ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਵਣਜ਼ਾਰਾ ਦੇ 444ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੀ ਇਕ ਵਾਰ ਫਿਰ ਬੇਅਦਬੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਇਸ ਸਬੰਧ ਵਿੱਚ ਕੁਝ ਵੀਡੀਓ ਵਾਇਰਲ ਹੋਈ ਹੈ ਜੋ ਸਿੱਖ ਹਿਰਦਿਆਂ ਨੂੰ ਤੰਗ ਕਰਨ ਵਾਲੀਆਂ ਹਨ । ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਲੋਕ ਸਿਗਰਟ ਪੀਂਦੇ ਹੋਏ ਸਾਫ਼ ਵੇਖੇ ਜਾ ਸਕਦੇ ਹਨ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।
ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵੀਡੀਓ ‘ਚ ਸਿਗਰਟ ਪੀਣ, ਪਾਨ ਦੇ ਦਾਗ ਸਮੇਤ ਪਾਬੰਦੀਸ਼ੁਦਾ ਪਦਾਰਥ ਦਿਖਾਏ ਗਏ ਹਨ, ਜੋ ਕਿ ਸਿੱਖ ਧਾਰਮਿਕ ਅਸਥਾਨ ਦੀ ਘੋਰ ਬੇਅਦਬੀ ਹੈ। ਸਰਨਾ ਨੇ ਕਿਹਾ ਕਿ ਜੇਕਰ ਕੋਈ ਇਸ ਲਈ ਜ਼ਿੰਮੇਵਾਰ ਹੈ ਤਾਂ ਉਹ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਹਨ। ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਨ੍ਹਾਂ ਦੋਵਾਂ ਦੀ ਦੇਖ-ਰੇਖ ਹੇਠ ਕਿਸੇ ਇਤਿਹਾਸਕ ਗੁਰਦੁਆਰੇ ਵਿੱਚ ਪ੍ਰੋਗਰਾਮ ਦੌਰਾਨ ਸਿਗਰਟ ਪੀਣ ਵਾਲਿਆਂ ਅਤੇ ਸੁਪਾਰੀ ਖਾਣ ਵਾਲਿਆਂ ਦੀ ਐਂਟਰੀ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਬੰਗਲਾ ਸਾਹਿਬ ਗੁਰਦੁਆਰਾ ਕੰਪਲੈਕਸ ਸਥਿਤ ਸਰੋਵਰ ‘ਤੇ ਕਰਵਾ ਚੌਥ ਦੇ ਜਸ਼ਨ ਮਨਾਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਸਰੋਵਰ ਤੇ ਹੀ ਕੁਝ ਜੋੜੇ ਸਪੱਸ਼ਟ ਤੌਰ ‘ਤੇ ਕੁਝ ਅਸ਼ਲੀਲ ਵੀਡੀਓਜ਼ ਦੇ ਨਾਲ ਸੈਲਫੀ ਅਤੇ ਟਿਕਟੋਕ ਬਣਾਉਂਦੇ ਹੋਏ ਕੈਮਰੇ ਵਿਚ ਕੈਦ ਹੋਣ ਦੀ ਵੀਂ ਵੀਡੀਓ ਵਾਇਰਲ ਹੋਈਆਂ ਸਨ ।
ਸਰਨਾ ਨੇ ਅਪੀਲ ਕੀਤੀ ਕਿ ਸਿਰਸਾ ਅਤੇ ਕਾਲਕਾ ਨੂੰ ਇਸ ਘਟਨਾ ਲਈ ਸਮੂਹ ਸਿੱਖ ਸੰਗਤ ਤੋਂ ਨਾ ਸਿਰਫ਼ ਮੁਆਫ਼ੀ ਮੰਗਣੀ ਚਾਹੀਦੀ ਹੈ ਸਗੋਂ ਪਵਿੱਤਰ ਰਕਾਬਗੰਜ ਸਾਹਿਬ ਕੰਪਲੈਕਸ ਦੀ ਪੂਰੀ ਤਰ੍ਹਾਂ ਸਫ਼ਾਈ ਕਰਨ ਦੇ ਹੁਕਮ ਵੀ ਜਾਰੀ ਕਰਨੇ ਚਾਹੀਦੇ ਹਨ।
ਉਨ੍ਹਾਂ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਨ ਦੇ ਰੰਗਾਰੰਗ ਪ੍ਰੋਗਰਾਮ ‘ਤੇ ਵੀਂ ਕੁਝ ਸਵਾਲ ਉਠਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਤਾਲਕਟੋਰਾ ਸਟੇਡੀਅਮ ‘ਚ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਹਾੜੇ ‘ਤੇ ਰੰਗਾਰੰਗ ਪ੍ਰੋਗਰਾਮ ਕਰਵਾਏ ਉਹ ਨਿੰਦਣਯੋਗ ਹੈ । ਉਨ੍ਹਾਂ ਕਮੇਟੀ ਪ੍ਰਬੰਧਕਾਂ ਨੂੰ ਪੁੱਛਿਆ ਕੀ ਹੁਣ ਇਹ ਲੋਕ ਸਟੇਜਾਂ ਤੋਂ ਗੁਰੂਆਂ ਅਤੇ ਮਹਾਨ ਯੋਧਿਆਂ ਨੂੰ ਸਮਰਪਿਤ ਪ੍ਰੋਗਰਾਮ ਵੀ ਇਸੇ ਤਰ੍ਹਾਂ ਦੀਆਂ ਫਿਲਮੀ ਧੁਨਾਂ ‘ਤੇ ਕਰਨਗੇ.? ਕਾਲਕਾ ਅਤੇ ਸਿਰਸਾ ‘ਤੇ ਚੁਟਕੀ ਲੈਂਦਿਆਂ ਸਰਨਾ ਨੇ ਕਿਹਾ ਕਿ ਸੱਤਾ ਅਤੇ ਪੀਆਰ ਦੇ ਭੁੱਖੇ ਇਹ ਲੋਕ ਬਿਨਾਂ ਕਿਸੇ ਯੋਜਨਾ, ਤਿਆਰੀ ਅਤੇ ਸਲਾਹ-ਮਸ਼ਵਰੇ ਤੋਂ ਪ੍ਰੋਗਰਾਮ ਉਲੀਕਦੇ ਹਨ। ਜਿਸ ਦੇ ਸਿੱਟੇ ਵਜੋਂ ਕੇਵਲ ਅਤੇ ਕੇਵਲ ਪੰਥ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਅਸਲ ਵਿੱਚ ਇਹ ਸਭ ਕੁਝ ਧਾਰਮਿਕ ਅਨਪੜ੍ਹਤਾ ਕਾਰਨ ਹੁੰਦਾ ਹੈ। ਇਸ ਲਈ ਸੰਗਤਾਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।