ਲੁਧਿਆਣਾ – ਗੁਰਦੁਆਰਾ ਸ੍ਰੀ ਗੁਰੂ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਵੱਲੋ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਦੇ ਨਾਲ ਸੇਵਾ ਤੇ ਸਿਮਰਨ ਦੇ ਪੁੰਜ ਅਠਵੇਂ ਪਾਤਿਸ਼ਾਹ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ ਵਿਸ਼ੇਸ਼ ਗੁਰਮਤਿ ਸਮਾਗਮ ਅੰਦਰ ਜਿੱਥੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸੁਖਵੰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜੱਥਿਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਉੱਥੇ ਪੰਥ ਦੇ ਪ੍ਰਮੁੱਖ ਕਥਾਵਾਚਕਾਂ ਭਾਈ ਬਲਦੇਵ ਸਿੰਘ ਪਾਉਟਾ ਸਾਹਿਬ ਵਾਲਿਆਂ ਤੇ ਗਿਆਨੀ ਰਸ਼ਪਾਲ ਸਿੰਘ ਫਾਜਿਲਕਾ ਨੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਉਪਰ ਚਾਨਣਾ ਪਾਉਦਿਆ ਹੋਇਆ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਸਾਂਝੀਵਾਲਤਾ ਦਾ ਸ਼ੰਦੇਸ਼ ਦੇ ਕੇ ਮਨੁੱਖੀ ਜੀਵਨ ਜਾਂਚ ਨੂੰ ਇੱਕ ਨਵੀਂ ਸੇਧ ਪ੍ਰਦਾਨ ਕੀਤੀ ਉੱਥੇ ਨਾਲ ਹੀ ਸੇਵਾ ਸਕੰਲਪ ਦੀ ਅਹਿਮੀਅਤ ਨੂੰ ਹੋਰ ਉਭਾਰਦਿਆਂ ਹੋਇਆ ਸੰਗਤਾਂ ਨੂੰ ਦੀਨ ਦੁੱਖੀਆ ਦੀ ਵੱਧ ਤੋ ਵੱਧ ਸੇਵਾ ਕਰਨ ਦੀ ਤਾਕੀਦ ਵੀ ਕੀਤੀ । ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਪਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਸਾਨੂੰ ਵੱਧ ਤੋ ਵੱਧ ਸੇਵਾ ਤੇ ਸਿਮਰਨ ਦੇ ਸਿਧਾਂਤ ਨਾਲ ਜੁੜਨਾ ਹੋਵੇਗਾ ਤਾਂ ਹੀ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇਗੀ। ਇਸ ਤੋ ਪਹਿਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਿਤ ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਮੱਕੜ ਨੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ । ਇਸ ਸਮੇਂ ਉਨ੍ਹਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਸ ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ, ਰਜਿੰਦਰ ਸਿੰਘ ਡੰਗ , ਭੁਪਿੰਦਰ ਸਿੰਘ ਅਰੋੜਾ , ਰਣਜੀਤ ਸਿੰਘ ਖਾਲਸਾ, ਗੁਰਦੀਪ ਸਿੰਘ ਡੀਮਾਰਟੇ, ਅਵਤਾਰ ਸਿੰਘ ਮਿੱਡਾ, ਬਲਜੀਤ ਸਿੰਘ ਬਾਵਾ, ਅਵਤਾਰ ਸਿੰਘ ਬੀ.ਕੇ, ਹਰਪਾਲ ਸਿੰਘ ਖਾਲਸਾ ਫਰਨੀਚਰ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਯੋਜਿਤ
This entry was posted in ਭਾਰਤ.