ਸ੍ਰੀ ਮੁਕਤਸਰ ਸਾਹਿਬ ( ਦੀਪਕ ਗਰਗ ) – ਪੰਜਾਬ ਅੰਦਰ ਪਸ਼ੂਆਂ ‘ਚ ਫੈਲੀ ਲੰਪੀ ਸਕਿਨ ( ਧਫੜੀ ) ਬੀਮਾਰੀ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਸਿਹਤ ਵਿਭਾਗ ਦੇ ਮੁਤਾਬਕ ਹੁਣ ਤੱਕ ਸੂਬੇ ਅੰਦਰ ਪਸ਼ੂਆਂ ‘ਚ ਲੰਪੀ ਸਕਿਨ ਦੇ 38 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਵਿਭਾਗ ਦੇ ਮੁਤਾਬਕ ਇਸ ਬੀਮਾਰੀ ਨਾਲ ਹੁਣ ਤੱਕ 800 ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੰਪੀ ਨੂੰ ਰਾਸ਼ਟਰੀ ਆਫ਼ਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਇਹ ਤਰਕ ਦਿੱਤਾ ਹੈ ਕਿ ਇਸ ਬੀਮਾਰੀ ਦਾ ਪ੍ਰਭਾਵ ਸਿਰਫ ਕੁੱਝ ਸੂਬਿਆਂ ‘ਚ ਹੀ ਹੈ।
ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਵੀ ਅਨੇਕਾਂ ਪਸ਼ੂ ਹਰ ਰੋਜ਼ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਮਰ ਰਹੇ ਹਨ ਪਰ ਸਰਕਾਰ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਪਸ਼ੂ ਪਾਲਕਾਂ ‘ਚ ਬੇਹੱਦ ਨਿਰਾਸ਼ਾ ਪਾਈ ਜਾ ਰਹੀ ਹੈ। ਪਿੰਡ ਸਰਾਏਨਾਗਾ ਵਿਖੇ ਹਰਗੋਬਿੰਦ ਡੇਅਰੀ ਫਾਰਮ ਜੋ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੋਤਰੇ ਹਰਸਿਮਰਨ ਸਿੰਘ ਬਰਾੜ ਦਾ ਹੈ ਵੀ ਲੰਪੀ ਸਕਿਨ ਬਿਮਾਰੀ ਤੋਂ ਅਛੂਤਾਂ ਨਹੀਂ ਰਿਹਾ। ਹਰਸਿਮਰਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਵਿੱਚ 180 ਗਾਵਾਂ ਹਨ ਜਿਨ੍ਹਾਂ ‘ਚੋਂ 12 ਗਾਵਾਂ ਦੀ ਲੰਪੀ ਸਕਿਨ ਕਾਰਨ ਮੌਤ ਹੋ ਚੁੱਕੀ ਹੈ ਅਤੇ 11 ਗੰਭੀਰ ਹਾਲਤ ‘ਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 24 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਸ਼ੂ ਪਾਲਣ ਤੇ ਹੋਰ ਵਿਭਾਗਾਂ ਨਾਲ ਤਾਲਮੇਲ ਵੀ ਕੀਤਾ ਪਰ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਪੰਜਾਬ ‘ਚ ਮਰ ਰਹੇ ਪਸ਼ੂਆਂ ਦੇ ਬਚਾਅ ਲਈ ਵੈਕਸੀਨ ਲਗਾਈ ਜਾਵੇ। ਉਨ੍ਹਾਂ ਅਗੇ ਇਹ ਵੀ ਦੱਸਿਆ ਕਿ ਸਾਉੂਥ ਅਫਰੀਕਾ ਵਿੱਚ ‘ਲੰਪੀ ਸਕਿਨ ਬੀਮਾਰੀ ਲਈ’ ਲ਼ੂੰਫੈੜਅਯ ਵੈਕਸੀਨ ਬਣੀ ਹੋਈ ਹੈ ਜੋ ਪਸ਼ੂਆਂ ਦੇ ਬਚਾਅ ਲਈ ਲਾਭਦਾਇਕ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਵਾਈ ਦਾ ਪ੍ਰਬੰਧ ਕਰਕੇ ਜਲਦ ਤੋਂ ਜਲਦ ਪਸ਼ੂਆਂ ਨੂੰ ਵੈਕਸੀਨ ਲਗਾਈ ਜਾਵੇ ਤਾਂ ਜੋ ਪਸ਼ੂਆਂ ਅਤੇ ਪਸ਼ੂ ਪਾਲਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਹਰਗੋਬਿੰਦ ਡੇਅਰੀ ਫਾਰਮ ਮੁਕਤਸਰ ਵਿਖੇ ਬੀਮਾਰ ਗਾਵਾਂ ਨੂੰ ਵੱਖ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਜਿਸ ਥਾਂ ‘ਤੇ ਪਸ਼ੂ ਰੱਖੇ ਗਏ ਹਨ, ਉੱਥੇ ਸਫ਼ਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ। ਤਾਂ ਜੋ ਹੋਰ ਪਸ਼ੂ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਕੇ ਆਪਣੀ ਜਾਨ ਨਾ ਗੁਆ ਲੈਣ
ਪਸ਼ੂ ਰੋਗ ਮਾਹਿਰਾਂ ਮੁਤਾਬਿਕ ਇਹ ਬੀਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ ਵਾਲੇ ਮੌਸਮ ’ਚ ਹੁੰਦੀ ਹੈ। ਇਸ ਬੀਮਾਰੀ ਤੋਂ ਗ੍ਰਸਤ ਪਸ਼ੂ ਨੂੰ 2 ਤੋਂ 3 ਦਿਨ ਤੱਕ ਹਲਕਾ ਬੁਖ਼ਾਰ ਹੁੰਦਾ ਹੈ ਅਤੇ ਪੂਰੇ ਸਰੀਰ ਦੀ ਚਮੜੀ ’ਤੇ 2 ਤੋਂ 5 ਸੈਂਟੀਮੀਟਰ ਦੀਆਂ ਸਖ਼ਤ ਗੰਢਾਂ ਉੱਪਰ ਆਉਂਦੀਆਂ ਹਨ।
ਇਨ੍ਹਾਂ ਗੰਢਾਂ ’ਚੋਂ ਦੁਧੀਆ ਪੀਲੀ ਪੀਕ ਨਿਕਲਦੀ ਹੈ ਜਾਂ ਫਿਰ ਚਮੜੀ ਗਲ ਜਾਂਦੀ ਹੈ ਅਤੇ ਇਨਫੈਕਸ਼ਨ ਹੋ ਜਾਂਦੀ ਹੈ। ਪਸ਼ੂ ਨੂੰ ਤਕਲੀਫ਼ ਹੁੰਦੀ ਹੈ ਅਤੇ ਪਸ਼ੂ ਬਹੁਤ ਕਮਜ਼ੋਰ ਹੋ ਜਾਂਦਾ ਹੈ। ਪਸ਼ੂ ਦਾ ਮੂੰਹ, ਸਾਹ ਨਲੀ, ਮੇਹਦਾ ਅਤੇ ਪ੍ਰਜਨਣ ਅੰਗਾਂ ’ਚ ਜ਼ਖਮ, ਕਮਜ਼ੋਰੀ, ਸੋਜ, ਲੱਤਾਂ ’ਚ ਪਾਣੀ ਭਰਨਾ, ਦੁੱਧ ‘ਚ ਕਮੀ, ਬੱਚਾ ਡਿੱਗਣਾ, ਪਸ਼ੂ ਦਾ ਬਾਂਝ ਹੋਣਾ ਅਤੇ ਕਿਸੇ-ਕਿਸੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਬੀਮਾਰੀ ਕੰਟਰੋਲ ਅਧੀਨ ਹੈ। ਪਸ਼ੂ ਦੋ ਤੋਂ ਤਿੰਨ ਹਫ਼ਤੇ ਵਿਚ ਠੀਕ ਵੀ ਹੋ ਜਾਂਦਾ ਹੈ ਪਰ ਦੁੱਧ ਦੀ ਪੈਦਾਵਾਰ ਕਾਫੀ ਸਮੇਂ ਤੱਕ ਘੱਟ ਰਹਿੰਦੀ ਹੈ। ਪਸ਼ੂ ਮਾਹਿਰਾਂ ਨੇ ਦੱਸਿਆ ਕਿ ਗੋਟ ਪੌਕਸ ਵੈਕਸੀਨ ਨਾਲ ਪੀੜਤ ਪਸ਼ੂਆਂ ਦਾ ਬਚਾਅ ਕੀਤਾ ਜਾ ਸਕਦਾ ਹੈ। ਵੈਕਸੀਨ ਕਰਨ ਦੇ ਸਮੇਂ ਹਰ ਪਸ਼ੂ ਲਈ ਨਵੀਂ ਸੂਈ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਾਲਕ ਮੇਲੇ, ਮੰਡੀਆਂ ਅਤੇ ਪਸ਼ੂ ਮੁਕਾਬਲਿਆਂ ’ਚ ਪਸ਼ੂਆਂ ਨੂੰ ਲੈ ਕੇ ਜਾਣ ਤੋਂ ਪਰਹੇਜ਼ ਕਰਨ।
ਵਾਇਰਸ ਪਹਿਲਾਂ ਕਿੱਥੇ ਪਾਇਆ ਗਿਆ ਸੀ?
ਇਹ ਵਾਇਰਸ ਲਗਭਗ 30-35 ਸਾਲ ਪਹਿਲਾਂ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਸੀ। ਪਿਛਲੇ 10-15 ਸਾਲਾਂ ਵਿੱਚ, ਇਹ ਘਾਨਾ ਅਤੇ ਦੱਖਣੀ ਅਫਰੀਕਾ ਦੇ ਹੋਰ ਖੇਤਰਾਂ ਵਿੱਚ ਮਹਾਂਮਾਰੀ ਦਾ ਰੂਪ ਲੈ ਚੁੱਕਾ ਸੀ। ਇਹ ਵਾਇਰਸ ਤਿੰਨ ਸਾਲ ਪਹਿਲਾਂ ਭਾਰਤ ਵਿੱਚ ਪਹਿਲੀ ਵਾਰ ਪਾਇਆ ਗਿਆ ਸੀ। ਹੁਣ ਇਹ ਮਹਾਂਮਾਰੀ ਦਾ ਰੂਪ ਲੈ ਚੁੱਕਾ ਹੈ। ਹੁਣ ਇਹ ਹਰ ਸਾਲ ਬਰਸਾਤ ਤੋਂ ਪਹਿਲਾਂ ਹੀ ਫੈਲੇਗੀ।
ਕੀ ਇਹ ਬਿਮਾਰੀ ਮਨੁੱਖਾਂ ਵਿੱਚ ਵੀ ਫੈਲ ਸਕਦੀ ਹੈ ?
ਇਹ ਬਿਮਾਰੀ ਗੈਰ-ਜੂਨੋਟਿਕ ਹੈ, ਭਾਵ ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ। ਇਸ ਲਈ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਪਸ਼ੂ ਪਾਲਕਾਂ ਲਈ ਡਰਨ ਵਾਲੀ ਕੋਈ ਗੱਲ ਨਹੀਂ ਹੈ। ਪ੍ਰਭਾਵਿਤ ਪਸ਼ੂਆਂ ਦੇ ਦੁੱਧ ਨੂੰ ਉਬਾਲ ਕੇ ਪੀਤਾ ਜਾ ਸਕਦਾ ਹੈ। ਪਸ਼ੂਆਂ ਦੀ ਆਵਾਜਾਈ ਬੰਦ ਕੀਤੀ ਜਾਵੇ ਤਾਂ ਜੋ ਇਹ ਬਿਮਾਰੀ ਸਿਹਤਮੰਦ ਪਸ਼ੂਆਂ ਵਿੱਚ ਨਾ ਫੈਲੇ। ਪ੍ਰਭਾਵਿਤ ਜਾਨਵਰਾਂ ਨੂੰ ਵੱਖਰੇ ਤੌਰ ‘ਤੇ ਬੰਨ੍ਹਣਾ ਚਾਹੀਦਾ ਹੈ।
ਰੋਕਥਾਮ ਦੇ ਉਪਾਅ ਕੀ ਹਨ?
ਵੈਕਸੀਨ ਦੀਆਂ ਤਿੰਨ ਕਿਸਮਾਂ ਉਪਲਬਧ ਹਨ। ਬੱਕਰੀ ਪੈਕਸ, ਭੇਡ ਪੈਕਸ ਅਤੇ ਲੰਪੀ ਪੈਕਸ। ਗੋਟ ਪੌਕਸ (ਬੱਕਰੀਆਂ ਚ ਹੋਣ ਵਾਲਾ ਪੋਕਸ) ਅਤੇ ਭੇਡ ਪੋਕਸ (ਭੇਡਾਂ ਚ ਹੋਣ ਵਾਲਾ ਪੋਕਸ) ਦੇ ਟੀਕੇ ਭਾਰਤ ਵਿੱਚ ਉਪਲਬਧ ਹਨ, ਜਦੋਂ ਕਿ ਲੰਪੀ ਪੌਕਸ ਲਈ ਵੈਕਸੀਨ ਅਜੇ ਭਾਰਤ ਵਿੱਚ ਨਹੀਂ ਬਣੀ ਹੈ।
ਜਾਣਕਾਰੀ ਮੁਤਾਬਿਕ ਐਮ ਐਸ ਡੀ ਐਨੀਮਲ ਹੈਲਥ ਵਲੋਂ
ਡਿਜ਼ਾਈਨ ਬਾਇਓਲੋਜੀਸ ਸੀਸੀ
ਮੀਰਿੰਗ ਨੌਡ ਸਟ੍ਰੀਟ
ਲਿਨਵੁੱਡ, ਪ੍ਰਿਟੋਰੀਆ, ਸਾਊਥ ਅਫਰੀਕਾ
ਨੇ ਇਸ ਦਾ ਟੀਕਾ ਤਿਆਰ ਕਰ ਲਿਆ ਹੈ। ਭਾਰਤ ਨੂੰ ਇਸ ਦੀ ਦਰਾਮਦ ਕਰਨੀ ਪਵੇਗੀ।
ਇਹ ਵੈਕਸੀਨ ਕਿਵੇਂ ਕੰਮ ਕਰਦੀ ਹੈ
ਗਊ ਵੰਸ਼ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਬੀ ਅਤੇ ਟੀ ਸੈੱਲ ਹੁੰਦੇ ਹਨ। ਜੇਕਰ ਇਸ ਵੈਕਸੀਨ ਰਾਹੀਂ ਜਾਨਵਰਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾਂਦਾ ਹੈ, ਤਾਂ ਕੋਰੋਨਾ ਵੈਕਸੀਨ ਵਾਂਗ ਹੀ ਵਾਇਰਸ ਦਾ ਪ੍ਰਭਾਵ ਵੀ ਘੱਟ ਜਾਂਦਾ ਹੈ।