ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਅਤੇ ਖੇਡਾਂ ਦੇ ਨਾਲ ਸੱਭਿਆਚਾਰਕ ਸਮਾਗਮਾਂ ਵਿੱਚ ਹਿੱਸਾ ਲੈਣਾ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਨਾਲ ਜਿੱਥੇ ਵਿਦਿਆਰਥੀਆਂ ਦੇ ਹੁਨਰ ਦਾ ਵਿਕਾਸ ਹੁੰਦਾ ਹੈ ਉੱਥੇ ਹੀ ਉਨ੍ਹਾਂ ਦੇ ਹੌਸਲੇ ਵਿਚ ਵੀ ਇਜ਼ਾਫ਼ਾ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਕਰਵਾਏ ਗਏ ‘ਟੈਲੇਂਟ ਹੰਟ’ ਸਮਾਗਮ ਦੌਰਾਨ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਵੱਲੋਂ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਵਿਚ ਸੱਭਿਆਚਾਰਕ ਕਲਾਵਾਂ ਦੀ ਖੋਜ ਲਈ ਕਰਵਾਇਆ ਗਿਆ। ਇਸ ਵਿਚ ਵਿਦਿਆਰਥੀਆਂ ਨੇ ਲੋਕ ਗੀਤ, ਲੋਕ ਨਾਚ, ਕਵਿਤਾ, ਸਕਿੱਟ, ਮਿਮਿੱਕਰੀ ਆਦਿ ਦੀ ਪੇਸ਼ਕਾਰੀ ਕੀਤੀ। ਖੇਤੀਬਾੜੀ ਕਾਲਜ ਦੇ ਮੁੰਡੇ ਅਤੇ ਕੁੜੀਆਂ ਨੇ 19 ਵੱਖ-ਵੱਖ ਵੰਨਗੀਆਂ ਨੂੰ ਦਰਸ਼ਕਾਂ ਦੇ ਰੂਬਰੂ ਪੇਸ਼ ਕੀਤਾ। ਸਮੂਹ ਦਰਸ਼ਕਾਂ ਨੇ ਇਸ ‘ਟੈਲੇਂਟ ਹੰਟ’ ਸਮਾਗਮ ਵਿਚ ਪੰਜਾਬ ਦੇ ਸੱਭਿਆਚਾਰ ਦੀਆਂ ਪੇਸ਼ਕਾਰੀਆਂ ਦੀ ਤਾਰੀਫ਼ ਕੀਤੀ ਅਤੇ ਪ੍ਰੋਗਰਾਮ ਦਾ ਖ਼ੂਬ ਆਨੰਦ ਮਾਣਿਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਸ ਨਵੇਂ ਬਣੇ ਖੇਤੀਬਾੜੀ ਕਾਲਜ ਵੱਲੋਂ ਕਰਵਾਏ ਗਏ ਪਹਿਲੇ ਸਮਾਗਮ ਵਿੱਚ ਡਾ. ਮਨਮੋਹਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਖੂਬ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਹੋ ਜਿਹੇ ਹੋਰ ਪ੍ਰੋਗਰਾਮ ਕਰਵਾਉਣ ਅਤੇ ਵਿਦਿਆਰਥੀਆਂ ਦੀਆਂ ਕਲਾਵਾਂ ਨੂੰ ਹੋਰ ਨਿਖਾਰਨ ਲਈ ਯੂਨੀਵਰਸਿਟੀ ਵੱਲੋਂ ਮਦਦ ਦਾ ਵਾਅਦਾ ਕੀਤਾ। ਸਮਾਗਮ ਦੇ ਅਖੀਰ ਵਿਚ ਸਮਾਗਮ ਦੇ ਇੰਚਾਰਜ ਡਾ. ਵਰੁਣ ਅੱਤਰੀ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਸਮੂਹ ਵਿਦਿਆਰਥੀ, ਅਧਿਆਪਕ ਅਤੇ ਸਟਾਫ਼ ਸ਼ਾਮਿਲ ਸਨ।