ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀ ਧਰਤੀ ਬਰਮਿੰਘਮ ਤੋਂ 1980 ਦੇ ਲਗਭਗ ਇੱਕ ਆਵਾਜ ਦਾ ਆਗਮਨ ਹੋਇਆ ਸੀ, ਜਿਸਨੇ ਢੋਲ ਢਮੱਕੇ ਵਾਲੀ ਗਾਇਕੀ ਨੂੰ ਇੱਕ ਨਵਾਂ ਮੁਹਾਂਦਰਾ ਦਿੱਤਾ ਸੀ। ਹਰ ਸਾਹ ਨਾਲ ਸੰਗੀਤ ਨੂੰ ਪ੍ਰਣਾਇਆ ਬੀਬਾ ਗਾਇਕ ਬਲਵਿੰਦਰ ਸਿੰਘ ਸਫਰੀ 63 ਸਾਲ ਦੀ ਉਮਰ ‘ਚ ਆਪਣਾ ਸਾਹਾਂ ਦਾ ਸਫਰ ਮੁਕਾ ਗਿਆ। ਜ਼ਿਕਰਯੋਗ ਹੈ ਕਿ ਬਲਵਿੰਦਰ ਸਫਰੀ 1990 ਵਿੱਚ ਸਫਰੀ ਬੁਆਏਜ਼ ਸੰਗੀਤ ਗਰੁੱਪ ਨਾਲ ਚਰਚਾ ਵਿੱਚ ਆਏ ਤੇ ਉਹਨਾਂ ਮੁੜ ਕੇ ਪਿਛਾਂਹ ਨਹੀਂ ਦੇਖਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੋਮਾ ਵਿੱਚ ਸਨ। ਅਪ੍ਰੈਲ ਮਹੀਨੇ ਉਹਨਾਂ ਦਾ ਦਿਲ ਦਾ ਸਫ਼ਲ ਆਪ੍ਰੇਸ਼ਨ ਵੀ ਹੋਇਆ ਸੀ। ਬੀਤੇ ਦਿਨੀਂ ਉਹ ਕੋਮਾ ਵਿੱਚੋਂ ਬਾਹਰ ਆਏ ਸਨ ਤੇ ਅੱਜ ਸਾਹਾਂ ਦਾ ਪੰਧ ਮੁਕਾ ਕੇ ਜਹਾਨੋਂ ਰੁਖ਼ਸਤ ਹੋ ਗਏ। ਉਹਨਾਂ ਦੇ ਅਕਾਲ ਚਲਾਣੇ ‘ਤੇ ਸੋਸ਼ਲ ਮੀਡੀਆ ‘ਤੇ ਤਾਂ ਸੋਗ ਦੀ ਲਹਿਰ ਫੈਲੀ ਹੀ ਹੋਈ ਹੈ ਸਗੋਂ ਅੰਗਰੇਜੀ ਮੀਡੀਆ ਦਾ ਵੀ ਅਦਾਰਾ ਅਜਿਹਾ ਨਹੀਂ ਹੋਵੇਗਾ ਜਿਸਨੇ ਉਹਨਾਂ ਦੇ ਵਿਛੋੜੇ ਨੂੰ ਖਬਰ ਵਜੋਂ ਨਸ਼ਰ ਨਾ ਕੀਤਾ ਹੋਵੇ। ਸੰਗੀਤ ਨੂੰ ਪਿਆਰਨ ਵਾਲੇ ਲੋਕਾਂ ਵੱਲੋਂ ਬਲਵਿੰਦਰ ਸਫਰੀ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
ਯੂਕੇ: ਵਿਸ਼ਵ ਪ੍ਰਸਿੱਧ ਗਾਇਕ ਬਲਵਿੰਦਰ ਸਫ਼ਰੀ ਸਾਹਾਂ ਦਾ ਸਫ਼ਰ ਮੁਕਾ ਕੇ ਜਹਾਨੋਂ ਰੁਖ਼ਸਤ
This entry was posted in ਭਾਰਤ.