ਫ਼ਤਹਿਗੜ੍ਹ ਸਾਹਿਬ – “ਜਦੋਂ ਪਟਿਆਲਾ ਅਦਾਲਤ ਨੇ ਸਾਨੂੰ ਭਗਤ ਸਿੰਘ ਦੇ ਕੇਸ ਵਿਚੋਂ ਲੰਮੀ ਕਾਨੂੰਨੀ ਪ੍ਰਕਿਰਿਆ, ਬਹਿਸ ਆਦਿ ਉਪਰੰਤ ਇਸ ਕੇਸ ਨੂੰ ਖਾਰਜ ਕਰਦੇ ਹੋਏ ਬਾਇੱਜ਼ਤ ਢੰਗ ਨਾਲ ਬਹੁਤ ਪਹਿਲੇ ਬਰੀ ਕਰ ਦਿੱਤਾ ਗਿਆ ਹੈ, ਤਾਂ ਫਿਰ ਇਹ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਅਤੇ ਵਿਧਾਨਕਾਰਾਂ ਵੱਲੋਂ ਇਕ ਡੂੰਘੀ ਸਾਜ਼ਿਸ ਤਹਿਤ ਪੀਲੀ ਪੱਤਰਕਾਰੀ ਅਤੇ ਹਿੰਦੂਤਵ ਪ੍ਰੈਸ ਦਾ ਸਹਾਰਾ ਲੈਕੇ ਇਸ ਮੁੱਦੇ ਨੂੰ ਜਾਣਬੁੱਝ ਕੇ ਉਸ ਸਮੇਂ ਉਛਾਲਿਆ ਗਿਆ ਹੈ, ਜਦੋ ਮੈਂ ਪਾਰਲੀਮੈਂਟ ਦੇ ਸੁਰੂ ਹੋਣ ਜਾ ਰਹੇ ਸੈਸਨ ਦੌਰਾਨ ਬਤੌਰ ਐਮ.ਪੀ. ਸਹੁੰ ਚੁੱਕਣ ਜਾ ਰਿਹਾ ਹਾਂ । ਇਸੇ ਸਮੇਂ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਕਿਰਪਾਨ ਸੰਬੰਧੀ ਵੀ ਜਾਣਬੁੱਝ ਕੇ ਇਹ ਭੰਬਲਭੂਸਾ ਪਾਇਆ ਜਾ ਰਿਹਾ ਹੈ ਕਿ ਮੈਂ ਕਿਰਪਾਨ ਤੋਂ ਬਿਨ੍ਹਾਂ ਸਹੁੰ ਨਹੀ ਚੁੱਕਾਂਗਾ । ਜਦੋਕਿ ਮੈਂ ਆਪਣੇ ਕਿਰਪਾਨ ਪਹਿਨਣ ਦੇ ਵਿਧਾਨਿਕ ਹੱਕ ਦੀ ਤਾਂ ਜੋਰਦਾਰ ਵਕਾਲਤ ਕੀਤੀ ਹੈ, ਪਰ ਮੈਂ ਇਹ ਕਿਤੇ ਨਹੀ ਕਿਹਾ ਕਿ ਮੈਂ ਸਹੁੰ ਨਹੀ ਚੁੱਕਾਂਗਾ । ਇਨ੍ਹਾਂ ਦੋਵਾਂ ਮੁੱਦਿਆ ਨੂੰ ਬੀਜੇਪੀ-ਆਰ.ਐਸ.ਐਸ, ਉਨ੍ਹਾਂ ਦੀ ਬੀ-ਟੀਮ ਬਣਕੇ ਪੰਜਾਬ ਵਿਚ ਵਿਚਰ ਰਹੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਵੱਲੋਂ ਇਕ ਵਿਸ਼ੇਸ਼ ਆਪਣੀ ਪਾਰਟੀ ਦੇ ਹੁਕਮਾਂ ਉਤੇ ਪ੍ਰੈਸ ਕਾਨਫਰੰਸਾਂ ਕਰਕੇ ਅਤੇ ਬਿਜਲਈ ਮੀਡੀਏ ਵਿਚ ਜਾ ਕੇ ਜੋਰਦਾਰ ਢੰਗ ਨਾਲ ਇਸ ਲਈ ਉਛਾਲਿਆ ਗਿਆ ਹੈ ਕਿਉਂਕਿ ਪੰਜਾਬ ਵਿਚ ਗੈਰ ਪੰਜਾਬੀ, ਗੈਰ-ਤੁਜਰਬੇਕਾਰ, ਪੰਜਾਬ ਦੇ ਨਿਵਾਸੀਆ ਦੀ ਨਬਜ ਨੂੰ ਪਹਿਚਾਨਣ ਤੋ ਕੋਹਾ ਦੂਰ ਰਹਿਣ ਵਾਲੇ ਦਿੱਲੀ ਦੇ ਏਜੰਟ ਸ੍ਰੀ ਰਾਘਵ ਚੱਢਾ ਨੂੰ ਜੋ ਗੈਰ ਵਿਧਾਨਿਕ ਢੰਗ ਰਾਹੀ ਬਤੌਰ ਪੰਜਾਬ ਯੋਜਨਾ ਬੋਰਡ ਦਾ ਚੇਅਰਮੈਨ ਐਲਾਨਣ ਉਤੇ ਸਮੁੱਚੇ ਪੰਜਾਬ ਵਿਚ ਤੂਫਾਨ ਉੱਠਿਆ ਹੋਇਆ ਹੈ, ਉਸ ਰੋਹ ਦੀ ਦਿਸ਼ਾ ਬਦਲਣ ਲਈ ਉਚੇਚੇ ਤੌਰ ਤੇ ਮੇਰੇ ਧਾਰਮਿਕ ਚਿੰਨ੍ਹ ਕਿਰਪਾਨ ਅਤੇ ਬੀਤ ਚੁੱਕੇ ਸਮੇ ਭਗਤ ਸਿੰਘ ਦੇ ਕੇਸ ਨੂੰ ਉਛਾਲਿਆ ਜਾ ਰਿਹਾ ਹੈ । ਇਸ ਮਕਸਦ ਵਿਚ ਇਹ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਵਿਰੋਧੀ ਲੋਕ ਕਤਈ ਕਾਮਯਾਬ ਨਹੀ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਮੁੱਚੀ ਮੁਤੱਸਵੀ ਹਿੰਦੂ ਪ੍ਰੈਸ ਅਤੇ ਮੀਡੀਏ ਵੱਲੋ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਕਿਰਪਾਨ ਅਤੇ ਬੀਤੇ ਸਮੇ ਦੇ ਭਗਤ ਸਿੰਘ ਸੰਬੰਧੀ ਪਟਿਆਲਾ ਅਦਾਲਤ ਦੇ ਹੋਏ ਫੈਸਲੇ ਨੂੰ ਉਛਾਲਣ ਦੇ ਮੰਦਭਾਵਨਾ ਭਰੇ ਮਕਸਦ ਤੋ ਪੰਜਾਬੀਆਂ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਦੇ ਨਿਵਾਸੀਆ ਨੂੰ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੌਮਾਂ, ਧਰਮਾਂ ਦੀ ਆਜ਼ਾਦੀ ਲਈ ਅਤੇ ਹਕੂਮਤੀ ਜ਼ਬਰ ਵਿਰੁੱਧ ਜਹਾਦ ਕਰਨ ਵਾਲੇ ਪਰਵਾਨੇ ਕਦੀ ਵੀ ਬੇਗੁਨਾਹ ਤੇ ਨਿਰਦੋਸ਼ਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਨਹੀ ਬਣਾਉਦੇ । ਜੋ ਆਮ ਆਦਮੀ ਪਾਰਟੀ, ਕਾਮਰੇਡ ਅਤੇ ਹੋਰ ਕਈ ਧਿਰਾਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਭਗਤ ਸਿੰਘ ਨੂੰ ਸ਼ਹੀਦ ਗਰਦਾਨਦੇ ਹਨ, ਉਨ੍ਹਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਭਗਤ ਸਿੰਘ ਨੇ ਇਕ ਅੰਮ੍ਰਿਤਧਾਰੀ ਨਿਰਦੋਸ਼ ਹੌਲਦਾਰ ਸ. ਚੰਨਣ ਸਿੰਘ ਅਤੇ ਇਕ ਅੰਗਰੇਜ਼ ਨੌਜ਼ਵਾਨ ਪੁਲਿਸ ਅਫਸਰ ਮਿਸਟਰ ਜੋਹਨ ਸਾਂਡਰਸ ਨੂੰ ਗੋਲੀ ਮਾਰਕੇ ਖਤਮ ਕਰ ਦਿੱਤਾ ਸੀ । ਫਿਰ ਜਿਸ ਅਸੈਬਲੀ ਵਿਚ ਲੋਕਾਂ ਦੇ ਨੁਮਾਇੰਦੇ ਬੈਠਕੇ ਵਿਚਾਰਾਂ ਕਰਦੇ ਹਨ, ਉਥੇ ਬੰਬ ਸੁੱਟ ਦਿੱਤਾ ਸੀ, ਜੋ ਕਿ ਚੱਲਿਆ ਨਹੀ । ਨਹੀ ਤਾਂ ਉਥੇ ਸਮੂਲੀਅਤ ਕਰ ਰਹੇ ਵੱਡੀ ਗਿਣਤੀ ਵਿਚ ਲੋਕਾਂ ਦੇ ਨੁਮਾਇੰਦਿਆ ਦਾ ਖਾਤਮਾ ਹੋ ਜਾਣਾ ਸੀ । ਇਸ ਅਸੈਬਲੀ ਵਿਚ ਮਸਹੂਰ ਲੇਖਕ ਸ. ਖੁਸਵੰਤ ਸਿੰਘ ਦੇ ਪਿਤਾ ਜੀ ਵੀ ਹਾਜਰ ਸਨ । ਫਿਰ ਇਹ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਮਿਸ਼ਨਰੀ ਨਹੀ ਕਿਹਾ ਜਾ ਸਕਦਾ, ਬਲਕਿ ਇਹ ਤਾਂ ਟੈਰੋਰਿਜਮ ਹੈ । ਜਿਸਦੀ ਅਸੀ ਹਮੇਸ਼ਾਂ ਵਿਰੋਧਤਾ ਕੀਤੀ ਹੈ । ਜੋ ਲੋਕ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਅਕਸਰ ਹੀ ‘ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ, ਗਰਮਦਲੀਏ’ ਆਦਿ ਬਦਨਾਮਨੁੰਮਾ ਨਾਮ ਦਿੰਦੇ ਆ ਰਹੇ ਹਨ, ਉਹ ਲੋਕ ਭਗਤ ਸਿੰਘ ਦਾ ਸੱਚ ਸਾਹਮਣੇ ਆਉਣ ਤੇ ਤੜਫ ਕਿਉਂ ਰਹੇ ਹਨ ? ਅਸੀ ਕਦੀ ਵੀ ਦੁਨਿਆਵੀ ਰੁਤਬਿਆ, ਜਿੱਤਾਂ ਜਾਂ ਹਾਰਾਂ, ਮਾਣ-ਸਨਮਾਨ ਦੀ ਪ੍ਰਵਾਹ ਕੀਤੇ ਬਗੈਰ ਸੱਚ ਬੋਲਿਆ ਹੈ ਅਤੇ ਸੱਚ ਤੇ ਪਹਿਰਾ ਦਿੱਤਾ ਹੈ । ਲੇਕਿਨ ਪੰਜਾਬ ਸੂਬੇ, ਪੰਜਾਬੀ, ਪੰਜਾਬੀਅਤ ਵਿਰੋਧੀ ਲੋਕ ਅਤੇ ਹਿੰਦੂਤਵ ਪ੍ਰੈਸ ਸਾਡੇ ਸੱਚ ਨੂੰ ਝੂਠਾਂ ਸਾਬਤ ਕਰਨ ਲਈ ਨਿਰੰਤਰ ਟਿੱਲ ਦਾ ਜੋਰ ਲਗਾਉਦੇ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਸਾਨੂੰ ਸੱਚ ਉਤੇ ਪਹਿਰਾ ਦੇਣ ਤੋ ਇਹ ਨਹੀ ਰੋਕ ਸਕਣਗੇ ।
ਉਨ੍ਹਾਂ ਕਿਹਾ ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਮੈਂ ਭਗਤ ਸਿੰਘ ਦੇ ਉਪਰੋਕਤ ਕੇਸ ਸੰਬੰਧੀ ਪਟਿਆਲੇ ਗ੍ਰਿਫ਼ਤਾਰ ਸੀ, ਤਾਂ ਉਸ ਸਮੇਂ ਭਗਤ ਸਿੰਘ ਦੇ ਰਿਸਤੇਦਾਰ ਕੈਨੇਡਾ ਤੋ ਮੇਰੇ ਖਿਲਾਫ਼ ਗਵਾਹੀ ਦੇਣ ਲਈ ਅਦਾਲਤ ਵਿਚ ਆਏ, ਪਰ ਅਦਾਲਤ ਤੇ ਕਾਨੂੰਨ ਵੱਲੋਂ ਅਖਿਰ ਇਸ ਕੇਸ ਨੂੰ ਖਾਰਜ ਕਰਕੇ ਮੈਨੂੰ ਬਾਇੱਜ਼ਤ ਰਿਹਾਅ ਕਰਨਾ ਪਿਆ । ਜਦੋਕਿ ਅਦਾਲਤਾਂ ਤੇ ਕਾਨੂੰਨ ਅਕਸਰ ਹੀ ਸਿੱਖ ਕੌਮ ਨਾਲ ਬੇਇਨਸਾਫ਼ੀ ਕਰਦੀਆ ਆ ਰਹੀਆ ਹਨ । ਪਰ ਇਸਦੇ ਬਾਵਜੂਦ ਵੀ ਅਦਾਲਤ ਨੂੰ ਮੇਰੇ ਵੱਲੋ ਬੋਲੇ ਸੱਚ ਨੂੰ ਪ੍ਰਵਾਨ ਕਰਕੇ ਮੈਨੂੰ ਰਿਹਾਅ ਕਰਨਾ ਪਿਆ । ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜੋ ਮੈਂ ਭਗਤ ਸਿੰਘ ਬਾਰੇ ਤੱਥਾਂ ਸਹਿਤ ਕਿਹਾ ਸੀ, ਉਸਨੂੰ ਕਾਨੂੰਨ ਤੇ ਅਦਾਲਤ ਨੇ ਵੀ ਪ੍ਰਵਾਨ ਕੀਤਾ । ਫਿਰ ਕੁਝ ਸਿਆਸੀ ਸਵਾਰਥਾਂ ਅਧੀਨ ਆਮ ਆਦਮੀ ਪਾਰਟੀ, ਕਾਮਰੇਡ ਜਾਂ ਕੁਝ ਮੁਤੱਸਵੀ ਸੰਗਠਨ ਮੇਰੇ ਵਿਰੁੱਧ ਕਿਸ ਦਲੀਲ ਅਧੀਨ ਗੁੰਮਰਾਹਕੁੰਨ ਪ੍ਰਚਾਰ ਕਰ ਸਕਦੇ ਹਨ ? ਅਸੀ ਸੱਚ ਬੋਲਣ ਤੋ ਨਾ ਤਾਂ ਕਦੇ ਝਿਜਕੇ ਹਾਂ ਅਤੇ ਨਾ ਹੀ ਕਦੀ ਥੁੱਕ ਕੇ ਚੱਟਿਆ ਹੈ, ਭਾਵੇਕਿ ਇਸ ਲਈ ਸਾਨੂੰ ਕਿੰਨੇ ਵੀ ਵੱਡੇ ਤੋ ਵੱਡੇ ਤੂਫਾਨਾਂ ਝੱਖੜਾਂ ਦਾ ਸਾਹਮਣਾ ਕਰਨਾ ਪਵੇ ।
