ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਬੀਤੇ ਦਿਨੀਂ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਪ੍ਰਮੁੱਖ ਨਿਕੋਲਾ ਸਟਰਜਨ ਬਾਰੇ ਲਿਜ਼ ਟਰੱਸ ਵੱਲੋਂ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਿਜ਼ ਟਰੱਸ ਨੇ ਸਕਾਟਲੈਂਡ ਦੀ ਆਜ਼ਾਦੀ ਲਈ ਦੂਜੀ ਰਾਇਸ਼ੁਮਾਰੀ ਬਾਰੇ ਕੋਰੀ ਨਾਂਹ ਕਰਦਿਆਂ ਨਿਕੋਲਾ ਸਟਰਜਨ ‘ਤੇ ਨਿੱਜੀ ਨਿਸ਼ਾਨਾ ਸਾਧਿਆ ਸੀ। ਉਹਨਾਂ ਕਿਹਾ ਸੀ ਕਿ ਨਿਕੋਲਾ ਸਟਰਜਨ ਅਟੈਨਸ਼ਨ ਸੀਕਰ ਹੈ ਤੇ ਉਸਨੂੰ ਅਣਗੌਲਿਆ ਕਰਨਾ ਹੀ ਬਿਹਤਰ ਹੈ। ਇੱਕ ਟੀਵੀ ਇੰਟਰਵਿਊ ਦੌਰਾਨ ਮੇਜ਼ਬਾਨ ਵੱਲੋਂ ਜਦੋਂ ਬਿਆਨ ਸੰਬੰਧੀ ਨਿਕੋਲਾ ਸਟਰਜਨ ਕੋਲੋਂ ਮਾਫ਼ੀ ਮੰਗਣ ਬਾਰੇ ਪੁੱਛਿਆ ਤਾਂ ਲਿਜ਼ ਟਰੱਸ ਨੇ ਦੋ ਲਫ਼ਜ਼ਾਂ ਵਿੱਚ ਹੀ ਗੱਲ ਮੁਕਾ ਦਿੱਤੀ ਕਿ “ਬਿਲਕੁਲ ਨਹੀਂ।” ਟਰੱਸ ਦਾ ਕਹਿਣਾ ਹੈ ਕਿ ਨਿਕੋਲਾ ਸਟਰਜਨ ਆਪਣਾ ਕੀਮਤੀ ਸਮਾਂ ਤੇ ਊਰਜਾ ਸਕਾਟਲੈਂਡ ਦੇ ਲੋਕਾਂ ਨੂੰ ਬਿਹਤਰ ਸਾਸਨ ਦੇਣ ਦੀ ਬਜਾਏ ਰਾਇਸ਼ੁਮਾਰੀ ਕਰਵਾਉਣ ‘ਤੇ ਲਗਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਾਂ ਪਰ ਮਾਣ ਨਾਲ ਕਹਿ ਸਕਦੀ ਹਾਂ ਕਿ ਬਚਪਨ ਵਿੱਚ ਸਕਾਟਲੈਂਡ ਦੇ ਕਸਬੇ ਪੇਜ਼ਲੀ ਦੇ ਪ੍ਰਾਇਮਰੀ ਸਕੂਲ ‘ਚ ਪੜ੍ਹਦੀ ਰਹੀ ਹਾਂ। ਇਸ ਦੇ ਨਾਲ ਹੀ ਸੈਕੰਡਰੀ ਸਕੂਲ ਦੀ ਪੜ੍ਹਾਈ ਲੀਡਜ਼ ਤੋਂ ਕੀਤੀ। ਮੈਂ ਅਨੇਕਤਾ ‘ਚ ਏਕਤਾ ਦੀ ਹਾਮੀ ਹਾਂ। ਮਾਫ਼ੀ ਮੰਗਣ ਦਾ ਸਵਾਲ ਹੀ ਨਹੀਂ ਬਣਦਾ। ਹਾਲ ਦੀ ਘੜੀ ਹਾਲਾਤ ਇਹ ਹਨ ਕਿ ਲਿਜ਼ ਟਰੱਸ ਤੇ ਨਿਕੋਲਾ ਸਟਰਜਨ ਦੇ ਹਮਾਇਤੀ ਨੇਤਾ ਇਸ ਬਿਆਨ ਨੂੰ ਆਧਾਰ ਬਣਾ ਕੇ ਬਿਆਨਬਾਜ਼ੀ ‘ਚ ਰੁੱਝ ਗਏ ਹਨ।