ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – “ਭਾਰਤੀ ਸਮਾਜ ਵਿੱਚ ਜਦੋਂ ਔਰਤਾਂ ਦਾ ਕਾਰਜ ਸਥਾਨ ਘਰ ਦੀ ਚਾਰਦੀਵਾਰੀ ਜਾਂ ਚੌਂਕਾ ਚੁੱਲ੍ਹੇ ਤੱਕ ਹੀ ਸੀਮਤ ਮੰਨਿਆ ਜਾਂਦਾ ਹੋਵੇ ਤਾਂ ਮਰਦ ਔਰਤ ਬਰਾਬਰੀ ਦੀਆਂ ਗੱਲਾਂ ਨਾਟਕ ਜਿਹਾ ਲਗਦੀਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਇਕੱਲਿਆਂ ਜਾਣਾ ਵੀ ਮੁਨਾਸਿਬ ਨਾ ਹੋਵੇ, ਉਦੋਂ ਇੱਕ ਕੁੜੀ ਕਾਨੂੰਨ ਦੀ ਪੜ੍ਹਾਈ ਕਰਕੇ ਸਮਾਜ ਵਿੱਚ ਮਾਣਮੱਤਾ ਰੁਤਬਾ ਹਾਸਲ ਕਰੇ ਤਾਂ ਇਹ ਘਟਨਾ ਅਲੋਕਾਰੀ ਹੋ ਨਿੱਬੜਦੀ ਹੈ। ਅਜਿਹੇ ਮਾਣ ਦੀ ਪਾਤਰ ਬਣੀ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਦੇਣਾ ਵੀ ਮਾਣ ਵਾਲੀ ਗੱਲ ਹੈ।”, ਉਕਤ ਵਿਚਾਰਾਂ ਦਾ ਪ੍ਗਟਾਵਾ ਪੰਜ ਦਰਿਆ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਗਾਇਕ ਕਰਮਜੀਤ ਮੀਨੀਆਂ, ਪ੍ਰਸਿੱਧ ਕਾਰੋਬਾਰੀ ਬਲਵਿੰਦਰ ਸਿੰਘ ਜੱਸਲ, ਟੌਮ ਵਿਰ੍ਹੀਆ, ਅਮਰ ਮੀਨੀਆਂ, ਜੋਤੀ ਵਿਰ੍ਹੀਆ, ਨੀਲਮ ਖੁਰਮੀ, ਦਲਬਾਰਾ ਸਿੰਘ ਗਿੱਲ, ਨਿਰਮਲ ਗਿੱਲ ਆਦਿ ਨੇ ਆਪਣ ਸੰਬੋਧਨ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਬਚਪਨ ਤੇ ਜਵਾਨੀ ਗੁਜਰਾਤ ਵਿੱਚ ਗੁਜਰੀ, ਪਰ ਉਹਨਾਂ ਨੇ ਆਪਣੀ ਅਗਲੇਰੀ ਪੜ੍ਹਾਈ ਵਿਆਹ ਉਪਰੰਤ ਜਾਰੀ ਰੱਖੀ। ਉਹਨਾਂ ਨੂੰ ਮੋਗਾ ਜ਼ਿਲ੍ਹੇ ਦੀ ਪਹਿਲੀ ਐਡਵੋਕੇਟ ਔਰਤ ਹੋਣ ਦੇ ਨਾਲ ਨਾਲ ਪੰਜਾਬ ਦੀਆਂ ਚੋਣਵੀਆਂ ਔਰਤ ਐਡਵੋਕੇਟਾਂ ‘ਚ ਸ਼ੁਮਾਰ ਹੋਣ ਦਾ ਵੀ ਮਾਣ ਹਾਸਲ ਹੈ। ਸ੍ਰੀਮਤੀ ਢਿੱਲੋਂ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ ‘ਚ ਪਿਛਲੇ ਲੰਮੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ ਤੇ ਇਹ ਸੇਵਾਵਾਂ ਅਜੇ ਵੀ ਜਾਰੀ ਹਨ। ਇਸ ਸਨਮਾਨ ਨੂੰ ਹਾਸਲ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਆਪਣੀ ਕਾਮਯਾਬੀ ਦਾ ਝੰਡਾ ਗੱਡ ਸਕਦੀਆਂ ਹਨ ਪਰ ਉਹਨਾਂ ਦੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਪਰਿਵਾਰਕ ਹੱਲਾਸ਼ੇਰੀ ਦਾ ਹੋਣਾ ਵੀ ਲਾਜ਼ਮੀ ਹੈ। ਉਹਨਾਂ ਪੰਜ ਦਰਿਆ ਦੀ ਸਮੁੱਚੀ ਟੀਮ ਤੇ ਹਾਜਰੀਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਆਪਣੇ ਸਕਾਟਲੈਂਡ ਦੇ ਦੌਰੇ ‘ਤੇ ਆਏ ਹੋਏ ਸਨ।
ਸਕਾਟਲੈਂਡ: “ਪੰਜ ਦਰਿਆ” ਵੱਲੋਂ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ
This entry was posted in ਅੰਤਰਰਾਸ਼ਟਰੀ.