ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆਂ ਨਾਲੋਂ ਸਸਤੀਆਂ ਹਨ ਅਤੇ ਅਮਰੀਕਾ ਵਿਚ ਸਭ ਤੋਂ ਮਹਿੰਗੀਆਂ। ਭਾਰਤ ਵਿਚ ਇਸ ਲਈ ਸਸਤੀਆਂ ਹਨ ਕਿਉਂਕਿ ਅਖ਼ਬਾਰਾਂ ਆਪਣੇ ਖਰਚੇ ਇਸ਼ਤਿਹਾਰਬਾਜ਼ੀ ਤੋਂ ਕੱਢਦੀਆਂ ਹਨ ਅਤੇ ਪਾਠਕਾਂ ਨੂੰ ਘੱਟ ਤੋਂ ਘੱਟ ਕੀਮਤ ʼਤੇ ਅਖ਼ਬਾਰ ਮੁਹੱਈਆ ਕਰਵਾਈ ਜਾਂਦੀ ਹੈ। ਅਮਰੀਕਾ ਅਤੇ ਹੋਰ ਵਿਕਸਤ ਮੁਲਕਾਂ ਵਿਚ ਇੰਟਰਨੈਟ ਨੇ ਇਸ਼ਤਿਹਾਰਬਾਜ਼ੀ ਨੂੰ ਪ੍ਰਿੰਟ ਮੀਡੀਆ ਤੋਂ ਖੋਹ ਲਿਆ ਹੈ। ਇਸ਼ਤਿਹਾਰਾਂ ਤੋਂ ਆਮਦਨ ਘਟਣ ਕਾਰਨ ਅਖ਼ਬਾਰਾਂ ਅਤੇ ਮੈਗ਼ਜ਼ੀਨਾਂ ਦੀ ਕੀਮਤ ਵਧਾ ਦਿੱਤੀ ਗਈ ਹੈ।
ਸਾਰੇ ਖਰਚੇ ਸ਼ਾਮਲ ਕਰਕੇ ਅਖ਼ਬਾਰ ਦੀ ਤਿਆਰੀ ਕਾਫ਼ੀ ਮਹਿੰਗੀ ਪੈਂਦੀ ਹੈ। ਇਹ ਖਰਚਾ ਪੰਨਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੱਧਦਾ ਘੱਟਦਾ ਹੈ। ਕਾਗਜ਼ ਅਤੇ ਹੋਰ ਸਮੱਗਰੀ ਦੀ ਗੁਣਵਤਾ ʼਤੇ ਵੀ ਨਿਰਭਰ ਕਰਦਾ ਹੈ। ਭਾਰਤ ਵਿਚ ਵਧੇਰੇ ਕਰਕੇ ਅਖ਼ਬਾਰਾਂ ਦੀ ਕੀਮਤ 4 ਤੋਂ 8 ਰੁਪਏ ਦਰਮਿਆਨ ਹੈ। ਭਾਵੇਂ ਸਾਰੇ ਖਰਚੇ ਪਾ ਕੇ ਲਾਗਤ ਇਸਤੋਂ ਕਿਤੇ ਵੱਧ ਹੈ। ਇਹ ਕੀਮਤ ਵਿਦੇਸ਼ਾਂ ਦੇ ਮੁਕਾਬਲੇ ਬੜੀ ਘੱਟ ਹੈ।
ਉਦਾਹਰਨ ਵਜੋਂ ਇੰਗਲੈਂਡ ਵਿਚ ਵੱਖ-ਵੱਖ ਅਖ਼ਬਾਰਾਂ ਦੀ ਕੀਮਤ 35 ਪੈਨੀ ਤੋਂ 2 ਪੌਂਡ ਤੱਕ ਹੈ। ਜਦ ਉਨ੍ਹਾਂ ਦੀ ਕਰੰਸੀ ਨੂੰ ਭਾਰਤੀ ਕਰੰਸੀ ਵਿਚ ਬਦਲਦੇ ਹਾਂ ਤਾਂ ਇਹ ਕੀਮਤ 35 ਰੁਪਏ ਤੋਂ 200 ਰੁਪਏ ਬਣਦੀ ਹੈ। ਸੰਡੇ ਟਾਈਮਜ਼ 2 ਪੌਂਡ ਦੀ ਹੈ, ਜਾਨੀ 200 ਰੁਪਏ ਦੀ। ਡੇਲੀ ਟੇਲੀਗ੍ਰਾਫ਼ 1.40 ਪੌਂਡ ਦੀ, ਅਰਥਾਤ 140 ਰੁਪਏ ਦੀ।