ਉਨ੍ਹਾਂ ਕਿਹਾ ਕਿ ਇਸ ਗੱਲ ਤੋ ਕੋਈ ਕਿਵੇ ਇਨਕਾਰ ਕਰ ਸਕਦਾ ਹੈ ਕਿ ਭਗਤ ਸਿੰਘ ਕੱਟੜਵਾਦੀ ਆਰੀਆ ਸਮਾਜੀ ਸੀ ਅਤੇ ਇਨ੍ਹਾਂ ਹਿੰਦੂਤਵ ਲੋਕਾਂ ਦੀ ਬੋਲੀ ਬੋਲਦਾ ਰਿਹਾ ਹੈ । ਇਹੀ ਵਜਹ ਸੀ ਕਿ ਉਹ ਸਿੱਖ ਹੋਣ ਦੇ ਨਾਤੇ ਵੀ ਇਥੇ ‘ਦੇਵਨਗਰੀ ਲਿਪੀ’ ਲਾਗੂ ਕਰਨ ਲਈ ਹੁਕਮਰਾਨਾਂ ਨਾਲ ਜੋਰਦਾਰ ਪੈਰਵੀ ਕਰਦਾ ਰਿਹਾ । ਜੇਕਰ ਉਸਨੇ ਕੋਈ ਸ਼ਹਾਦਤ ਦਿੱਤੀ ਹੈ ਉਹ ਇਨ੍ਹਾਂ ਆਰੀਆ ਸਮਾਜੀਆ ਅਤੇ ਹਿੰਦੂਤਵ ਸੋਚ ਦੀ ਪੂਰਤੀ ਲਈ ਦਿੱਤੀ ਹੈ । ਉਹ ਇਨ੍ਹਾਂ ਦਾ ਸ਼ਹੀਦ ਹੋ ਸਕਦਾ ਹੈ ਸਾਡੀ ਸਿੱਖ ਕੌਮ ਦਾ ਸ਼ਹੀਦ, ਨਾਇਕ ਕਦਾਚਿੱਤ ਨਹੀ । ਬਿਨ੍ਹਾਂ ਵਜਹ ਰੌਲਾ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਅਤੇ ਰਾਘਵ ਚੱਢੇ ਦੀ ਗੁਲਾਮੀ ਪ੍ਰਵਾਨ ਕਰ ਚੁੱਕੇ ਵਜ਼ੀਰ ਜਾਂ ਅਹੁਦੇਦਾਰ, ਕਾਮਰੇਡ, ਫਿਰਕੂ ਲੋਕ ਅਤੇ ਕਾਂਗਰਸੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਂ, ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਹੋਰਨਾਂ ਜਿਨ੍ਹਾਂ ਨੂੰ ਸਿੱਖ ਕੌਮ ਆਪਣੇ ਮਹਾਨ ਸ਼ਹੀਦ ਤੇ ਨਾਇਕ ਮੰਨਦੀ ਹੈ, ਉਨ੍ਹਾਂ ਨੂੰ ਇਹ ਸਭ ਬੀਤੇ ਸਮੇਂ ਵਿਚ ਅਤੇ ਹਿੰਦੂ ਪ੍ਰੈਸ ‘ਅੱਤਵਾਦੀ’ ਗਰਦਾਨਦੀ ਰਹੀ ਹੈ । ਜਿਨ੍ਹਾਂ ਨੇ ਕਦੀ ਵੀ ਭਗਤ ਸਿੰਘ ਦੀ ਤਰ੍ਹਾਂ ਕਿਸੇ ਵੀ ਨਿਰਦੋਸ਼ ਬੇਕਸੂਰ ਦੀ ਹੱਤਿਆ ਨਹੀ ਕੀਤੀ । ਬਲਕਿ ਮਨੁੱਖਤਾ ਦੇ ਕਾਤਲਾਂ ਨੂੰ ਖੁਦ ਸੋਧਾ ਲਗਾਇਆ ਜਾਂ ਲਗਵਾਇਆ । ਕਿਉਂਕਿ ਸਿੱਖੀ ਅਤੇ ਸਿੱਖ ਦਾ ਜਨਮ ਹੀ ਜ਼ਬਰ ਜੁਲਮ, ਬੇਇਨਸਾਫ਼ੀ, ਵਿਤਕਰਿਆ ਨੂੰ ਸਹਿਣ ਨਾ ਕਰਨ ਲਈ ਅਤੇ ਹਰ ਬੁਰਾਈ ਦਾ ਖਾਤਮਾ ਕਰਨ ਲਈ ਹੋਇਆ ਹੈ । ਕਿਸੇ ਮਨੁੱਖਤਾ ਪੱਖੀ ਵੱਡੇ ਮਕਸਦ ਲਈ ਜੂਝਣ ਅਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਨੂੰ ‘ਸ਼ਹੀਦ’ ਦਾ ਦਰਜਾ ਮਿਲਦਾ ਹੈ ਨਾ ਕਿ ਗੈਰ-ਇਨਸਾਨੀਅਤ ਢੰਗ ਨਾਲ ਭਗਤ ਸਿੰਘ, ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ, ਕੇ.ਪੀ.ਐਸ. ਗਿੱਲ ਦੀ ਤਰ੍ਹਾਂ ਹਿਟਲਰੀ ਸੋਚ ਅਧੀਨ ਲੋਕਾਈ ਉਤੇ ਜ਼ਬਰ ਜੁਲਮ ਕਰਨ ਵਾਲੇ ਨੂੰ । ਇਨ੍ਹਾਂ ਹਿੰਦੂਤਵ ਰਾਸਟਰ ਦੇ ਸੁਪਨੇ ਲੈਣ ਵਾਲਿਆ ਦੇ ਗਾਂਧੀ, ਭਗਤ ਸਿੰਘ ਅਤੇ ਹੋਰ ਸ਼ਹੀਦ ਹੋਣਗੇ, ਸਾਡੇ ਕੌਮੀ ਸ਼ਹੀਦ ਨਹੀਂ । ਸਾਡੇ ਸ਼ਹੀਦਾਂ ਦੀ ਲਾਇਨ ਬਹੁਤ ਲੰਮੀ ਹੈ ਅਤੇ ਉਹ ਸ਼ਹੀਦ ਹੋਣ ਦੇ ਬੀਤੇ ਇਤਿਹਾਸ ਅਤੇ ਅਜੋਕੇ ਸਮੇਂ ਦੇ ਇਤਿਹਾਸ ਦੀ ਕਸੌਟੀ ਉਤੇ ਪੂਰੇ ਉਤਰਦੇ ਹਨ । ਲੇਕਿਨ ਮਨੁੱਖਤਾ ਦਾ ਕਤਲੇਆਮ ਕਰਨ ਵਾਲੇ, 1984 ਵਿਚ ਨਸਲਕੁਸੀ ਕਰਨ ਵਾਲੇ, ਬਾਬਰੀ ਮਸਜਿਦ, ਸ੍ਰੀ ਦਰਬਾਰ ਸਾਹਿਬ, ਇਸਾਈ ਚਰਚਾਂ ਨੂੰ ਢਹਿ-ਢੇਰੀ ਕਰਨ ਵਾਲੇ ਇਨ੍ਹਾਂ ਦੇ ਸ਼ਹੀਦ ਤੇ ਨਾਇਕ ਹਨ ਜਿਨ੍ਹਾਂ ਨੂੰ ਇਤਿਹਾਸਕਾਰ ਤੇ ਇਤਿਹਾਸ ਨੇ ਪ੍ਰਵਾਨ ਨਹੀ ਕੀਤਾ । ਸਾਡੇ ਕੌਮੀ ਸ਼ਹੀਦ ਹਰ ਧਰਮ, ਕੌਮ ਅਤੇ ਇਤਿਹਾਸ ਵਿਚ ਸ਼ਹੀਦ ਦਾ ਦਰਜਾ ਰੱਖਦੇ ਹਨ ਜਿਨ੍ਹਾਂ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਝੁਠਲਾਅ ਨਹੀ ਸਕਦੀ ।