ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਵੱਲੋਂ ਸ਼੍ਰੋਮਣੀ ਕਮੇਟੀ ਬਾਰੇ ਕੀਤੀ ਗਈ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਬਾਰੇ ਅਪਮਾਨਜਨਕ ਟਿੱਪਣੀਆਂ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਗੁਰਧਾਮਾਂ ਦਾ ਪ੍ਰਬੰਧ ਪੂਰੀ ਪਾਰਦਰਸ਼ਤਾ ਨਾਲ ਚਲਾ ਰਹੀ ਹੈ ਅਤੇ ਅਜਿਹੇ ਵਿਚ ਪ੍ਰਬੰਧ ’ਤੇ ਸਵਾਲ ਖੜੇ ਕਰਨਾ ਅਤੇ ਸੰਸਥਾ ਨੂੰ ਬਦਨਾਮ ਕਰਨ ਵਰਗੀ ਬਿਆਨਬਾਜ਼ੀ ਕਰਨੀ ਸਾਬਕਾ ਵਿਧਾਇਕ ਲੋਧੀਨੰਗਲ ਨੂੰ ਸ਼ੋਭਾ ਨਹੀਂ ਦਿੰਦਾ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਇਤਰਾਜ਼ ਜਾਂ ਅਪਮਾਜਨਕ ਟਿੱਪਣੀਆਂ ਕਰਨਾ ਗਲਤ ਹੈ ਕਿਉਂਕਿ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਇਸ ਸਿਰਮੌਰ ਸੰਸਥਾ ’ਤੇ ਕਾਬਜ਼ ਹੋਣ ਲਈ ਤਤਪਰ ਹਨ ਉਨ੍ਹਾਂ ਦੇ ਹੱਕ ’ਚ ਖੜਨ ਵਰਗਾ ਹੈ, ਜੋ ਨੇਕ ਮਨਸੂਬੇ ਨਹੀਂ ਰੱਖਦੀਆਂ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਸਿਰਮੌਰ ਸੰਸਥਾ ਦੇ ਪ੍ਰਬੰਧ ਅਤੇ ਕਾਰਗੁਜ਼ਾਰੀ ’ਤੇ ਸਵਾਲ ਖੜਾ ਕਰਨ ਨਾਲ ਭਾਵੇਂ ਉਨ੍ਹਾਂ ਦਾ ਕੱਦ ਉਚਾ ਜ਼ਰੂਰ ਹੋਇਆ ਹੋਵੇਗਾ, ਪਰੰਤੂ ਅਜਿਹਾ ਕਰਨ ਨਾਲ ਉਹ ਸ਼੍ਰੋਮਣੀ ਕਮੇਟੀ ਦੇ ਪ੍ਰੰਪਰਾਗਤ ਵਿਰੋਧੀਆਂ ਨੂੰ ਵੀ ਮਾਤ ਦੇ ਗਏ ਹੋ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਬਕਾ ਵਿਧਾਇਕ ਨੇ ਜਿਨ੍ਹਾਂ ਸਾਬਕਾ ਅਧਿਕਾਰੀਆਂ ਦੀ ਦਖਲਅੰਦਾਜ਼ੀ ’ਤੇ ਸਵਾਲ ਚੁੱਕੇ ਰਹੇ ਹਨ ਉਸ ਬਾਰੇ ਸਪੱਸ਼ਟ ਕਰ ਦਈਏ ਕਿ ਜਿਨ੍ਹਾਂ ਅਧਿਕਾਰੀਆਂ ਨੇ ਸਿਰਮੌਰ ਸੰਸਥਾ ’ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਪ੍ਰਬੰਧ ਨੂੰ ਸੁਚਾਰੂ ਰੱਖਣ ਲਈ ਕੰਮ ਕੀਤਾ ਹੋਵੇ ਤਾਂ ਅਜਿਹੇ ਵਿਅਕਤੀਆਂ ਦਾ ਸਹਿਯੋਗ ਸੇਵਾ ਮੁਕਤੀ ਤੋਂ ਬਾਅਦ ਸੰਸਥਾ ਵੱਲੋਂ ਲਿਆ ਜਾਣਾ ਕਿਸੇ ਵੀ ਤਰ੍ਹਾਂ ਇਤਰਾਜ਼ਯੋਗ ਜਾਂ ਗਲਤ ਨਹੀਂ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਸਿਰਮੌਰ ਸੰਸਥਾ ਵੱਡੀਆਂ ਪੁਲਾਘਾਂ ਪੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਰੇ ਮੰਦਭਾਗੀ ਟਿੱਪਣੀ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅੰਤ੍ਰਿੰਗ ਕਮੇਟੀ ਦੀ ਚੋਣ ਦੀ ਪ੍ਰਕਿਰਿਆ ਕੀ ਹੁੰਦੀ ਹੈ? ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਾਰਜ ਹਮੇਸ਼ਾ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਕੀਤੇ ਜਾਂਦੇ ਹਨ ਅਤੇ ਸ. ਲੋਧੀਨੰਗਲ ਵੱਲੋਂ ਘਪਲਿਆਂ ਨੂੰ ਲੈ ਕੇ ਸਵਾਲ ਕਰਨ ਨਾਲ ਪੰਥ ਵਿਰੋਧੀ ਤਾਕਤਾਂ ਨੂੰ ਸਿੱਧੀ ਸ਼ੈਅ ਦੇਣਾ ਹੈ, ਜਦਕਿ ਸਾਬਕਾ ਵਿਧਾਇਕ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਬਕਾ ਵਿਧਾਇਕ ਦਾਵਾ ਕਰ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਾਇਦਾਦਾਂ ’ਤੇ ਰਸੂਖਦਾਰਾਂ ਦਾ ਕਬਜ਼ਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਕਾਰਜਕਾਲ ਦੌਰਾਨ ਅਜਿਹੀਆਂ ਕਬਜ਼ੇ ਵਾਲੀਆਂ ਜਾਇਦਾਦਾਂ ਨੂੰ ਛੁਡਾਉਣ ’ਚ ਸਾਬਕਾ ਵਿਧਾਇਕ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਸੀ। ਉਨ੍ਹਾਂ ਸ. ਲੋਧੀਨੰਗਲ ਦੀ ਜਾਣਕਾਰੀ ’ਚ ਵਾਧਾ ਕਰਦਿਆਂ ਦੱਸਿਆ ਕਿ ਅਦਾਲਤੀ ਫੈਸਲੇ ਸ਼੍ਰੋਮਣੀ ਕਮੇਟੀ ਦੇ ਹੱਕ ’ਚ ਹਨ ਅਤੇ ਸੰਸਥਾ ਪ੍ਰਤੀ ਅਜਿਹਾ ਕੂੜ ਪ੍ਰਚਾਰ ਕਰਨਾ ਸਰਾਸਰ ਗਲਤ ਹੈ। ਸ. ਲੋਧੀਨੰਗਲ ਨੂੰ ਸੰਬੋਧਤ ਹੁੰਦਿਆਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਬਕਾ ਵਿਧਾਇਕ ਸਾਹਿਬ ਹੱਥ ਦੀਆਂ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਅਤੇ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਕੇ ਸ਼੍ਰੋਮਣੀ ਕਮੇਟੀ ਬਾਰੇ ਕੂੜ ਪ੍ਰਚਾਰ ਕਰਨਾ ਪੰਥ ਦਰਦੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਬਾਰੇ ਕੂੜ ਪ੍ਰਚਾਰ ਅਤੇ ਅਪਮਾਨਜਨਕ ਟਿੱਪਣੀਆਂ ਕਰਕੇ ਦੁੱਧ ਧੋਤਾ ਨਹੀਂ ਬਣਿਆ ਜਾ ਸਕਦਾ, ਜਦਕਿ ਸੰਸਥਾ ਦੀ ਮਜ਼ਬੂਤੀ ਲਈ ਯਤਨਸ਼ੀਲ ਹੋਣਾ ਚਾਹੀਦਾ। ਜਥੇਦਾਰ ਪੰਜੋਲੀ ਨੇ ਸਾਬਕਾ ਵਿਧਾਇਕ ਨੂੰ ਸਪਸ਼ਟ ਕਿਹਾ ਕਿ ਜੇਕਰ ਮੋਰਚਾ ਖੋਲ੍ਹਣਾ ਹੀ ਹੈ ਤਾਂ ਆਪਣੀਆਂ ਵਿਰੋਧੀ ਸ਼ਕਤੀਆਂ ਦੇ ਖਿਲਾਫ਼ ਖੋਲ੍ਹਣ ਜੋ ਸਿਰਮੌਰ ਸੰਸਥਾ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ ਅਤੇ ਅਜਿਹੇ ਮਨਸੂਬੇ ਪੰਥ ਵਿਰੋਧੀ ਸ਼ਕਤੀਆਂ ਦੇ ਕਦੇ ਵੀ ਸਫ਼ਲ ਨਹੀਂ ਹੋਣਗੇ।