ਕੈਨੇਡਾ ਵਿਚ ਵੀਕਐਂਡ ਅਡੀਸ਼ਨ 150 ਤੋਂ 200 ਰੁਪਏ ਵਿਚ ਮਿਲਦਾ ਹੈ। ਇਹ ਇਕ ਅੰਕ ਦੀ ਕੀਮਤ ਹੈ। ਜਦ ਮਹੀਨੇ ਦਾ ਇਕੱਠਾ ਬਿੱਲ ਦੇਣਾ ਹੋਵੇ ਤਾਂ ਕੀਮਤ ਥੋੜ੍ਹੀ ਘੱਟ ਜਾਂਦੀ ਹੈ। ਟੋਰਾਂਟੋ ਸਟਾਰ, ਨੈਸ਼ਨਲ ਪੋਸਟ, ਟੋਰਾਂਟੋ ਸਨ, ਵੈਨਕੂਵਰ ਸਨ ਕੈਨੇਡਾ ਦੀਆਂ ਵੱਡੀਆਂ ਤੇ ਮਹਿੰਗੀਆਂ ਅਖ਼ਬਾਰਾਂ ਹਨ।
ਆਸਟਰੇਲੀਆ ਵਿਚ ਅਖ਼ਬਾਰਾਂ ਦੀ ਕੀਮਤ 2.50 ਤੋਂ 2.70 ਡਾਲਰ ਹੈ, ਜਿਹੜੀ ਵੀਕਐਂਡ ʼਤੇ ਵਧ ਕੇ 3.30 ਤੋਂ 3.50 ਡਾਲਰ ਤੱਕ ਹੋ ਜਾਂਦੀ ਹੈ। ਭਾਰਤੀ ਕਰੰਸੀ ਵਿਚ ਇਹ ਕੀਮਤ 135 ਤੋਂ 190 ਰੁਪਏ ਬਣਦੀ ਹੈ।
ਜਪਾਨ ਵਿਚ ਅਖ਼ਬਾਰ ਦੀ ਇਕ ਕਾਪੀ 1.99 ਅਮਰੀਕੀ ਡਾਲਰ ਦੀ ਮਿਲਦੀ ਹੈ। ਭਾਰਤੀ ਰੁਪਏ ਅਨੁਸਾਰ ਇਹ ਕੀਮਤ 160 ਰੁਪਏ ਦੇ ਕਰੀਬ ਬਣਦੀ ਹੈ।
ਇਹੀ ਸਥਿਤੀ ਦੁਨੀਆਂ ਦੇ ਹੋਰਨਾਂ ਮੁਲਕਾਂ ਦੀ ਹੈ। ਭਾਰਤ ਵਿਚ ਘੱਟ ਕੀਮਤ ਦੇ ਤਿੰਨ ਮੁੱਖ ਕਾਰਨ ਹਨ- ਜਨਸੰਖਿਆ, ਇਸ਼ਤਿਹਾਰਬਾਜ਼ੀ, ਸਸਤੀ ਲੇਬਰ ਅਤੇ ਸਰਕੂਲੇਸ਼ਨ। ਹਰੇਕ ਦੇਸ਼ ਦੀ ਸਥਿਤੀ ਜੁਦਾ-ਜੁਦਾ ਹੈ। ਵੱਖ-ਵੱਖ ਮੁਲਕਾਂ ਦੀਆਂ ਅਖ਼ਬਾਰਾਂ ਦਾ ਅਕਾਰ ਅਤੇ ਪੰਨਿਆਂ ਦੀ ਗਿਣਤੀ ਵੱਖ-ਵੱਖ ਹੈ। ਭਾਰਤ ਵਿਚ ਵਧੇਰੇ ਅਖ਼ਬਾਰਾਂ 10 ਤੋਂ 16 ਪੰਨਿਆਂ ਦੀਆਂ ਹੁੰਦੀਆਂ ਹਨ ਪਰੰਤੂ ਬਹੁਤ ਸਾਰੇ ਮੁਲਕ ਅਜਿਹੇ ਹਨ ਜਿੱਥੇ ਪੰਨਿਆਂ ਦੀ ਗਿਣਤੀ 40 ਤੋਂ 60 ਤੱਕ ਜਾ ਪੁੱਜਦੀ ਹੈ। ਜੇਕਰ ਪੰਨਿਆਂ ਦੀ ਗਿਣਤੀ ਐਨੀ ਜ਼ਿਆਦਾ ਹੈ ਤਾਂ ਸੁਭਾਵਕ ਹੈ ਕੀਮਤ ਵੀ ਕਾਫ਼ੀ ਵੱਧ ਹੋਵੇਗੀ। ਕੀਮਤ ਪੱਖੋਂ ਹੀ ਨਹੀਂ ਦੂਸਰੇ ਮੁਲਕਾਂ ਦੀਆਂ ਅਖ਼ਬਾਰਾਂ ਕਈ ਪੱਖਾਂ ਤੋਂ ਵੱਖਰੀਆਂ ਹਨ। ਕਈ ਮੁਲਕਾਂ ਵਿਚ ਅਖ਼ਬਾਰਾਂ ਦੇ ਮੁੱਖ ਪੰਨੇ ʼਤੇ ਨਾਂਹਪੱਖੀ ਖ਼ਬਰਾਂ ਪ੍ਰਕਾਸ਼ਿਤ ਕਰਨ ਦੀ ਮਨਾਹੀ ਹੈ। ਉਥੇ ਮੁੱਖ ਪੰਨੇ ʼਤੇ ਕੇਵਲ ਚੰਗੀਆਂ ਖ਼ਬਰਾਂ ਹੀ ਦਿੱਤੀਆਂ ਜਾ ਸਕਦੀਆਂ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂ ਜੋ ਮੁੱਖ ਸੁਰਖੀਆਂ ਦਾ ਅਸਰ ਸਾਰਾ ਦਿਨ ਦਿਮਾਗ਼ ʼਤੇ ਰਹਿੰਦਾ ਹੈ।
ਬਹੁਤੇ ਮੁਲਕਾਂ ਵਿਚ ਬਹੁਤੀਆਂ ਅਖ਼ਬਾਰਾਂ ਮੁਫ਼ਤ ਵੇਚੀਆਂ ਜਾਂਦੀਆਂ ਹਨ। ਅਖ਼ਬਾਰਾਂ ਦੀਆਂ ਢੇਰੀਆਂ ਸਟੇਸ਼ਨਾਂ, ਸਟੋਰਾਂ, ਬੱਸ ਅੱਡਿਆਂ, ਬਜ਼ਾਰਾਂ ਵਿਚ ਰੱਖ ਦਿੱਤੀਆਂ ਜਾਂਦੀਆਂ ਹਨ। ਲੋਕ ਆਉਂਦੇ ਜਾਂਦੇ ਚੁੱਕ ਲੈਂਦੇ ਹਨ। ਅਜਿਹਾ ਵਧੇਰੇ ਕਰਕੇ ਯੂਰਪੀਨ ਦੇਸ਼ਾਂ ਵਿਚ ਹੁੰਦਾ ਹੈ। ਇਹ ਅਖ਼ਬਾਰਾਂ ਛੋਟੇ ਅਕਾਰ ਦੀਆਂ 60-70 ਪੰਨਿਆਂ ਦੀਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਲਗਭਗ ਅੱਧੇ ਪੰਨੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਹਨ। ਖਰਚੇ ਅਤੇ ਆਮਦਨ ਦਾ ਸਰੋਤ ਇਹੀ ਇਸ਼ਤਿਹਾਰ ਬਣਦੇ ਹਨ। ਵਿਦੇਸ਼ਾਂ ਵਿਚ ਵਧੇਰੇ ਪੰਜਾਬੀ ਅਖ਼ਬਾਰਾਂ ਵੀ ਇਸੇ ਤਰਜ਼ ʼਤੇ ਛਪਦੀਆਂ ਅਤੇ ਪਾਠਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।
ਭਾਰਤ ਵਿਚ ਰੋਜ਼ਾਨਾ ਸੈਂਕੜੇ ਭਾਸ਼ਾਵਾਂ ਵਿਚ ਅਖ਼ਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਦੁਨੀਆਂ ਦੇ ਕਿਸੇ ਵੀ ਹੋਰ ਮੁਲਕ ਵਿਚ ਅਜਿਹਾ ਨਹੀਂ ਹੁੰਦਾ। ਬਹੁਤੇ ਮੁਲਕਾਂ ਵਿਚ ਕੁਝ ਕੁ ਅਖ਼ਬਾਰਾਂ ਹੀ ਛਪਦੀਆਂ ਹਨ। ਉਨ੍ਹਾਂ ਵਿਚ ਕੁਝ ਵੱਡੀਆਂ ਅਤੇ ਕੁਝ ਛੋਟੀਆਂ ਹੁੰਦੀਆਂ ਹਨ। ਬਹੁਤੇ ਮੁਲਕਾਂ ਵਿਚ ਸ਼ਾਮ ਸਮੇਂ ਵੀ ਅਖ਼ਬਾਰਾਂ ਛਪ ਕੇ ਉਪਲਬਧ ਹੁੰਦੀਆਂ ਹਨ ਅਤੇ ਉਸੇ ਤਰ੍ਹਾਂ ਵੱਖ-ਵੱਖ ਥਾਵਾਂ ʼਤੇ ਰੱਖੀਆਂ ਜਾਂਦੀਆਂ ਹਨ। ਕਈ ਅਖ਼ਬਾਰਾਂ ਨੇ ਕਈ ਥਾਵਾਂ ʼਤੇ ਬੰਦੇ ਖੜੇ ਕੀਤੇ ਹੁੰਦੇ ਹਨ ਉਹ ਲੋਕਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਅਖ਼ਬਾਰਾਂ ਪੇਸ਼ ਕਰਦੇ ਹਨ। ਜਿਹੜਾ ਲੈ ਲੈਂਦਾ ਹੈ ਉਸਦਾ ਧੰਨਵਾਦ ਵੀ ਕਰਦੇ ਹਨ। ਲੰਡਨ ਵਿਚ ਮੇਰੇ ਨਾਲ ਅਜਿਹਾ ਕਈ ਵਾਰ ਵਾਪਰਿਆ। ਨਾਲੇ ਮੁਫ਼ਤ ਵਿਚ ਅਖ਼ਬਾਰ ਮਿਲੀ ਨਾਲੇ ਅਖ਼ਬਾਰ ਲੈਣ ਬਦਲੇ ਮੇਰਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦਾ ਮਕਸਦ ਵੱਧ ਤੋਂ ਵੱਧ ਹੱਥਾਂ ਵਿਚ, ਘਰਾਂ ਵਿਚ ਅਖ਼ਬਾਰ ਪਹੁੰਚਾਉਣਾ ਹੁੰਦਾ ਹੈ। ਸਰਕੂਲੇਸ਼ਨ ਵਧੇਗੀ ਤਾਂ ਇਸ਼ਤਿਹਾਰ ਵਧਣਗੇ।
ਇਕ ਵਾਰ ਭਾਰਤ ਦੇ ਰਾਸ਼ਟਰਪਤੀ ਡਾ. ਕਲਾਮ ਕਿਸੇ ਦੇਸ਼ ਵਿਚ ਗਏ। ਉਥੇ ਕਿਸੇ ਜਗ੍ਹਾ ਵੱਡਾ ਬੰਬ ਧਮਾਕਾ ਹੋਇਆ। ਪਰ ਅਗਲੇ ਦਿਨ ਉਸ ਬੰਬ ਧਮਾਕੇ ਦੀ ਖ਼ਬਰ ਕਿਸੇ ਵੀ ਅਖ਼ਬਾਰ ਦੇ ਮੁੱਖ ਪੰਨੇ ʼਤੇ ਨਹੀਂ ਸੀ। ਪਿਛਲੇ ਪੰਨਿਆਂ ʼਤੇ ਛੋਟੀ ਜਿਹੀ ਖ਼ਬਰ ਛਪੀ ਸੀ। ਡਾ. ਕਲਾਮ ਬੜੇ ਹੈਰਾਨ ਹੋਏ, ਬੜੇ ਪ੍ਰਭਾਵਤ ਹੋਏ ਅਤੇ ਭਾਰਤੀ ਮੀਡੀਆ ਦੀ ਉਸ ਦੇਸ਼ ਦੇ ਮੀਡੀਆ ਨਾਲ ਤੁਲਨਾ ਕਰਨ ਲੱਗੇ।
ਮਸਲਾ ਕੇਵਲ ਕੀਮਤ ਦਾ ਨਹੀਂ ਹੈ। ਮਸਲਾ ਵਿਸ਼ਾ-ਸਮੱਗਰੀ, ਤਰਜੀਹਾਂ ਅਤੇ ਨਜ਼ਰੀਏ ਦਾ ਹੈ। ਕਿਹੜੀ ਚੀਜ਼ ਲੋਕਾਂ ਨੂੰ, ਦੇਸ਼ ਨੂੰ ਪਿੱਛੇ ਵੱਲ ਲਿਜਾਏਗੀ, ਨੁਕਸਾਨ ਪਹੁੰਚਾਏਗੀ ਅਤੇ ਕਿਹੜੀ ਦੇਸ਼ ਨੂੰ ਮਜ਼ਬੂਤੀ ਤੇ ਸੁਰੱਖਿਆ ਦੇਵੇਗੀ। ਅਖ਼ਬਾਰਾਂ ਦੇ ਪ੍ਰਕਾਸ਼ਨ ਨੂੰ, ਮੀਡੀਆ ਦੇ ਸੰਚਾਲਨ ਨੂੰ ਇਉਂ ਸਮੁੱਚ ਵਿਚ ਵੇਖਣ ਸਮਝਣ ਦੀ ਲੋੜ ਹੈ।