਰਾਸ਼ਟਰੀ ਅਪਰਾਧਿਕ ਗਰੋਹਾਂ ਦੁਆਰਾ ਨਿਯੰਤਰਿਤ ਸਪਲਾਈ ਨੈੱਟਵਰਕ ਦੁਆਰਾ ਰਾਜ ਦੇ ਬਾਹਰੋਂ ਪੂਰੀ ਕੀਤੀ ਜਾਂਦੀ ਹੈ। ਕੁਝ ਸਮੇਂ ਲਈ, ਕੁਝ ਸਿੰਥੈਟਿਕ ਡਰੱਗਜ਼ (ਆਈਸੀਈ/ਕ੍ਰਿਸਟਲ ਮੇਥਾਮਫੇਟਾਮਾਈਨ) ਰਾਜ ਵਿੱਚ ਕੁਝ ਥਾਵਾਂ ‘ਤੇ ਬਣਾਈਆਂ ਗਈਆਂ ਸਨ ਪਰ ਇਨ੍ਹਾਂ ਲੈਬਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਸੀ। ਜੂਨ 2012 ਅਤੇ ਮਾਰਚ 2013 ਵਿੱਚ ਬਹੁ-ਕਰੋੜੀ ਸਿੰਥੈਟਿਕ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ।
ਨਸ਼ਿਆਂ ਦੇ ਧੰਦੇ ਦੀਆਂ ਤਾਰਾਂ ਸਰਹੱਦ ਪਾਰ ਨਾਲ ਜੁੜੀਆਂ ਹੋਈਆਂ ਹਨ। ਸਾਡਾ ਰਵਾਇਤੀ ਦੁਸ਼ਮਣ ਦੇਸ਼ ਪਾਕਿਸਤਾਨ ਆਹਮੋ ਸਾਹਮਣੇ ਦੀਆਂ ਲੜਾਈਆਂ ’ਚ ਭਾਰਤ ਤੋਂ ਬੁਰੀ ਤਰਾਂ ਮਾਤ ਖਾ ਚੁੱਕਿਆ ਹੈ। ਉਹ ਹੁਣ ਭਾਰਤ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਦਾ ਸਹਾਰਾ ਲੈ ਰਿਹਾ ਹੈ। ਨੌਜਵਾਨ ਸ਼ਕਤੀ ਨੂੰ ਤਬਾਹ ਕਰਨ ਹਿਤ ਸਰਹੱਦ ਪਾਰੋਂ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਇੱਧਰ ਨੂੰ ਭੇਜ ਰਿਹਾ ਹੈ। ਜ਼ਿਆਦਾਤਰ ਸਰਹੱਦ ਕੋਲ ਬੈਠੇ ਸਾਡੇ ਹੀ ਲੋਕਾਂ ਨੂੰ ਲਾਲਚ ਦੇ ਕੇ ਇਸ ਧੰਦੇ ’ਚ ਫਸਾਏ ਜਾ ਰਹੇ ਹਨ। ਆਈ ਐਸ ਆਈ, ਆਤੰਕੀ ਗਰੁੱਪਾਂ ਅਤੇ ਸਮਗਲਰਾਂ ਦੀ ਆਪਸੀ ਗੱਠਜੋੜ ਨੇ ਹਾਲ ਹੀ ’ਚ ਡਰੋਨਾਂ ਰਾਹੀਂ ਮਾਰੂ ਹਥਿਆਰਾਂ ਤੋਂ ਇਲਾਵਾ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਨੂੰ ਭਾਰਤ ਭੇਜਣ ’ਚ ਤੇਜ਼ੀ ਦਿਖਾਈ ਹੈ। ਪੰਜਾਬ ਸਰਹੱਦ ’ਤੇ ਡਰੋਨਾਂ ਦੀ ਸਰਗਰਮੀ ਨੇ ਸੁਰੱਖਿਆ ਏਜੰਸੀਆਂ ਨੂੰ ਚੁਕੰਨਾ ਕੀਤਾ ਹੋਇਆ ਹੈ। ਨਸ਼ਾ ਸਾਡੀ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾਂਦਾ ਜਾ ਰਿਹਾ ਹੈ। ਇਸ ਦੀ ਗ੍ਰਿਫ਼ਤ ’ਚੋਂ ਬਾਹਰ ਨਿਕਲ ਸਕਣਾ ਸਾਡੇ ਬਚਿਆਂ ਲਈ ਚੁਨੌਤੀ ਬਣ ਚੁੱਕੀ ਹੈ। ਚਿੰਤਾ ਵਾਲੀ ਗਲ ਤਾਂ ਇਹ ਵੀ ਹੈ ਕਿ ਕਈ ਮਾਮਲਿਆਂ ਵਿਚ ਸਿਆਸੀ ਆਗੂਆਂ ਵਲੋਂ ਇਸ ਨਾ ਪਾਕ ਧੰਦੇ ਦੀ ਪੁਸ਼ਤ ਪਨਾਹੀਂ ਦੇਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਇਹ ਧੰਦਾ ਕੇਵਲ ਮਰਦਾਂ ਤਕ ਹੀ ਸੀਮਤ ਨਹੀਂ ਰਿਹਾ, ਔਰਤਾਂ ਦੀ ਸਾਹਮਣੇ ਆਈ ਹਿੱਸੇਦਾਰੀ ਸਮਾਜ ਲਈ ਵੀ ਵੱਡੀ ਚੁਨੌਤੀ ਬਣ ਚੁੱਕੀ ਹੈ। ਔਰਤਾਂ ਘਟ ਸ਼ੱਕ ਦੇ ਘੇਰੇ ’ਚ ਆਉਂਦੀਆਂ ਹਨ। ਉਨ੍ਹਾਂ ਰਾਹੀਂ ਸਮਾਨ ਨੂੰ ਇਕ ਥਾਂ ਤੋਂ ਦੂਜੇ ਥਾਂ ਕਰਵਾਉਣਾ ਆਸਾਨ ਹੈ। ਸਮਾਜ ਲਈ ਸ਼ਰਮਸਾਰ ਵਾਲੀ ਗਲ ਤਾਂ ਇਹ ਹੈ ਕਿ ਕੁਝ ਲੜਕੀਆਂ ਪੜਾਈ ਦੀ ਆੜ ’ਚ ਹੀਰੋਇਨ ਵਰਗੇ ਨਸ਼ਿਆਂ ਦੀ ਧੰਦੇ ਦੇ ਸਪਲਾਈ ’ਚ ਲੱਗੀਆਂ ਹੋਈਆਂ ਹਨ। ਹਾਲ ਹੀ ’ਚ ਕੁਝ ਸਮੇਂ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਅੰਮ੍ਰਿਤਸਰ ਤੋਂ ਇਕ ਨਾਮੀ ਕਾਲਜ ’ਚ ਪੜ੍ਹਦੀ ਕੋਟਕਪੂਰੇ ਦੀ ਲੜਕੀ ਨੂੰ ਆਪਣੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ 30 ਕਰੋੜ ਰੁਪਏ ਦੀ 6 ਕਿੱਲੋ ਹੀਰੋਇਨ ਬਰਾਮਦ ਕੀਤਾ। ਇਹ ਖੇਪ ਉਸ ਦੇ ਸਾਥੀਆਂ ਨੇ ਪਾਕਿਸਤਾਨ ਤੋਂ ਮੰਗਵਾਈ ਸੀ ਅਤੇ ਇਸ ਨੂੰ ਦਿਲੀ ਭੇਜਿਆ ਜਾਣਾ ਸੀ।
ਗੈਂਗ ਕਲਚਰ ਇਸ ਦੀ ਅਗਲੀ ਕੜੀ ਹੈ। ਇਨ੍ਹਾਂ ਅਲਾਮਤਾਂ ਤੋਂ ਡਰਦਿਆਂ ਮਾਪੇ ਆਪਣੇ ਬਚਿਆਂ ਨੂੰ ਪੜਾਈ ਦੇ ਬਹਾਨੇ ਵਿਦੇਸ਼ਾਂ ਵਿਚ ਭੇਜਣ ਨੂੰ ਤਰਜੀਹ ਦੇ ਰਹੇ ਹਨ। ਪੜਾਈ ਅਤੇ ਰੁਜ਼ਗਾਰ ਦੇ ਬਹਾਨੇ ਨੌਜਵਾਨੀ ਦਾ ਵਿਦੇਸ਼ਾਂ ਨੂੰ ਪਲਾਇਨ ਕਰਨਾ ਵੀ ਇਕ ਰਾਸ਼ਟਰੀ ਸਮੱਸਿਆ ਤੋਂ ਘਟ ਨਹੀਂ। ਨਸ਼ਿਆਂ ਦੇ ਪਸਾਰੇ ਲਈ ਪਾਕਿਸਤਾਨ ਵੱਲੋਂ ਖੜੀ ਕੀਤੀ ਗਈ ਚੁਨੌਤੀ ਤੋਂ ਇਲਾਵਾ ਖੇਤੀਬਾੜੀ ਸੰਕਟ, ਨੌਕਰੀ ਦੇ ਮੌਕਿਆਂ ਦੀ ਕਮੀ, ਨਸ਼ੀਲੇ ਪਦਾਰਥਾਂ ਦੀ ਅਸਾਨੀ ਨਾਲ ਉਪਲਬਧਤਾ, ਨਸ਼ੀਲੀਆਂ ਦਵਾਈਆਂ ਦੇ ਸੰਗਠਨਾਂ, ਸੰਗਠਿਤ ਅਪਰਾਧਿਕ ਗਿਰੋਹਾਂ, ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਧੋਖੇਬਾਜ਼ ਤੱਤਾਂ ਵਿਚਕਾਰ ਸਬੰਧ ਵੀ ਅਹਿਮ ਰੋਲ ਅਦਾ ਕਰਦੇ ਹਨ।
ਸਾਡੀਆਂ ਸਰਕਾਰਾਂ ਦਾ ਲੰਮੇ ਸਮੇਂ ਤੋਂ ਟੀਚਾ ਨਸ਼ਿਆਂ ਨੂੰ ਖ਼ਤਮ ਕਰਨ ਦਾ ਰਿਹਾ ਹੈ। ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਨੂੰ ਪੂਰੀ ਕੋਸ਼ਿਸ਼ ਦੇ ਬਾਵਜੂਦ ਇਸ ਕਾਰਜ ’ਚ ਕਾਮਯਾਬੀ ਨਹੀਂ ਮਿਲ ਸਕੀ। ਮਾਹਿਰਾਂ ਦਾ ਮੰਨਣਾ ਹੈ ਕਿ ਸਿਹਤ ਅਤੇ ਭਲਾਈ ਦੀਆਂ ਯੋਜਨਾਵਾਂ ਨਸ਼ਿਆਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ। ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਕਿਰਤ ਸਭਿਆਚਾਰ ਦੀ ਥਾਂ ਮੁਫ਼ਤਖ਼ੋਰੀ ਅਤੇ ਨਸ਼ਿਆਂ ਨੇ ਲੈ ਲਈ ਹੈ। ਕਿਰਤ ਸੰਸਕ੍ਰਿਤੀ ਨੂੰ ਪ੍ਰਭਾਵਹੀਣ ਕਰਨ ’ਚ ਸਰਕਾਰਾਂ ਵੱਲੋਂ ਬਿਨਾ ਸੋਚੇ ਸਮਝੇ ਹੀ ਫ਼ਰੀ ਦੀਆਂ ਸਹੂਲਤਾਂ ਦੇਣੀਆਂ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਮਨਫ਼ੀ ਹੋ ਰਿਹਾ ਹੋਣਾ ਵੀ ਇਕ ਮਜ਼ਬੂਤ ਕਾਰਨ ਹੈ। ਝੂਠੇ ਵਾਅਦਿਆਂ ਤੋਂ ਅੱਕੀ ਜਨਤਾ ਨੇ ਵੱਡੀ ਸਿਆਸੀ ਤਬਦੀਲੀ ਲਿਆਉਂਦਿਆਂ ਸੂਬੇ ਦੀ ਵਾਗਡੋਰ ਆਪ ਨੂੰ ਸੌਂਪੀ ਹੈ। ’ਆਪ’ ਦੀ ਸਰਕਾਰ ਨੂੰ ਨਸ਼ਿਆਂ ਨੂੰ ਖ਼ਤਮ ਕਰਨ ਦੀ ਗੰਭੀਰ ਚੁਨੌਤੀ ਵਿਰਾਸਤ ਵਿਚ ਮਿਲੀ ਹੈ। ਇਸ ਨੂੰ ਠੱਲ੍ਹ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਪ੍ਰਤੀ ਸਰਕਾਰ ਨੂੰ ਠੋਸ ਪਹਿਲ ਕਦਮੀ ਕਰਨ ਦੀ ਲੋੜ ਹੈ। ਬੇਸ਼ੱਕ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਸ ਦੀ ਨੀਤੀ ਤਹਿਤ ਪੁਲਿਸ ਨੂੰ ਆਪਣਾ ਧਿਆਨ ਨਸ਼ਿਆਂ ਦੀ ਸਪਲਾਈ ਅਤੇ ਵੰਡਣ ਵਾਲਿਆਂ ‘ਤੇ ਕੇਂਦਰਿਤ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਫਿਰ ਵੀ, ਸੂਬੇ ‘ਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਨਸ਼ਾ ਛੁਡਾਊ ਕੇਂਦਰਾਂ ਦੀਆਂ ਵਰਤਮਾਨ ਹਾਲਤਾਂ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਨਸ਼ਿਆਂ ਦੀ ਮੰਗ ਨੂੰ ਘਟਾਉਣ ਲਈ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਸਮੇਂ ਦੀ ਮੰਗ ਹੈ। ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਦਿਆਂ ਨਸ਼ਿਆਂ ਦੀ ਲੱਤ ਨੂੰ ਠੱਲ੍ਹ ਪਾਉਣ ਲਈ ਸਾਰਥਿਕ, ਉਸਾਰੂ ਤੇ ਠੋਸ ਖੇਡ ਨੀਤੀ ਉਲੀਕੀ ਜਾਣੀ ਚਾਹੀਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਹਿਤ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨਾਲ ਮਰੀਜ਼ ਵਾਂਗ ਵਿਵਹਾਰ ਕੀਤਾ ਜਾਵੇ। ਮਾਨਸਿਕ ਰੋਗਾਂ ਨਾਲ ਜੂਝ ਰਹੇ ਇਨ੍ਹਾਂ ਨਸ਼ੇੜੀਆਂ ਨੂੰ ਅਪਰਾਧੀ ਨਹੀਂ ਸਗੋਂ ਪੀੜਤਾਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਅੱਜ ਸਮਾਜ ’ਚ ਨਸ਼ਾਖੋਰੀ ਪ੍ਰਤੀ ਜਾਗਰੂਕਤਾ ਪੈਦਾ ਹੋਣ ਨਾਲ ਨਸ਼ਾ ਛੁਡਾਊ ਕੇਂਦਰਾਂ ਵਿਚ ਆਪਣੇ ਤੌਰ ’ਤੇ ਇਲਾਜ ਕਰਾਉਣ ਲਈ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਦੋ ਗੁਣੀ ਹੋਈ ਹੈ। ਹੁਣ ਪੰਜਾਬ ਵਿਚ ਮੁੜ ਵਸੇਬਾ ਕੇਂਦਰਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਵਲੋਂ ਵਿੱਤੀ ਏਜੰਸੀਆਂ ਅਤੇ ਨਿੱਜੀ ਅਦਾਰਿਆਂ ਨੂੰ ਪੰਜਾਬ ਵਿਚ ਭਾਰੀ ਪੂੰਜੀ ਨਿਵੇਸ਼ ਕਰਨ ਲਈ ਮਨਾਏ ਜਾਣ ਨੂੰ ਪ੍ਰਥਮ ਏਜੰਡੇ ’ਚ ਸ਼ਾਮਿਲ ਕਰਨ ਦੀ ਲੋੜ ਹੈ। ਸਰਕਾਰੀ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਤੇਜ਼ ਕੀਤਾ ਜਾਵੇ ਅਤੇ ਕੇਂਦਰੀ ਸਕੀਮਾਂ ਤੋਂ ਲਾਭ ਲਿਆ ਜਾਵੇ। ਕੇਂਦਰੀ ਵਿੱਤੀ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਉੱਦਮੀਆਂ ਨੂੰ ਕਾਰੋਬਾਰ ਕਰਨ ਲਈ ਕਰਜ਼ਾ ਯੋਜਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਵਲੋਂ ਪੀ.ਐਮ -6 ਯੋਜਨਾ ਸਕੀਮ ਤਹਿਤ ਨਸ਼ਾਖੋਰੀ ਖ਼ਿਲਾਫ਼ ਜਾਗਰੂਕਤਾ ਦੇ ਖੇਤਰ ਵਿਚ 3 ਸਾਲ ਤੋਂ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਵਿੱਤੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦੀ ਇਕ ਸਕੀਮ ’ਮੁੜ-ਵੇਸਵਾ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਅਤੇ ਸਮਾਜਿਕ ਸੁਰੱਖਿਆ ਸੇਵਾਵਾਂ ਹਿਤ ਯੋਜਨਾ’ ਤਹਿਤ ਸਲਾਹ, ਨਸ਼ਾ ਛੁਡਾਉਣਾ, ਇਲਾਜ ਤੋਂ ਬਾਦ ਧਿਆਨ ਅਤੇ ਨਸ਼ੇੜੀ ਦੀ ਸਮੁੱਚੀ ਰਿਕਵਰੀ ਹਿਤ ਮੁੜ-ਵਸੇਬਾ ਇਸ ਦੇ ਅੰਗ ਹਨ। ਵਰਤਮਾਨ ਵਿੱਚ ਗ਼ੈਰ-ਸਰਕਾਰੀ ਸੰਗਠਨਾਂ ਅਤੇ ਰੋਜ਼ਗਾਰਦਾਤਾਵਾਂ ਨੂੰ ਮੁੱਖ ਤੌਰ ਤੇ ਜਾਗਰੂਕਤਾ ਅਤੇ ਰੋਕਥਾਮ ਸਿੱਖਿਆ, ਨਸ਼ਾ ਜਾਗਰੂਕਤਾ ਅਤੇ ਸਲਾਹ ਕੇਂਦਰ, ਨਸ਼ਾ ਛੁਡਾਊ ਕੇਂਦਰਾਂ ਲਈ ਏਕੀਕ੍ਰਿਤ ਪੁਨਰਵਾਸ ਕੇਂਦਰ (ਆਈ.ਆਰ.ਸੀ.ਏ.),ਵਰਕਪਲੇਸ ਰੋਕਥਾਮ ਪ੍ਰੋਗਰਾਮ (ਡਬਲਿਯੂਪੀਪੀ), ਨਸ਼ਾ ਛੁਡਾਊ ਕੈਂਪ, ਕਮਿਊਨਿਟੀ ਅਧਾਰਿਤ ਮੁੜ ਵਸੇਬੇ ਨੂੰ ਮਜ਼ਬੂਤ ਕਰਨ ਲਈ ਨਵੀਨਤਾਕਾਰੀ ਦਖਲਅੰਦਾਜ਼ੀ, ਤਕਨੀਕੀ ਅਦਲਾ ਬਦਲੀ ਅਤੇ ਜਨ ਸ਼ਕਤੀ ਵਿਕਾਸ ਪ੍ਰੋਗਰਾਮ ਲਈ ਕੇਂਦਰ ਸਰਕਾਰ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਜਿਨ੍ਹਾਂ ਦਾ ਲਾਭ ਲੋਕ ਹਿਤ ’ਚ ਲਿਆ ਜਾਣਾ ਚਾਹੀਦਾ ਹੈ।