ਡਾ. ਮੇਘਾ ਸਿੰਘ ਇਕ ਪ੍ਰਬੁੱਧ ਲੋਕ ਪੱਖੀ ਸਰੋਕਾਰਾਂ ਦਾ ਹਮਾਇਤੀ ਲੇਖਕ ਹੈ। ਹੁਣ ਤੱਕ ਉਨ੍ਹਾਂ ਦੀਆਂ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਪੁਸਤਕਾਂ ਗਹਿਰ ਗੰਭੀਰ ਪਾਠਕਾਂ ਦੀ ਮਾਨਸਿਕ ਖੁਰਾਕ ਹਨ ਕਿਉਂਕਿ ਉਹ ਮਨ ਪ੍ਰਚਾਵੇ ਲਈ ਇਸ਼ਕ ਮੁਸ਼ਕ ਵਾਲੀਆਂ ਪੁਸਤਕਾਂ ਲਿਖਣ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਉਹ ਚਲੰਤ ਮਸਲਿਆਂ ਬਾਰੇ ਸੰਪਾਦਕੀ ਵਿੱਚ ਲਿਖਦੇ ਰਹੇ ਹਨ। ਭਾਵੇਂ ਉਨ੍ਹਾਂ ਨੇ ਇਕ ਬਾਲ ਉਡਾਰੀ ਕਾਵਿ ਸੰਗ੍ਰਹਿ ਵੀ ਲਿਖਿਆ ਹੈ ਪ੍ਰੰਤੂ ਉਹ ਵੀ ਗਿਆਨਦਾਇਕ ਪ੍ਰੇਰਨਾ ਦੇਣ ਵਾਲਾ ਹੈ। ਉਨ੍ਹਾਂ ਦੀਆਂ ਬਾਕੀ ਪੁਸਤਕਾਂ ਪੱਤਰਕਾਰੀ ਅਤੇ ਕਾਨੂੰਨਾਂ ਦੀ ਵਿਆਖਿਆ ਦੇ ਸਿਧਾਂਤਾਂ ਬਾਰੇ ਹਨ। ਇਕ ਪੁਸਤਕ ਕਿਸਾਨੀ ਦਰਦ ਬਾਰੇ ਹੈ। ਲਗਪਗ ਸਾਰੀਆਂ ਹੀ ਪੁਸਤਕਾਂ ਲੋਕ ਹਿਤਾਂ ਤੇ ਪਹਿਰਾ ਦਿੰਦੀਆਂ ਹਨ। ‘ਸਮਕਾਲੀ ਮਸਲੇ 2011’ ਵੀ ਉਸੇ ਤਰ੍ਹਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ ਉਨ੍ਹਾਂ ਸਾਲ 2011 ਵਿੱਚ ਪੰਜਾਬੀ ਟਿ੍ਰਬਿਊਨ ਵਿੱਚ ਸਹਾਇਕ ਸੰਪਾਦਕ ਹੁੰਦਿਆਂ, ਜਿਹੜੇ 155 ਆਲੋਚਨਾਤਮਿਕ ਅਤੇ ਸਮਤੁਲ ਸੰਪਾਦਕੀ ਲੇਖ ਲਿਖੇ ਸਨ, ਉਹ ਹੀ ਸ਼ਾਮਲ ਕੀਤੇ ਗਏ ਹਨ। ਇਸਦਾ ਭਾਵ ਹੈ ਕਿ ਲਗਪਗ ਹਰ ਦੂਜੇ ਦਿਨ ਉਹ ਸੰਪਾਦਕੀ ਲਿਖਦੇ ਰਹੇ ਹਨ, ਜੋ ਕਿ ਬਹੁਤ ਹੀ ਕਠਨ ਕੰਮ ਹੈ। ਸੰਪਾਦਕੀ ਲਿਖਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਲੇਖਕ ਨੂੰ ਵਰਤਮਾਨ ਸਥਿਤੀ ਦੀ ਸੰਪੂਰਨ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਇਸ ਮੰਤਵ ਲਈ ਸੁਚੇਤ ਹੋ ਕੇ ਚਲੰਤ ਮਸਲਿਆਂ ਨਾਲ ਬਾਵਾਸਤਾ ਹੋਣਾ ਚਾਹੀਦਾ ਹੈ। ਚਲੰਤ ਮਸਲੇ ਬਾਰੇ ਲਿਖਣ ਲਈ ਸਮਾਂ ਵੀ ਨਿਸਚਤ ਹੁੰਦਾ ਹੈ। ਉਸੇ ਸਮੇਂ ਵਿੱਚ ਸੰਪਾਦਕੀ ਲਿਖਣੀ ਹੁੰਦੀ ਹੈ, ਜਿਹੜੀ ਅਗਲੇ ਦਿਨ ਦੇ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਣੀ ਹੁੰਦੀ ਹੈ। ਇਸ ਲਈ ਅਜਿਹੇ ਵਿਸ਼ਿਆਂ ਤੇ ਲਿਖਣ ਲਈ ਚੇਤੰਨ, ਚਿੰਤਨਸ਼ੀਲ ਅਤੇ ਕਰਮਯੋਗੀ ਹੋਣਾ ਜ਼ਰੂਰੀ ਹੁੰਦਾ ਹੈ। ਡਾ ਮੇਘਾ ਸਿੰਘ ਸਹੀ ਅਰਥਾਂ ਵਿੱਚ ਕਰਮਯੋਗੀ ਹਨ। ਡਾ ਮੇਘਾ ਸਿੰਘ ਦੇ ਇਨ੍ਹਾ ਲੇਖਾਂ ਵਿੱਚ ਬੜੀ ਦਲੇਰੀ ਨਾਲ ਨਿਰਪੱਖ ਹੋ ਕੇ ਕੀਤੀਆਂ ਹੋਈਆਂ ਟਿਪਣੀਆਂ, ਉਨ੍ਹਾਂ ਦੇ ਸੰਜੀਦਾ ਵਿਅਕਤਿਵ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਅਜਿਹੇ ਲੇਖ ਪੜ੍ਹਨ ਵਿੱਚ ਦਿਲਚਸਪ ਨਹੀਂ ਹੁੰਦੇ ਪ੍ਰੰਤੂ ਡਾ ਮੇਘਾ ਸਿੰਘ ਦੇ ਲੇਖ ਪੜ੍ਹਨ ਲਈ ਉਤੇਜਨਾ ਮਿਲਦੀ ਹੈ ਕਿਉਂਕਿ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ। ਮੈਂ ਇਹ ਸੰਪਾਦਕੀ ਭਾਵੇਂ ਅਖ਼ਬਾਰ ਵਿੱਚ ਵੀ ਪੜ੍ਹਦਾ ਰਿਹਾ ਹਾਂ ਪ੍ਰੰਤੂ ਦੁਬਾਬਾ ਪੜ੍ਹਨ ਨਾਲ ਮਾਨਸਿਕ ਤਸੱਲੀ ਹੋਈ ਹੈ ਕਿਉਂਕਿ ਇਹ ਲੇਖ ਇਨਸਾਨ ਦੀ ਜਦੋਜਹਿਦ ਦੀ ਕਹਾਣੀ ਦੀ ਪ੍ਰੋੜ੍ਹਤਾ ਕਰਦੇ ਹਨ। ਡਾ ਮੇਘਾ ਸਿੰਘ ਦਾ ਬਚਪਨ ਤੋਂ ਲੈ ਕੇ ਜੀਵਨ ਕਠਨ ਸਮੱਸਿਆਵਾਂ ਦਾ ਮੁਕਾਬਲਾ ਕਰਦਾ ਰਿਹਾ ਹੈ। ਇਸ ਲਈ ਉਨ੍ਹਾਂ ਵਾਸਤੇ ਅਜਿਹੇ ਕਠਨ ਅਤੇ ਜੋਖ਼ਮ ਭਰੇ ਕੰਮ ਕਰਨ ਵਿੱਚ ਕੋਈ ਔਖਿਆਈ ਨਹੀਂ ਆਈ। ਜਿਸ ਕਰਕੇ ਉਹ ਆਪਣੇ ਕੰਮ ਵਿੱਚ ਹਮੇਸ਼ਾ ਸਫਲ ਹੋਏ ਹਨ। ਉਨ੍ਹਾਂ ਦੇ ਇਸ ਪੁਸਤਕ ਦੇ ਲੇਖ ਬਹੁਤ ਹੀ ਗੰਭੀਰ ਚਲੰਤ ਮਸਲਿਆਂ ਬਾਰੇ ਲਿਖੇ ਗਏ ਹਨ। ਇਹ ਲੇਖ ਲਿਖਣ ਲੱਗਿਆਂ ਉਨ੍ਹਾਂ ਬੇਬਾਕ ਹੋ ਕੇ ਧੜੱਲੇਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਵਿਸ਼ਿਆਂ ਦੀ ਚੋਣ ਕਰਨ ਸਮੇਂ ਵੀ ਕਮਾਲ ਕੀਤੀ ਹੈ। ਵਿਸ਼ੇ ਗਹਿਰ ਗੰਭੀਰ ਸਮਸਿਆਵਾਂ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਲੋਕਾਂ ਦੀ ਬਿਹਤਰੀ ਨਾਲ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਭਿ੍ਰਸ਼ਟਾਚਾਰ ਖਿਲਾਫ਼ ਅੰਦੋਲਨ, ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ, ਵਧ ਰਹੇ ਸੜਕ ਹਾਦਸੇ, ਔਰਤਾਂ ਉਤੇ ਵਧੀਕੀਆਂ, ਸੁਧਾਰ ਘਰ ਜਾਂ ਆਰਾਮ ਘਰ, ਜ਼ਮੀਨ ਲਈ ਜੰਗ, ਸਿਖਿਆ ਦਾ ਅਧਿਕਾਰ, ਨਸ਼ੀਲੇ ਪਦਾਰਥਾਂ ਦਾ ਤੰਦੂਆਜਾਲ, ਕਿਸਾਨਾ ਦਾ ਉਜਾੜਾ, ਮਹਿੰਗਾਈ ਬੇਲਗਾਮ ਸਰਕਾਰ ਰਹੀ ਨਾਕਾਮ, ਸੜਕਾਂ ਬਣੀਆਂ ਮੌਤ ਦੀਆਂ ਸੌਦਾਗਰ, ਹੜ੍ਹਾਂ ਦੀ ਸਮੱਸਿਆ, ਰੇਤਾ-ਬਜਰੀ ਮਾਫੀਏ ਦੀ ਸੀਨਾਜ਼ੋਰੀ, ਮੌਤ ਦੇ ਫਰਿਸ਼ਤੇ ਬਣੇ ਮਾਰੂ ਹਥਿਆਰ, ਵਿਦਿਆਰਥੀਆਂ ਵਿੱਚ ਆਤਮ ਹੱਤਿਆਵਾਂ ਦਾ ਰੁਝਾਨ, ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਠੇਡੇ, ਵੋਟਾਂ ਲਈ ਰਿਆਇਤਾਂ ਅਤੇ ਹਵਾ ਵਿੱਚ ਲਟਕਿਆ ਲੋਕਪਾਲ ਆਦਿ ਮਹੱਤਵਪੂਰਨ ਹਨ। ਇਨ੍ਹਾਂ ਵਿਸ਼ਿਆਂ ਦੀ ਚੋਣ ਤੋਂ ਹੀ ਡਾ ਮੇਘਾ ਸਿੰਘ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਪੁਸਤਕ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਪੰਜਾਬ ਨਾਲ ਸੰਬੰਧਤ ਮਸਲੇ, ਕੌਮੀ ਮਸਲੇ, ਅੰਤਰਰਾਸ਼ਟਰੀ ਘਟਨਾਵਾਂ ਅਤੇ ਫੁਟਕਲ। ਪੰਜਾਬ ਨਾਲ ਸੰਬੰਧਤ ਉਨ੍ਹਾਂ ਵੱਲੋਂ ਲਿਖੀਆਂ ਸੰਪਾਦਕੀਆਂ ਤੋਂ ਪਤਾ ਲਗਦਾ ਹੈ ਕਿ ਉਹ ਪੰਜਾਬ ਪ੍ਰਤੀ ਕਿਤਨੇ ਸੰਜੀਦਾ ਅਤੇ ਸੁਚੇਤ ਹਨ। ਇਨ੍ਹਾਂ ਲੇਖਾਂ ਵਿੱਚ ਉਹ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿਤਾਂ ‘ਤੇ ਪਹਿਰਾ ਦਿੰਦੇ ਵਿਖਾਈ ਦੇ ਰਹੇ ਹਨ। ਪੰਜਾਬੀਆਂ ਅਤੇ ਖਾਸ ਤੌਰ ਤੇ ਸਮਾਜ ਦੇ ਗ਼ਰੀਬ ਵਰਗਾਂ ਬਾਰੇ ਉਨ੍ਹਾਂ ਦੀ ਵਚਨਬੱਧਤਾ ਉਨ੍ਹਾਂ ਦੇ ਲੇਖਾਂ ਵਿੱਚੋਂ ਸਾਫ਼ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਕਦੇ ਵੀ ਕੋਈ ਸੰਪਾਦਕੀ ਉਲਾਰ ਹੋ ਕੇ ਨਹੀਂ ਲਿਖੀ। ਉਨ੍ਹਾਂ ਕਿਸੇ ਦਾ ਕਦੀਂ ਵੀ ਪੱਖਪਾਤ ਨਹੀਂ ਕੀਤਾ ਪ੍ਰੰਤੂ ਉਨ੍ਹਾਂ ਦੇ ਲੇਖਾਂ ਵਿੱਚੋਂ ਇਨਸਾਨੀਅਤ ਦੀ ਝਲਕ ਜ਼ਰੂਰ ਮਿਲਦੀ ਹੈ। ਪੰਜਾਬ ਵਿੱਚ ਗ਼ਰੀਬਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਦੇ ਵਿਰੁੱਧ ਠੋਸ ਦਲੀਲਾਂ ਨਾਲ ਉਨ੍ਹਾਂ ਲੇਖ ਲਿਖੇ ਹਨ। ਕਿਸਾਨਾ, ਮਜ਼ਦੂਰਾਂ, ਨਸ਼ਿਆਂ, ਆਤਮ ਹੱਤਿਆਵਾਂ, ਬੇਰੋਜ਼ਗਾਰੀ, ਵਿਦਿਆਰਥੀਆਂ ਦਾ ਪਰਵਾਸ ਵਿੱਚ ਬਰੇਨ ਡਰੇਨ ਹੋਣਾ ਆਦਿ ਭਖਵੇਂ ਮਸਲਿਆਂ ਬਾਰੇ ਉਨ੍ਹਾਂ ਬਾਖ਼ੂਬੀ ਲਿਖਿਆ ਹੈ। ਕਿਸਾਨਾ ਦੀ ਤ੍ਰਾਸਦੀ ਅਤੇ ਮਜ਼ਦੂਰਾਂ ਦੀ ਲੁੱਟ ਦੇ ਵਿਰੁੱਧ ਵੀ ਉਨ੍ਹਾਂ ਡੱਟਕੇ ਲਿਖਿਆ ਹੈ। ਇਨ੍ਹਾਂ ਲੇਖਾਂ ਵਿੱਚੋਂ ਉਨ੍ਹਾਂ ਦੀ ਖੱਬੇ ਪੱਖੀ ਉਸਾਰੂ ਸੋਚ ਦਾ ਝਲਕਾਰਾ ਵੀ ਮਿਲਦਾ ਹੈ। ਉਨ੍ਹਾਂ ਦੀ ਖੋਜੀ ਪ੍ਰਵਿਰਤੀ ਨੇ ਕੌਮੀ ਮਸਲਿਆਂ ਬਾਰੇ ਲਿਖਦਿਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਤੱਥਾਂ ‘ਤੇ ਅਧਾਰਤ ਲੇਖ ਲਿਖਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਕੌਮੀ ਮਸਲਿਆਂ ਵਿੱਚ ਸਲੱਮ ਮੁਕਤ ਭਾਰਤ, ਚੁਰਾਸੀ ਦੀ ਕਸਕ, ਪੈਟਰੋਲੀਅਮ ਕੀਮਤਾਂ ਵਿੱਚ ਵਾਧਾ, ਜੰਮੂ ਕਸ਼ਮੀਰ ਦੇ ਨੌਜਵਾਨਾ ਲਈ ਪੈਕੇਜ਼, ਵਧ ਰਹੇ ਰੇਲ ਹਾਦਸੇ, ਮੁੰਬਈ ਵਿੱਚ ਬੰਬ ਧਮਾਕੇ, ਕਾਲੇ ਧਨ ਸੰਬੰਧੀ ਵਿਸ਼ੇਸ਼ ਜਾਂਚ ਕਮੇਟੀ, ਸਰਕਾਰ ਅਤੇ ਅੰਨਾ ਹਜ਼ਾਰੇ ‘ਚ ਟਕਰਾਅ, ਫ਼ਿਰਕੂ ਹਿੰਸਾ ਬਿਲ ਦਾ ਵਿਰੋਧ, ਪਿਆਜ਼ ਤੇ ਸਿਆਸਤ, ਕੌਮੀ ਅਤੇ ਕੌਮਾਂਤਰੀ ਚੁਣੌਤੀਆਂ, ਸ਼ੋਸ਼ਲ ਨੈਟਵਰਕਿੰਗ ਸਾਈਟਸ ਤੇ ਪਾਬੰਦੀ, ਕਾਲੇ ਧਨ ਤੇ ਵਾਈਟ ਪੇਪਰ ਅਤੇ ਆਨੰਦ ਮੈਰਿਜ ਐਕਟ ਨੂੰ ਹਰੀ ਝੰਡੀ ਆਦਿ ਸ਼ਾਮਲ ਹਨ। ਉਨ੍ਹਾਂ ਦੇ ਕੌਮੀ ਮਸਲਿਆਂ ਬਾਰੇ ਲਿਖੇ ਲੇਖਾਂ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਲ ਵਿਤਕਰਾ ਕਰਦੀ ਆਈ ਹੈ। ਇਨ੍ਹਾਂ ਲੇਖਾਂ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ, ਉਨ੍ਹਾਂ ਦਾ ਡਟਕੇ ਵਿਰੋਧ ਕੀਤਾ ਹੈ। ਕੇਂਦਰ ਬਾਰੇ ਉਨ੍ਹਾਂ ਦੀ ਸ਼ਬਦਾਵਲੀ ਆਮ ਲੇਖਾਂ ਨਾਲੋਂ ਥੋੜ੍ਹੀ ਸਖਤ ਵਿਖਾਈ ਦਿੰਦੀ ਹੈ। ਡਾ ਮੇਘਾ ਸਿੰਘ ਦੀ ਸਿਆਣਪ, ਸੂਝ ਅਤੇ ਵਿਦਵਤਾ ਦਾ ਇਥੋਂ ਵੀ ਪਤਾ ਲਗਦਾ ਹੈ ਕਿ ਉਨ੍ਹਾਂ ਅੰਤਰਰਾਸ਼ਟਰੀ ਮਸਲਿਆਂ ਅਤੇ ਚਲੰਤ ਘਟਨਾਵਾਂ ਬਾਰੇ ਵੀ ਨਿਠ ਕੇ ਲਿਖਿਆ ਹੈ। ਅੰਤਰਰਾਸ਼ਟਰੀ ਸੰਬੰਧਾਂ ਅਤੇ ਮਸਲਿਆਂ ਤੇ ਲਿਖਣ ਲਈ ਲੇਖਕ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। ਡਾ ਮੇਘਾ ਸਿੰਘ ਇਨ੍ਹਾਂ ਮਸਲਿਆਂ ਤੇ ਵੀ ਸਾਰਥਕ ਦਲੀਲਾਂ ਸਹਿਤ ਲੇਖ ਲਿਖਦੇ ਰਹੇ ਹਨ। ਅੰਤਰਰਾਸ਼ਟਰੀ ਲੇਖਾਂ ਦੇ ਵਿਸ਼ਿਆਂ ਵਿੱਚ ਪਾਕਿ ਦੀ ਮਦਦ ਵਿੱਚ ਕਟੌਤੀ, ਅਮਰੀਕਾ ਮੰਦਵਾੜੇ ਦੀ ਕਗਾਰ ‘ਤੇ, ਤਾਲਿਬਾਨ ਦੀ ਅਮਰੀਕਾ ਨੂੰ ਚੁਣੌਤੀ, ਸੀਰੀਆ ਦਾ ਸੰਕਟ, ਲਿਬੀਆ ਵਿੱਚ ਤਾਨਾਸ਼ਾਹੀ ਦਾ ਅੰਤ, ਨਿਊਯਾਰਕ ਵਿੱਚ ਧਾਰਮਿਕ ਆਜ਼ਾਦੀ ਬਿਲ, ਅਮਰੀਕਾ ਪਾਕਿ ਸੰਬੰਧਾਂ ਵਿੱਚ ਤਰੇੜਾਂ, ਇਬਸਾ ਸਿਖਰ ਸਮੇਲਨ, ਅਫਗਾਨਿਸਤਾਨ ਲਈ ਕੌਮਾਂਤਰੀ ਪੁਲਾਂਗ, ਪੁਤਿਨ ਨੂੰ ਚੋਣ ਝਟਕਾ ਅਤੇ ਪ੍ਰਚੂਨ ਵਪਾਰ ‘ਚ ਵਿਦੇਸ਼ੀ ਨਿਵੇਸ਼ ਆਦਿ ਮਹੱਤਵਪੂਰਨ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਡਾ ਮੇਘਾ ਸਿੰਘ ਦੀ ਸੰਪਾਦਕੀਆਂ ਲਿਖਣ ਲਈ ਕੀਤੀ ਮਿਹਨਤ ਜਿਥੇ ਉਸ ਸਮੇਂ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਰਹੀ ਹੈ, ਉਥੇ ਭਵਿਖ ਵਿੱਚ ਇਹ ਇਤਿਹਾਸ ਦਾ ਹਿੱਸਾ ਬਣਕੇ ਖੋਜਾਰਥੀਆਂ ਲਈ ਲਾਹੇਬੰਦ ਸਾਬਤ ਹੋਵੇਗੀ।
‘ਸਮਕਾਲੀ ਮਸਲੇ 2011’ 282 ਪੰਨਿਆਂ, 450 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਪੁਸਤਕ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।