ਜੇਕਰ ਤੁਹਾਡਾ ਬੱਚਾ ਜਾਂ ਬੱਚੇ ਵਿਦੇਸ਼ ‘ਚ ਪੜ੍ਹਦੇ ਹਨ ਤਾਂ ਇਸ ਲਿਖਤ ਰਾਹੀਂ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸਾਵਧਾਨ ਰਹੋ ਤਾਂ ਕਿ ਕੋਈ ਠੱਗ ਤੁਹਾਡੀ ਖ਼ੂਨ ਪਸੀਨੇ ਦੀ ਕਮਾਈ ਨੂੰ ‘ਠੁੰਗ’ ਕੇ ਤਿੱਤਰ ਨਾ ਹੋ ਜਾਵੇ।
ਮਾਮਲਾ ਇਹ ਸਾਹਮਣੇ ਆਇਆ ਹੈ ਕਿ ਠੱਗਾਂ ਵੱਲੋਂ ਵਿਦੇਸ਼ਾਂ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਬਣਾ ਕੇ ਉਹਨਾਂ ਨੂੰ ਫੋਨ ਰਾਹੀਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਜਾਂ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਅਸੀਂ ਵਕੀਲ ਦੀ ਤਰਫੋਂ ਜਾਂ ਖੁਦ ਵਕੀਲ ਬੋਲ ਰਹੇ ਹਾਂ। ਜਮਾਨਤੀ ਫੀਸ ਵਜੋਂ 5 ਤੋਂ 10 ਲੱਖ ਰੁਪਏ ਭਾਰਤੀ ਕਰੰਸੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਜਮਾਨਤ ਜਾਂ ਸਕਿਉਰਟੀ ਲਈ ਰਾਸ਼ੀ ਜਮਾਂ ਕਰਵਾਈ ਜਾ ਸਕੇ। ਇੱਕ ਸੱਚੀ ਵਾਪਰੀ ਘਟਨਾ ਆਪ ਸਭ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਕੋਈ ਲੁੱਟੇ ਜਾਣ ਤੋਂ ਬਚ ਜਾਵੇ। ਹੋਇਆ ਇਉਂ ਕਿ ਬਲਵੰਤ ਸਿੰਘ (ਫਰਜ਼ੀ ਨਾਮ) ਦੇ ਫੋਨ ‘ਤੇ ਘੰਟੀ ਵੱਜਦੀ ਹੈ। ਪੈਂਦੀ ਸੱਟੇ ਵਿਦੇਸ਼ ਗਏ ਪੁੱਤਰ ਦਾ ਨਾਮ, ਕੋਰਸ, ਕਾਲਜ, ਸ਼ਹਿਰ ਦੀ ਜਾਣਕਾਰੀ ਬਲਵੰਤ ਸਿੰਘ ਨਾਲ ਸਾਂਝੀ ਕਰਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਲੜਕੇ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਉਸ ਦੇ ਵਕੀਲ ਦੇ ਦਫਤਰ ਵੱਲੋਂ ਗੱਲ ਕਰ ਰਹੇ ਹਾਂ। ਤੁਸੀਂ ਲੜਕੇ ਦੇ ਫੋਨ ‘ਤੇ ਭੁੱਲ ਕੇ ਵੀ ਕਾਲ ਨਹੀਂ ਕਰਨੀ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧੇਰੇ ਮੁਸ਼ਕਿਲ ਵਿੱਚ ਫਸ ਜਾਵੇ। ਪੁਲਿਸ ਵੱਲੋਂ ਉਹਦੀ ਹਰ ਕਾਲ ਰਿਕਾਰਡ ਕੀਤੀ ਜਾ ਰਹੀ ਹੈ।
ਇੰਨਾ ਸੁਣਨ ਸਾਰ ਹੀ ਪਿਓ ਨੂੰ ਠੰਢੀਆਂ ਤਰੇਲੀਆਂ ਆਉਣ ਲਗਦੀਆਂ ਹਨ। ਫੋਨ ਕਰਨ ਵਾਲੇ ਭਾਈ ਨੂੰ ਹੱਲ ਪੁੱਛਿਆ ਤਾਂ ਉਸਨੇ ਸਿੱਧੀ ਸਿੱਧੀ ਬਾਤ ਮੁਕਾ ਦਿੱਤੀ ਕਿ ਸਿਰਫ ਚਾਰ ਘੰਟੇ ਦੇ ਅੰਦਰ ਅੰਦਰ ਜੇ 5 ਲੱਖ ਰੁਪਏ ਦਾ ਬੰਦੋਬਸਤ ਨਾ ਕੀਤਾ ਗਿਆ ਤਾਂ ਗੱਲ ਡਿਪੋਰਟ ਹੋਣ ਤੱਕ ਪਹੁੰਚ ਸਕਦੀ ਹੈ। ਫੋਨ ਕਰਨ ਵਾਲਾ ਆਦਮੀ ਫੋਨ ‘ਤੇ ਲਗਾਤਾਰ ਗੱਲ ਕਰ ਰਿਹਾ ਹੈ, ਸਲਾਹਾਂ ਦੇ ਰਿਹਾ ਹੈ ਕਿ ਜੇਕਰ ਖੜ੍ਹੇ ਪੈਰ ਕਿਸੇ ਕੋਲੋਂ ਉਧਾਰੇ ਪੈਸੇ ਫੜ੍ਹਨੇ ਹਨ ਤਾਂ ਕਿਸੇ ਹੋਰ ਫੋਨ ਤੋਂ ਗੱਲ ਕਰੋ। ਬਹੁਤ ਹੀ ਪ੍ਰੇਸ਼ਾਨੀ ਭਰੇ ਮਾਹੌਲ ਵਿੱਚ ਤਿੰਨ ਕੁ ਘੰਟਿਆਂ ‘ਚ ਪੈਸਿਆਂ ਦਾ ਬੰਦੋਬਸਤ ਹੋ ਜਾਂਦਾ ਹੈ ਤਾਂ ਪੰਜਾਬ ‘ਚ ਹੀ ਕਿਸੇ ਬੰਦੇ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਨੂੰ ਕਿਹਾ ਜਾਂਦਾ ਹੈ। ਅੰਤ ਬੈਂਕ ਪਹੁੰਚ ਕੇ ਪੈਸੇ ਵੀ ਟਰਾਂਸਫਰ ਹੋ ਜਾਂਦੇ ਹਨ।
ਮਾਂ ਪਿਓ ਤੇ ਰਿਸ਼ਤੇਦਾਰ ਮੁੰਡੇ ਨੂੰ ਫੋਨ ਕਰਨੋਂ ਵੀ ਡਰਦੇ ਹਨ ਕਿ ਫੋਨ ਰਿਕਾਰਡ ਨਾ ਹੋ ਜਾਵੇ। ਅਚਾਨਕ ਬਲਵੰਤ ਸਿੰਘ ਦੇ ਦਿਮਾਗ ‘ਚ ਗੱਲ ਆਉਂਦੀ ਹੈ ਕਿ ਕਿਉਂ ਨਾ ਲੜਕੇ ਦੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਜਾਵੇ? ਜਿਉਂ ਹੀ ਦੋਸਤ ਨੂੰ ਫੋਨ ਕੀਤਾ, ਬਹੁਤ ਖੁਸ਼ ਹੋ ਕੇ ਗੱਲ ਕੀਤੀ। ਬੇਟੇ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਨਾਂ ਦਾ ਬੇਟਾ ਤਾਂ ਦਸ ਮਿੰਟ ਪਹਿਲਾਂ ਹੀ ਉਹਦੇ ਘਰੋਂ ਹੀ ਬੈਠਾ ਗਿਆ ਹੈ।
ਫਿਰ ਬੈਂਕ ਨਾਲ ਸੰਪਰਕ ਕਰਕੇ “ਵੱਜ ਚੁੱਕੀ ਠੱਗੀ” ਨੂੰ ਰੋਕਣ ਲਈ ਹੱਥ ਪੈਰ ਮਾਰੇ ਜਾਂਦੇ ਹਨ ਪਰ ਓਦੋਂ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪੈਸਾ ਹਜ਼ਮ, ਖੇਡ ਖਤਮ।
ਸੋ ਦੋਸਤੋ, ਜਿਵੇਂ ਫੇਸਬੁੱਕ ‘ਤੇ ਤੁਹਾਡਾ ਜਾਅਲੀ ਅਕਾਊਂਟ ਬਣਾ ਕੇ ਤੁਹਾਡੇ ਦੋਸਤਾਂ ਕੋਲੋਂ ਪੈਸਿਆਂ ਦੀ ਮੰਗ ਕਰਨ ਦਾ ਢਕਵੰਜ ਪੂਰੇ ਜ਼ੋਰਾਂ ‘ਤੇ ਚੱਲ ਚੁੱਕਿਆ ਹੈ, ਹੁਣ ਉੱਪਰ ਸੁਣਾਈ ਵਾਰਤਾ ਵਾਲਾ ਫੰਡਾ ਤੁਹਾਡੇ ‘ਤੇ ਵੀ ਵਰਤਿਆ ਜਾ ਸਕਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ‘ਚ ਪੜ੍ਹਨ ਗਏ ਬੱਚਿਆਂ ਦੇ ਪਰਿਵਾਰ ਦੇ ਫੋਨ ਨੰਬਰ, ਪਿੰਡ ਪਤਾ, ਬੱਚੇ ਦਾ ਨਾਂ, ਵਿਦੇਸ਼ ਵਾਲੇ ਕਾਲਜ, ਕੋਰਸ, ਸ਼ਹਿਰ ਤੱਕ ਦੀ ਜਾਣਕਾਰੀ ਲੀਕ ਕਿੱਥੋਂ ਹੋਈ ਹੋਵੇਗੀ ਜਾਂ ਹੁੰਦੀ ਹੋਵੇਗੀ?? ਇਹ ਦਿਮਾਗ ਤੁਸੀਂ ਖੁਦ ਲੜਾਉਣਾ ਹੈ ਤੇ ਨਾਲ ਹੀ ਇਸ ਵਾਰਤਾ ਦਾ ਜ਼ਿਕਰ ਆਪਣੇ ਪਰਿਵਾਰ ਵਿੱਚ ਬੈਠ ਕੇ ਹਰ ਜੀਅ ਨਾਲ, ਰਿਸ਼ਤੇਦਾਰਾਂ, ਦੋਸਤਾਂ ਨਾਲ ਜ਼ਰੂਰ ਕਰੋ ਤਾਂ ਕਿ ਠੱਗ ਕਿਸੇ ਦੀ ਵੀ ਜੇਬ ਨੂੰ ਥੁੱਕ ਨਾ ਲਾ ਜਾਣ। ਇਸ ਜਾਣਕਾਰੀ ਨੂੰ ਆਪਣੇ ਦਾਇਰੇ ਵਿੱਚ ਜ਼ਰੂਰ ਫੈਲਾਓ ਤਾਂ ਕਿ ਠੱਗ ਨੰਗੇ ਕੀਤੇ ਜਾ ਸਕਣ।