ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)-ਵਿਸਕੀ ਦੇ ਘਰ ਵਜੋਂ ਜਾਣੇ ਜਾਂਦੇ ਸਕਾਟਲੈਂਡ ਵਿੱਚ ਕੋਵਿਡ ਦੌਰਾਨ ਅਲਕੋਹਲ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਪਿਛਲੇ 13 ਸਾਲਾਂ ਦੇ ਮੁਕਾਬਲੇ ਉੱਚੇ ਪੱਧਰ ‘ਤੇ ਦਰਜ ਹੋਇਆ ਹੈ। ਪ੍ਰਕਾਸ਼ਿਤ ਹੋਏ ਨਵੇਂ ਅੰਕੜਿਆਂ ਅਨੁਸਾਰ ਸ਼ਰਾਬਨੋਸ਼ੀ ਕਾਰਨ ਪਿਛਲੇ ਸਾਲ 1245 ਮੌਤਾਂ ਹੋਈਆਂ ਸਨ। ਲੇਬਰ ਪਾਰਟੀ ਦੀ ਐੱਮ. ਐੱਸ. ਪੀ. ਮੋਨਿਕਾ ਲੈਨਨ ਦਾ ਪਿਤਾ ਵੀ ਸ਼ਰਾਬ ਦੀ ਭੇਂਟ ਚੜ੍ਹ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। 2021 ਵਿੱਚ 2020 ਦੇ ਮੁਕਾਬਲੇ 55 ਵਧੇਰੇ ਮੌਤਾਂ ਹੋਈਆਂ ਹਨ ਜੋ ਕਿ ਸਮੁੱਚੇ ਵਾਧੇ ਦਾ 5 ਫੀਸਦੀ ਬਣਦਾ ਹੈ ਤੇ 2008 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ। ਇਹਨਾਂ ਮੌਤਾਂ ਵਿੱਚ ਦੋ ਤਿਹਾਈ ਮੌਤਾਂ ਮਰਦਾਂ ਦੀਆਂ ਹਨ। ਮੋਨਿਕਾ ਲੈਨਨ ਦੇ ਪਿਤਾ ਦੀ ਮੌਤ ਉਮਰ ਦੇ 60ਵੇਂ ਵਰ੍ਹੇ ‘ਚ ਹੋਈ ਪਰ ਉਸ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਸੰਬੰਧੀ ਭੈੜੀ ਆਦਤ ਦਾ ਸ਼ਿਕਾਰ ਹੋ ਕੇ ਮਰ ਜਾਣਾ ਬੇਹੱਦ ਚਿੰਤਾਜਨਕ ਹੈ। ਜ਼ਿਕਰਯੋਗ ਹੈ ਕਿ ਡਰੱਗਜ਼ ਨਾਲ ਹੁੰਦੀਆਂ ਮੌਤਾਂ ਵਿੱਚ ਵੀ ਸਮੁੱਚੇ ਯੂਰਪ ਵਿੱਚੋਂ ਵੀ ਸਕਾਟਲੈਂਡ ਦਾ ਨਾਮ ਸਿਖਰ ‘ਤੇ ਹੈ। ਸ਼ਰਾਬਨੋਸ਼ੀ ਕਾਰਨ ਹੁੰਦੀਆਂ ਇਹਨਾਂ ਮੌਤਾਂ ਸੰਬੰਧੀ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਕੋਵਿਡ ਦੌਰਾਨ ਘਰਾਂ ‘ਚ ਤਾਲਾਬੰਦ ਲੋਕ ਆਪਣੀਆਂ ਸ਼ਰਾਬ ਪੀਣ ਸੰਬੰਧੀ ਆਦਤਾਂ ਵਿਗਾੜ ਬੈਠੇ, ਜਿਸ ਕਾਰਨ ਇਹਨਾਂ ਮੌਤਾਂ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ।