ਫ਼ਤਹਿਗੜ੍ਹ ਸਾਹਿਬ – “ਸਾਡੇ ਗੁਆਂਢੀ ਮੁਲਕ ਦੇ ਲਹਿੰਦੇ ਪੰਜਾਬ ਵਿਚ ਭਾਰੀ ਹੜ੍ਹਾਂ ਦੀ ਬਦੌਲਤ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੈ । ਜਿਸਦਾ ਸਾਨੂੰ ਗਹਿਰਾ ਦੁੱਖ ਹੈ । ਉਥੇ ਅਸੀਂ ਇੰਡੀਆਂ ਦੀ ਸ੍ਰੀ ਮੋਦੀ ਹਕੂਮਤ ਨੂੰ ਇਨਸਾਨੀਅਤ ਦੇ ਨਾਤੇ ਇਹ ਅਪੀਲ ਕਰਨੀ ਚਾਹਵਾਂਗੇ ਕਿ ਮੁਲਕੀ ਪੱਧਰ ਉਤੇ ਲਹਿੰਦੇ ਪੰਜਾਬ ਵਿਚ ਹੜ੍ਹਾਂ ਤੋਂ ਪੀੜ੍ਹਤ ਪਰਿਵਾਰਾਂ ਤੇ ਨਿਵਾਸੀਆਂ ਦੀ ਮਦਦ ਲਈ ਖਾਂਣ-ਪਹਿਨਣ ਲਈ ਸਮਾਨ, ਦਵਾਈਆ, ਡੰਗਰ-ਪਸ਼ੂਆਂ ਲਈ ਚਾਰਾਂ ਅਤੇ ਹੋਰ ਜੋ ਵੀ ਮਦਦ ਹੋ ਸਕਦੀ ਹੈ, ਉਹ ਫੌਰੀ ਕੀਤੀ ਜਾਵੇ । ਕਿਉਂਕਿ ਲਹਿੰਦੇ ਪੰਜਾਬ ਵਿਚ ਸਾਡਾ ਸਿੱਖ ਕੌਮ ਦਾ ਬਹੁਤ ਮਹਾਨ ਵਿਰਸਾ-ਵਿਰਾਸਤ, ਸੱਭਿਆਚਾਰ, ਯਾਦਗਰਾਂ ਆਦਿ ਹਨ । ਦੂਸਰਾ ਇਨਸਾਨੀ ਕਦਰਾਂ-ਕੀਮਤਾਂ ਵੀ ਇਸ ਗੱਲ ਦੀ ਮੰਗ ਕਰਦੀਆ ਹਨ ਕਿ ਅਜਿਹੇ ਸਮੇਂ ਹਰ ਇਨਸਾਨ, ਸੰਸਥਾਂ, ਸੰਗਠਨ, ਮੁਲਕ ਆਦਿ ਨੂੰ ਪੀੜ੍ਹਤਾਂ ਦੀ ਮਦਦ ਕਰਨੀ ਚਾਹੀਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿਚ ਬੀਤੇ ਕੁਝ ਦਿਨ ਪਹਿਲੇ ਆਏ ਭਾਰੀ ਹੜ੍ਹਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਦੀ ਪੂਰਤੀ ਕਰਨ ਅਤੇ ਪੀੜ੍ਹਤਾਂ ਨੂੰ ਹਰ ਤਰ੍ਹਾਂ ਮਦਦ ਕਰਨ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਸਿੱਖ ਕੌਮ ਦੇ ਜਨਮ ਵੇਲੇ ਇਹ ਗੁੜ੍ਹਤੀ ਦਿੱਤੀ ਸੀ ਕਿ ਜਦੋਂ ਵੀ ਕਿਸੇ ਮਜ਼ਲੂਮ, ਪੀੜ੍ਹਤ, ਬੇਸਹਾਰਾ, ਯਤੀਮਾਂ ਨੂੰ ਪੇਟ ਭਰਨ ਲਈ ਖਾਂਣਾ, ਪਹਿਨਣ ਲਈ ਤਨ ਤੇ ਕੱਪੜੇ ਅਤੇ ਰਹਿਣ ਲਈ ਛੱਤ ਆਦਿ ਦੇ ਹਾਲਾਤ ਬਣ ਜਾਣ ਤਾਂ ਸਿੱਖਾਂ ਨੂੰ ਆਪਣੀ ਆਮਦਨ ਵਿਚੋਂ ਦਸਵੰਧ ਕੱਢਕੇ ਮਦਦ ਕਰਨ ਦੇ ਹੁਕਮਨਾਮੇ ਕੀਤੇ ਗਏ ਹਨ । ਸਿੱਖ ਕੌਮ ਆਪਣੇ ਜਨਮ ਤੋਂ ਇਹ ਜ਼ਿੰਮੇਵਾਰੀ ਪੂਰੀ ਖੁੱਲ੍ਹਦਿਲੀ ਨਾਲ ਪੂਰੀ ਕਰਦੀ ਆ ਰਹੀ ਹੈ ਅਜਿਹਾ ਭਾਵੇ ਕਿਸੇ ਵੀ ਮੁਲਕ ਜਾਂ ਸਥਾਂਨ ਤੇ ਹਾਲਾਤ ਬਣਨ । ਇਸ ਲਈ ਸਿੱਖ ਕੌਮ ਆਪਣੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਦੇ ਹੋਏ ਸ੍ਰੀ ਮੋਦੀ ਨੂੰ ਇਹ ਅਪੀਲ ਕਰ ਰਹੀ ਹੈ ਅਤੇ ਉਮੀਦ ਕੀਤੀ ਹੈ ਕਿ ਸ੍ਰੀ ਮੋਦੀ ਲਹਿੰਦੇ ਪੰਜਾਬ ਦੇ ਹੜ੍ਹਾਂ ਤੋ ਪ੍ਰਭਾਵਿਤ ਪੀੜ੍ਹਤ ਪਰਿਵਾਰਾਂ ਦੀ ਆਪਣੇ ਇੰਡੀਆਂ ਦੇ ਖਜਾਨੇ ਵਿਚੋਂ ਮਦਦ ਕਰਨਗੇ ।