ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜੇ ਦੀ ਆੜ ਵਿੱਚ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਏ ਗਏ ਪ੍ਰੋਗਰਾਮ ਬਾਰੇ ਵਿਵਾਦ ਪੈਦਾ ਹੋ ਗਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਨੂੰ ਲੈਕੇ ਦਿੱਲੀ ਕਮੇਟੀ ਨੂੰ ਸਵਾਲ ਪੁੱਛੇ ਹਨ। ਜੀਕੇ ਨੇ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਖਿਲਾਫ ਦਿੱਲੀ ਕਮੇਟੀ ਵੱਲੋਂ ‘ਰਾਮਲੀਲਾ’ ਦੀ ਤਰਜ਼ ਉਤੇ ਕਰਵਾਏ ਗਏ ਨਾਟਕ ‘ਚ ਭਾਈ ਲੱਖੀ ਸ਼ਾਹ ਵਣਜਾਰਾ ਤੇ ਉਨ੍ਹਾਂ ਦੇ ਪੁੱਤਰ ਸ਼ਹੀਦ ਭਾਈ ਨਿਗਾਹਿਆ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪੁੱਤਰ ਸ਼ਹੀਦ ਭਾਈ ਉਦੈ ਸਿੰਘ ਜੀ ਦੇ ਕਿਰਦਾਰ ਦਾ ਮਨੁੱਖੀ ਚਿਤਰਨ ਹੋਇਆ ਹੈ। ਜਦੋਂ ਕਿ ਗੁਰੂ ਸਾਹਿਬਾਨਾਂ, ਗੁਰੂ ਪਰਿਵਾਰ, ਗੁਰੂ ਸਿੱਖਾਂ ਅਤੇ ਸ਼ਹੀਦ ਸਿੰਘਾਂ ਬਾਰੇ ਕਿਸੇ ਵੀ ਮਨੁੱਖ ਨੂੰ ਕਿਰਦਾਰ ਨਿਭਾਉਣ ਦੀ ਸਾਫ਼ ਮਨਾਹੀ ਹੈ। ਹਾਲਾਂਕਿ ਗੁਰੂ ਸਾਹਿਬਾਨਾਂ ਨੂੰ ਛੱਡ ਕੇ ਬਾਕੀ ਸਭ ਸਿੱਖ ਕਿਰਦਾਰਾਂ ਦੇ ਐਨੀਮੇਸ਼ਨ ਰਾਹੀਂ ਚਿਤਰ ਘੜਨ ਅਤੇ ਸੰਵਾਦ ਅਦਾਇਗੀ ਕਰਨ ਦੀ ਛੋਟ ਹੈ, ਪਰ ਗੁਰੂ ਸਾਹਿਬਾਨ ਦੀ ਸੰਵਾਦ ਅਦਾਇਗੀ ਵੀ ਨਹੀਂ ਹੋ ਸਕਦੀ ਹੈ।
ਜੀਕੇ ਨੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਾਈ ਲੱਖੀ ਸ਼ਾਹ ਵਣਜਾਰਾ ਦੇ ਪੁੱਤਰ ਭਾਈ ਨਿਗਾਹੀਆ ਸਿੰਘ 6 ਅਪ੍ਰੈਲ 1709 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਜੰਗ ਵਿੱਚ ਸ਼ਹੀਦ ਹੋਏ ਸਨ। ਜਦਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਰਹੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਭਾਈ ਉਦੈ ਸਿੰਘ ਨੇ 6 ਦਸੰਬਰ 1705 ਨੂੰ ਸ਼ਹਾਦਤ ਪ੍ਰਾਪਤ ਕੀਤੀ ਸੀ। ਇਸ ਵੇਲੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਿੱਖਾਂ ਦੇ ਪਿਛਲੇ ਦਸਤੇ ਦੀ ਭਾਈ ਉਦੈ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ ਮਿਲ ਕੇ ਸੁਰੱਖਿਆ ਕਰ ਰਹੇ ਸਨ। ਜੀਕੇ ਨੇ ਅਫਸੋਸ ਜਤਾਇਆ ਕਿ ਸਿੱਖ ਇਤਿਹਾਸ ਦੇ ਬਹਾਦਰ ਸੁਰਮਿਆਂ ਦੇ ਮਨੁੱਖੀ ਕਿਰਦਾਰ ਦਾ ਚਿਤਰਨ ਕਰਨਾ ਬਹੁਤ ਵੱਡੀ ਬੇਵਕੂਫ਼ੀ ਹੈਂ। ਇਹ ਉਹ ਮਹਾਨ ਯੋਧੇ ਸਨ, ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹੁੰਦਿਆਂ ਹੋਇਆਂ ਦੇਖਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸ਼ਰੀਰ ਨੂੰ ਖ਼ੁਆਰ ਨਹੀਂ ਹੋਣ ਦਿੱਤਾ ਸੀ। ਉਸ ਤੋਂ ਬਾਅਦ ਭਾਈ ਨਿਗਾਹੀਆ ਸਿੰਘ ਅਤੇ ਭਾਈ ਉਦੈ ਸਿੰਘ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਅਤੇ ਕੌਮ ਲਈ ਆਪਣੀਆਂ ਅਤੇ ਆਪਣਿਆਂ ਪੁੱਤਰਾਂ ਦੀਆਂ ਸ਼ਹਾਦਤਾਂ ਵੀ ਦਿੱਤੀਆਂ। ਪਰ ਦਿੱਲੀ ਕਮੇਟੀ ਨੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਕਰਨੀ ਨੂੰ ਰਾਮਲੀਲਾ ਪ੍ਰਸੰਗ ਵਿੱਚ ਪਿਰੋ ਕੇ ਵੱਡੀ ਗੁਸਤਾਖੀ ਕੀਤੀ ਹੈ।