ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਪਿਛਲੇ ਕੁਝ ਦਿਨਾਂ ਤੋਂ ਯੂਕੇ ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ। ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਤਾਪਮਾਨ 40° ਨੂੰ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਂਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ। ਲੰਡਨ ਫਾਇਰ ਬ੍ਰਿਗੇਡ ਲਈ ਕੱਲ੍ਹ ਦਾ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਦਿਨ ਰਿਹਾ। ਇੱਕ ਦਿਨ ਵਿੱਚ ਲੰਡਨ ਫਾਇਰ ਬ੍ਰਿਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ। ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ। ਅੱਗ ਬੁਝਾਊ ਅਮਲੇ ਦੇ 16 ਕਾਮੇ ਜਖਮੀ ਵੀ ਹੋਏ, ਜਿਹਨਾਂ ‘ਚੋਂ 2 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਅਗਜਨੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨੀਆਂ ਗਈਆਂ ਹਨ।
ਯੂਕੇ: ਲੰਡਨ ਫਾਇਰ ਬ੍ਰਿਗੇਡ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੱਲ੍ਹ ਦਾ ਦਿਨ ਸੀ ਸਭ ਤੋਂ ਬੁਰਾ ਦਿਨ
This entry was posted in ਅੰਤਰਰਾਸ਼ਟਰੀ.