ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਬਰੇਲੀ ਦੇ ਬਾਰਾਂਦਰੀ ਥਾਣਾ ਖੇਤਰ ਦੇ ਸੇਂਟ ਫਰਾਂਸਿਸ ਸਕੂਲ, ਜੋ ਕਿ ਇਕ ਈਸਾਈ ਮਿਸ਼ਨਰੀ ਦੁਆਰਾ ਚਲਾਏ ਜਾ ਰਹੇ ਹਨ, ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ, ਕਿਰਪਾਨ ਜਾਂ ਕੜਾ ਪਹਿਨਣ ‘ਤੇ ਪਾਬੰਦੀ ਲਗਾਣ ਕਰਕੇ ਉੱਥੇ ਦੀ ਸਿੱਖ ਵਸੋਂ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ । ਇਸ ਮਾਮਲੇ ਸਕੂਲ ਮੈਨੇਜਮੈਂਟ ਨੇ ਸਿੱਖ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਕੂਲ ਵਿੱਚ ਪੜ੍ਹਨਾ ਸੰਭਵ ਨਹੀਂ ਹੋਵੇਗਾ ਅਤੇ ਜੇਕਰ ਤੁਸੀਂ ਕਿਰਪਾਨ ਆਦਿ ਪਾਉਣੀ ਹੈ ਤਾਂ ਆਪਣਾ ਨਾਮ ਕੱਟ ਕੇ ਕਿਸੇ ਹੋਰ ਸਕੂਲ ਵਿੱਚ ਜਾਣਾ ਪਵੇਗਾ ।
ਜਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਕੂਲ ਦੇ ਇੱਕ ਅਧਿਆਪਕ ਨੇ ਪ੍ਰਾਰਥਨਾ ਸਭਾ ਦੌਰਾਨ ਕਿਹਾ ਕਿ ਸਕੂਲ ਦੇ ਸਾਰੇ ਬੱਚੇ ਇੱਕੋ ਪਹਿਰਾਵੇ ਵਿੱਚ ਨਜ਼ਰ ਆਉਣ। ਜਿਹੜੇ ਲੋਕ ਦਸਤਾਰ, ਕਿਰਪਾਨ ਜਾਂ ਕੜਾ ਪਾ ਕੇ ਆਉਂਦੇ ਹਨ, ਉਨ੍ਹਾਂ ਨੂੰ ਵੀ ਕੱਲ੍ਹ ਤੋਂ ਅਜਿਹਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਅਧਿਆਪਕ ਦੇ ਸਾਹਮਣੇ ਕੋਈ ਵੀ ਵਿਦਿਆਰਥੀ ਵਿਰੋਧ ਨਹੀਂ ਕਰ ਸਕਿਆ ਪਰ ਸ਼ਾਮ ਨੂੰ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਗੱਲ ਦਾ ਪਤਾ ਲਗਦੇ ਹੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਕੈਂਪਸ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ ।
ਸਕੂਲ ਵਿੱਚ ਧਰਨਾ ਦੇਣ ਪਹੁੰਚੇ ਪਰਿਵਾਰਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਦੇਸ਼ਾਂ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਸਨ, ਹੁਣ ਸਾਡੇ ਦੇਸ਼ ਵਿੱਚ ਹੀ ਦਸਤਾਰ, ਕਿਰਪਾਨ, ਕੜਾ ਅਤੇ ਦਸਤਾਰ ਪਹਿਨਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਸੀਐਮ ਯੋਗੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਸਕੂਲ ਪ੍ਰਸ਼ਾਸਨ ਤੋਂ ਤੁਗਲਕੀ ਫ਼ਰਮਾਨ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਹੈ। ਇਸ ਦੇ ਨਾਲ ਹੀ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ’ਤੇ ਹੋਰ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਸ ਘਟਨਾ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਨੂੰ ਡੀ.ਆਈ.ਓ.ਐਸ. ਨੂੰ ਸ਼ਿਕਾਇਤ ਕਰਨਗੇ ਅਤੇ ਸਕੂਲ ਦੀਆਂ ਗਲਤ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਗੇ।