ਭਾਰਤੀ ਜਨਤਾ ਪਾਰਟੀ ਨੇ ਐਨ ਡੀ ਏ ਦਾ ਸਾਂਝਾ ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਾਕੇ ਮਾਸਟਰ ਸਟਰੋਕ ਮਾਰਿਆ ਹੈ। ਯੂ ਪੀ ਏ ਨੇ ਵੀ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਕੇ ਆਪਣੇ ਜਾਣੀ ਕੱਦੂ ਵਿੱਚ ਤੀਰ ਮਾਰਿਆ ਹੈ। ਇਕ ਕਿਸਮ ਨਾਲ ਭਾਜਪਾ ਦਾ ਭਾਜਪਾ ਨਾਲ ਮੁਕਾਬਲਾ ਹੈ ਕਿਉਂਕਿ ਯਸ਼ਵੰਤ ਸਿਨਹਾ ਵੀ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾ ਤੇ ਮੰਤਰੀ ਸਨ। ਇਸ ਸਮੇਂ ਉਹ ਤਿ੍ਰਮਨੂਲ ਕਾਂਗਰਸ ਵਿੱਚ ਹਨ। ਯਸ਼ਵੰਤ ਸਿਨਹਾ ਨੂੰ ਜਿਤਾਉਣ ਲਈ ਮਮਤਾ ਬੈਨਰਜ਼ੀ ਅੱਡੀ ਤੋਂ ਚੋਟੀ ਦਾ ਜ਼ੋਰ ਲਾਉਣਗੇ। ਉਹ ਬੀ ਜੇ ਪੀ ਦੇ ਨੇਤਾਵਾਂ ਨੂੰ ਪਹਿਲਾਂ ਵੀ ਤਿ੍ਰਮਨੂਲ ਕਾਂਗਰਸ ਵਿੱਚ ਸ਼ਾਮਲ ਕਰ ਚੁੱਕੇ ਹਨ। ਹੋ ਸਕਦਾ ਬੀ ਜੇ ਪੀ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ। ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ 18 ਜੁਲਾੲਂੀ 2022 ਨੂੰ ਹੋਣ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋ ਰਹੀ ਹੈ। ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਵੇਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਨਵਾਂ ਪੈਂਤੜਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਿਤਨਾ ਕਾਰਗਰ ਸਾਬਤ ਹੋਵੇਗਾ। ਕਿਉਂਕਿ ਉਹ ਹਰ ਹਾਲਤ ਵਿੱਚ 2024 ਦੀਆਂ ਚੋਣਾ ਜਿੱਤਣਾ ਚਾਹੁੰਦੇ ਹਨ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਰਾਸ਼ਟਰਪਤੀ ਦੀ ਉਮੀਦਵਾਰ ਵੀ ਉਹ ਪਹਿਲੀ ਇਸਤਰੀ ਹੈ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ‘‘ਨੀਲਕੰਠ ਪੁਰਸਕਾਰ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ। ਜੇ ਉਹ ਚੁਣੀ ਗਈ ਤਾਂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਅਤੇ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ।
ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਹੰਦੇਸ਼ਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਭਾਰੀ ਬਹੁਮਤ ਨਾਲ ਜਿੱਤ ਨਹੀਂ ਸਕਣਗੇ, ਇਸ ਲਈ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ, ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਣਾ ਚਾਹੁੰਦੀ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਭਾਵੇਂ ਭਾਰਤੀ ਜਨਤਾ ਪਾਰਟੀ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਪ੍ਰੰਤੂ ਵਿਰੋਧੀ ਪਾਰਟੀਆਂ ਦਾ ਇਕ ਮੰਚ ‘ਤੇ ਲਾਮਬੰਦ ਹੋਣਾ ਤੇ ਪੁਰਾਣੈ ਭਾਰਤੀ ਜਨਤਾ ਪਾਰਟੀ ਦੇ ਨੇਤਾ ਯਸ਼ਵੰਤ ਸਿਨਹਾ ਨੂੰ ਉਮੀਦਵਾਰ ਬਣਾਉਣਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਵਿਰੋਧੀ ਪਾਰਟੀਆਂ ਨੇ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੂੰ ਉਮੀਦਵਾਰ ਇਸ ਆਸ ਨਾਲ ਬਣਾਇਆ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਵੋਟਾਂ ਪੈ ਸਕਦੀਆਂ ਹਨ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਪ੍ਰੰਤੂ ਇਸ ਕਰਕੇ ਸਰਕਾਰ ਡਰ ਵੀ ਰਹੀ ਹੈ ਕਿ ਜਿਹੜੇ ਪਾਰਟੀ ਬਦਲ ਕੇ ਉਨ੍ਹਾਂ ਨਾਲ ਆ ਸਕਦੇ ਹਨ, ਉਹ ਰਾਸ਼ਟਰਪਤੀ ਦੀ ਚੋਣ ਵਿੱਚ ਕਰਾਸ ਵੋਟਿੰਗ ਵੀ ਕਰ ਸਕਦੇ ਹਨ। ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ। ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਮੰਥਨ ਕਰਨ ਤੋਂ ਬਾਅਦ ਬਣਾਇਆ ਹੈ। ਕਿਉਂਕਿ ਉ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।