ਬੀਤੇ ਦਿਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਬੰਦੀ ਸਿੰਘਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਰਨਾਂ ਪਾਰਟੀਆਂ ਵਲੋਂ ਇਕ ਰੋਸ ਮੁਜਾਹਰਾ ਕੀਤਾ ਗਿਆ ਜਿਸ ‘ਚ ਸ਼ੌ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਵਲੋਂ ਵੀ ਆਪਣੇ ਕਾਰਕੁੰਨਾਂ ਸਮੇਤ ਸ਼ਿਰਕਤ ਕੀਤੀ ਗਈ। ਇਸ ਰੋਸ ਮੁਜਾਹਰੇ ‘ਤੇ ਸਵਾਲੀਆ ਨਿਸ਼ਾਨ ਲਗਣੇ ਲਾਜਮੀ ਹਨ ਕਿਉਂਕਿ ਇਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਲਈ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ‘ਚੋਂ 6 ਮੈਂਬਰਾਂ ਮਸਲਨ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜੱਥੇਬੰਦੀ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖੀ ਬਾਬਾ ਨਿਹਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ, ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੇ ਇਲਾਵਾ ਤਖਤ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਪਿੰਦਰ ਸਿੰਘ ਮਿਨਹਾਸ ਦੀ ਗੈਰਹਾਜਿਰੀ ਵੇਖਣ ਨੂੰ ਮਿਲੀ ਹੈ। ਸੁਖਬੀਰ ਸਿੰਘ ਬਾਦਲ ‘ਤੇ ਹਰਸਿਮਰਨ ਕੋਰ ਬਾਦਲ ਦੀ ਸਥਿਤੀ ਉਸ ਵੇਲੇ ਹਾਸੋਹੀਣੀ ਹੋ ਗਈ ਜਦੋਂ ਉਹ ਪਾਰਲੀਆਮੈਂਟ ਦੇ ਅਹਾਤੇ ‘ਚ ਹੱਥਾਂ ‘ਚ ਤਖਤੀਆਂ ਲੈਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤ ਦੇ ਹੋਮ ਮਨਿਸਟਰ ‘ਤੇ ਹੋਰ ਕੇਂਦਰੀ ਮੰਤਰੀਆਂ ਦੇ ਮੁਹਰੇ ਬੇਨਤੀ ਕਰਦੇ ਨਜਰ ਆਏ ਜਦਕਿ ਕਿਸੇ ਮੰਤਰੀ ਨੇ ਇਹਨਾਂ ਦੀ ਪੂਰੀ ਗਲ ਸੁਣਨ ‘ਚ ਕੋਈ ਤਰਜੀਹ ਨਹੀ ਦਿੱਤੀ। ਹਾਲੇ ਤਕ ਇਹ ਵੀ ਸਾਫ ਨਹੀ ਹੋਇਆ ਹੈ ਕਿ ਇਹ ਮੁਜਾਹਰਾ ਕਿਸ ਧਿਰ ਵਲੋਂ ਕੀਤਾ ਗਿਆ, ਕਿਉਂਕਿ ਜੇਕਰ ਇਹ ਮੁਜਾਹਰਾ ਸ਼੍ਰੋਮਣੀ ਅਕਾਲੀ ਦਲ ਵਲੋਂ ਆਯੋਜਿਤ ਕੀਤਾ ਗਿਆ ਸੀ ਤਾਂ ਮਿਲੀ ਜਾਣਕਾਰੀ ਮੁਤਾਬਿਕ ਸ਼ੌ੍ਰਮਣੀ ਗੁਰਦੁਆਰਾ ਕਮੇਟੀ ਨੇ ਆਪਣੇ 200 ਤੋਂ ਵੱਧ ਮੁਲਾਜਮਾਂ ਨੂੰ ਇਸ ਮੁਜਾਹਰੇ ‘ਚ ਸ਼ਾਮਿਲ ਹੋਣ ਦੇ ਲਿਖਤੀ ਹੁਕਮ ਕਿਉਂ ਦਿੱਤੇ ਸਨ ‘ਤੇ ਇਸ ‘ਚ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਲੜ੍ਹੀਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਵਜੋਂ ਕਿਉਂ ਸ਼ਾਮਿਲ ਹੋਏ ਸਨ ? ਜੇਕਰ ਇਹ ਮੁਜਾਹਰਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ 11 ਮੈਂਬਰੀ ਕਮੇਟੀ ਵਲੋਂ ਸੀ ਤਾਂ ਕਮੇਟੀ ਦੇ ਬਾਕੀ 6 ਮੈਂਬਰਾਂ ਨੂੰ ਕਿਉਂ ਨਹੀ ਸ਼ਾਮਿਲ ਕੀਤਾ ਗਿਆ ਜਦਕਿ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਇਕ ਪ੍ਰੈਸ ਕਾਂਨਫਰੈਂਸ ਰਾਹੀ ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਜਾਹਰੇ ‘ਚ ਸ਼ਾਮਿਲ ਨਾ ਕਰਨ ਦਾ ਇਤਰਾਜ ਵੀ ਜਤਾਇਆ ਹੈ।
ਇਹ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਇਸ ‘ਚ ਸ਼ਾਮਿਲ ਹੋਣੇ ਵਾਲੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ 11 ਮੈਂਬਰੀ ਕਮੇਟੀ ਦੇ ਟੀਚੇ ਨੂੰ ਦਰਕਿਨਾਰ ਕਰਕੇ ਆਪਣੇ ਨਿਜੀ ਮੁਫਾਦਾਂ ਲਈ ਵਖਰਾ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਹੈ ‘ਤੇ ਹੁਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੌਂ ਗਠਿਤ ਕਮੇਟੀ ‘ਚ ਕੋਈ ਖਾਸ ਦਿਲਚਸਪੀ ਨਹੀ ਰਹਿ ਗਈ ਹੈ। ਇਸ ਗਲ ਤੋਂ ਵੀ ਇੰਨਕਾਰ ਨਹੀ ਕੀਤਾ ਜਾ ਸਕਦਾ ਹੈ ਕਿ ਇਸ ਰੋਸ ਮੁਜਾਹਿਰੇ ‘ਚ ਸ਼ਾਮਿਲ ਅਖੋਤੀ ਸਿੱਖ ਆਗੂ ਕੇਵਲ ਆਪਣੀ ਹੋਂਦ ਨੂੰ ਬਚਾਉਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੁਰਸੀ ਨੂੰ ਹਾਸਿਲ ਕਰਨ ਦੀ ਲਾਲਸਾ ‘ਚ ਇਕ ਦੂਜੇ ਨੂੰ ਗਲਵਕੜ੍ਹੀਆਂ ਪਾ ਕੇ ਪਾਕ ਸਾਫ ਹੋਣ ਦਾ ਸਰਟੀਫਿਕੇਟ ਦੇ ਰਹੇ ਹਨ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਹੋਣ ਜਾਂ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਹੋਣ ਜਾਂ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ।
ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਇਸ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਆਪਸੀ ਖਿਚੋਤਾਣ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਖਾਸ ਹੁੰਗਾਰਾ ਨਹੀ ਮਿਲਿਆ ਹੈ ਕਿਉਂਕਿ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਂ ਤਾਂ ਇਹ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਕੇਂਦਰੀ ਹੋਮ ਮਨਿਸਟਰ ਨਾਲ ਮੀਟਿੰਗ ਕਰਨ ਦਾ ਸਮਾਂ ਲੈਣ ‘ਤੇ ਨਾਂ ਹੀ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜ੍ਹਾ ‘ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਚ ਹੋ ਰਹੀ ਦੇਰੀ ਲਈ ਕਰਨਾਟਕ ‘ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਰਾਫਤਾ ਕਾਇਮ ਕਰਨ ਦਾ ਕੋਈ ਉਪਰਾਲਾ ਕਰ ਸਕੀ ਹੈ। ਇਸ ਕਮੇਟੀ ਵਲੌ ਕੀਤੇ ਫੈਸਲਿਆਂ ਮੁਤਾਬਿਕ ਸੁਪਰੀਮ ਕੋਰਟ ‘ਤੇ ਹਾਈ ਕੋਰਟਾਂ ਦੇ ਰਿਟਾਇਰਡ ਸਿੱਖ ਜਜਾਂ ਦੀ ਸਲਾਹਕਾਰ ਕਮੇਟੀ ਦਾ ਗਠਨ ਕਰਨਾ, ਹੋਰ ਲੋੜ੍ਹੀਦੀਆਂ ਸਬ-ਕਮੇਟੀਆਂ ਬਣਾਉਨਾ ‘ਤੇ ਭਾਰਤ ਦੀ ਵੱਖ-ਵੱਖ ਜੇਲਾਂ ‘ਚ ਸਜਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਦੀ ਜਾਣਕਾਰੀ ਇਕੱਠੀ ਕਰਨ ਸਬੰਧੀ ਕਦਮ ਚੁੱਕਣ ਦੀ ਵੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਨਹੀ ਆਈ ਹੈ।
ਇਸ ਸਾਰੇ ਘਟਨਾਕ੍ਰਮ ‘ਚ ਸ੍ਰੀ ਅਕਾਲ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਕਿ ਕਿਉਂ ਉਹਨਾਂ ਦੇ ਆਦੇਸ਼ ਨਾਲ ਗਠਿਤ 11 ਮੈਂਬਰੀ ਕਮੇਟੀ ਦੀਆਂ ਕੁੱਝ ਧਿਰਾਂ ਆਪਣੇ ਮਕਸਦ ਤੋਂ ਭਟਕ ਕੇ ਨਿਜੀ ਤੋਰ ‘ਤੇ ਰੋਸ ਮੁਜਾਹਰੇ ਕਰ ਰਹੀਆਂ ਹਨ, ਜਿਸ ਨਾਲ ਬੰਦੀ ਸਿੰਘਾ ਦੀ ਰਿਹਾਈ ਦਾ ਰਾਹ ਹੋਰ ਅੋਖਾ ਹੋ ਸਕਦਾ ਹੈ।