ਸਿੱਖ ਧਰਮ ਦੇ ਵਿਦਵਾਨਾ ਅਤੇ ਬੁੱਧੀਜੀਵੀਆਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ, ਸਿੱਖ ਧਰਮ ਦੇ ਅਨੁਆਈਆਂ ਨੂੰ ਰੌਸ਼ਨੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੀ ਵਿਦਵਤਾ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਦੀ ਪ੍ਰਵਿਰਤੀ ਦਾ ਸੰਸਾਰ ਵਿੱਚ ਕੋਈ ਵੀ ਸਾਨੀ ਨਹੀਂ ਪੈਦਾ ਹੋ ਸਕਿਆ। ਵਿਦਵਾਨਾ ਅਤੇ ਸਿਆਸਤਦਾਨਾ ਦੇ ਉਹ ਮਾਰਗ ਦਰਸ਼ਕ ਹਨ ਕਿਉਂਕਿ ਉਹ ਹਵਾਈ ਗੱਲਾਂ ਦੀ ਥਾਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੇ ਮੁੱਦਈ ਸਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਵਿਲੱਖਣ ਧਰਮ ਹੈ। ਇਹ ਸੰਸਾਰ ਦਾ ਇਕੋ ਇਕ ਅਜਿਹਾ ਧਰਮ ਹੈ, ਜਿਹੜਾ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵੇਂ ਹੋਰ ਵੀ ਧਰਮ ਇਨਸਾਨੀਅਤ ਦੀ ਗੱਲ ਕਰਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਧਰਮ ਮਾਨਵਤਾ ਦੇ ਹਿੱਤਾਂ ਤੇ ਪਹਿਰਾ ਦੇਣ, ਸਰਬਸਾਂਝੀਵਾਲਤਾ, ਬਰਾਬਰੀ, ਨਿਆਏ, ਜਾਤ ਪਾਤ ਦਾ ਖੰਡਨ ਅਤੇ ਇਸਤਰੀ ਜਾਤੀ ਨੂੰ ਬਰਾਬਰ ਦੇ ਅਧਿਕਾਰ ਅਤੇ ਗਊ ਗ਼ਰੀਬ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ। ਸਿੱਖ ਧਰਮ ਦੇ ਪਵਿਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਜਾਤੀ, ਵਰਗ, ਭਗਤਾਂ ਅਤੇ ਮਹਾਤਮਾਵਾਂ ਦੀ ਬਾਣੀ ਦਰਜ ਹੈ। ਸਿੱਖ ਧਰਮ ਦੀ ਵਿਚਾਰਧਾਰਾ ਇਨਸਾਨੀਅਤ ਦੀ ਵਿਚਾਰਧਾਰਾ ਹੈ। ਇਸ ਬਾਣੀ ਨੂੰ ਸਮਝਣਾ ਅਤੇ ਇਸ ਦੀ ਵਿਆਖਿਆ ਕਰਨੀ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਜਿਸ ਪੱਧਰ ਤੇ ਪਹੁੰਚਕੇ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਇਸ ਪਵਿਤਰ ਬਾਣੀ ਦੀ ਰਚਨਾ ਕੀਤੀ ਹੈ, ਇਸ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਨੂੰ ਉਸ ਪੱਧਰ ਤੇ ਪਹੁੰਚਣਾ ਪੈਂਦਾ ਹੈ। ਉਸ ਪੱਧਰ ਤੱਕ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਪੰਜਾਬ ਵਿਚ ਸਿੱਖ ਧਰਮ ਦੇ ਬਹੁਤ ਸਾਰੇ ਵਿਦਵਾਨ ਅਨੁਆਈ ਹੋਏ ਹਨ। ਉਨ੍ਹਾਂ ਸਾਰਿਆਂ ਵਿਚੋਂ ਸਰਵੋਤਮ ਪ੍ਰਬੀਨ ਵਿਦਵਾਨ ਜਿਸਨੇ ਦਿ੍ਰੜ੍ਹਤਾ, ਲਗਨ, ਦਲੇਰੀ ਅਤੇ ਸੁਜੱਗਤਾ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਅਤੇ ਉਸਦੀ ਸੋਚ ਨੂੰ ਪਹਿਚਾਣਿਆਂ ਹੈ, ਉਹ ਸਨ ਸਿਰਦਾਰ ਕਪੂਰ ਸਿੰਘ। ਸਿਰਦਾਰ ਕਪੂਰ ਸਿੰਘ ਵਿਦਵਤਾ ਅਤੇ ਮੌਲਿਕ ਬੌਧਿਕਤਾ ਦਾ ਮੁਜੱਸਮਾ ਸਨ। ਉਨ੍ਹਾਂ ਦੇ ਵਿਅਕਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾਏ ਜਾਣ ਉਤਨੇ ਹੀ ਥੋੜ੍ਹੇ ਹਨ। ਉਹ ਸਿੱਖ ਜਗਤ ਵਿਚੋਂ ਇਕੋ ਇਕ ਅਜਿਹੇ ਵਿਦਵਾਨ ਸਨ, ਜਿਨ੍ਹਾਂ ਨੂੰ 13 ਅਕਤੂਬਰ 1973 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ‘‘ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਜ਼ਮ’’ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਜੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਰਵੋਤਮ ਚਿੰਤਕ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਦੂਰ ਦਿ੍ਰਸ਼ਟੀ ਵਾਲੇ ਪੰਥ ਦੇ ਰੌਸ਼ਨ ਦਿਮਾਗ ਅਜ਼ੀਮ ਸ਼ਖ਼ਸ਼ੀਅਤ ਵਾਲੇ ਵਿਦਵਾਨ ਸਨ, ਜਿਹੜੇ ਜ਼ਬਰ ਜ਼ੁਲਮ, ਲੁੱਟ ਖਸੁੱਟ, ਸਮਾਜਿਕ ਕੁਰੀਤੀਆਂ, ਅਣਮਨੁੱਖੀ ਵਿਵਹਾਰ ਅਤੇ ਤਲਖ਼ ਹਕੀਕਤਾਂ ਬਾਰੇ ਬੇਬਾਕ ਹੋ ਕੇ ਦਲੇਰੀ ਨਾਲ ਲਿਖਦੇ ਸਨ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਦੇ ਅਸੂਲਾਂ ਤੇ ਪਹਿਰਾ ਦਿੱਤਾ ਭਾਵੇਂ ਉਨ੍ਹਾਂ ਨੂੰ ਇਸ ਬਦਲੇ ਕਿਤਨੀ ਵੀ ਕੁਰਬਾਨੀ ਦੇਣੀ ਪਈ। ਉਹ ਹਮੇਸ਼ਾ ਨਿੱਜੀਅਤ ਤੋਂ ਉਪਰ ਉਠਕੇ ਸਿਰਫ ਤੇ ਸਿਰਫ ਸਿੱਖੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿੰਦੇ ਸਨ। ਸਿੱਖੀ ਅਤੇ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ਨਿੱਡਰ, ਨਿਰਭੈ, ਬੇਬਾਕ, ਨਿਝੱਕ ਅਤੇ ਦਲੇਰ ਵਿਦਵਾਨ ਸਨ, ਜਿਹੜੇ ਸੱਚੀ ਗੱਲ ਕਿਸੇ ਦੇ ਵੀ ਮੂੰਹ ਤੇ ਕਹਿਣ ਦੀ ਸਮਰੱਥਾ ਰੱਖਦੇ ਸਨ। ਉਨ੍ਹਾਂ ਦੀ ਵਿਦਵਤਾ ਸਾਹਮਣੇ ਕੋਈ ਵੀ ਵਿਦਵਾਨ ਕੁਸਕਦਾ ਨਹੀਂ ਸੀ। ਉਨ੍ਹਾਂ ਦੀ ਲਿਖਤ ਅਤੇ ਭਾਸ਼ਣ ਵਿਚ ਵਿਵੇਕੀ, ਪ੍ਰਤਿਭਾਵਾਨ ਤੇ ਪ੍ਰਭਾਵਸ਼ਾਲੀ ਪਹੁੰਚ ਹੁੰਦੀ ਸੀ। ਹਰ ਗੱਲ ਦਲੀਲ ਅਤੇ ਸਿੱਖੀ ਸੰਕਲਪ ਦੇ ਸੰਦਰਭ ਨਾਲ ਕਰਦੇ ਸਨ। ਸਿਦਕ ਅਤੇ ਸਿਰੜ੍ਹ ਦੀ ਮੂਰਤ, ਸਮਰਪਤ ਭਾਵਨਾ ਵਾਲੇ, ਸਿੱਖੀ ਵਿਚ ਪਰਪੱਕ, ਸੂਖ਼ਮ ਜ਼ਜਬੇ ਵਾਲੇ ਫ਼ਖ਼ਰੇ ਕੌਮ ਸਨ। ਪ੍ਰਬੁੱਧ ਸਕਾਲਰ, ਨਿਆਰੀ ਵਿਚਾਰਧਾਰਾ ਦੇ ਮਾਲਕ, ਸਾਰੇ ਧਰਮਾ ਦੇ ਵਿਦਵਾਨ, ਅੱਧੀ ਦਰਜਨ ਭਾਸ਼ਾਵਾਂ ਦੇ ਗਿਆਤਾ, ਮਹਾਨ ਤਿਆਗੀ, ਸਿੱਖੀ ਦੀ ਚਾਸ਼ਣੀ ਵਿਚ ਰਸਾਏ ਹੋਏ ਅਤੇ ਸਿੱਖੀ ਦੇ ਸੰਦਰਵ ਵਿਚ ਹਰ ਪੜ੍ਹਾਈ ਅਤੇ ਲਿਖਾਈ ਕਰਨ ਵਾਲੇ ਗਿਆਨ ਦਾ ਵਗਦਾ ਦਰਿਆ ਸਨ। ਉਨ੍ਹਾਂ ਦੀ ਕਾਬਲੀਅਤ ਇਤਨੀ ਸੀ ਕਿ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਆਪਣੀ ਵਿਦਵਤਾ ਨਾਲ ਉਹ ਸਿੱਖ ਧਰਮ ਨਾਲ ਜੋੜ ਲੈਂਦੇ ਸਨ। ਇਸਦੀ ਮਿਸਾਲ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਦੋਸਤ ਆਰਟ ਕਾਲਜ ਦੇ ਪਿ੍ਰੰਸੀਪਲ ਸਰਦਾਰੀ ਲਾਲ ਪ੍ਰਾਸ਼ਰ ਨਾਲ ਸੰਬਾਦ ਕਰਕੇ ਉਸਨੂੰ ਆਪਣੀ ਈਨ ਮੰਨਵਾ ਲਈ। ਦੋਹਾਂ ਵਿਦਵਾਨਾ ਦੇ ਸੰਬਾਦ ਨੂੰ ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਭਾਸ਼ਾ ਦੀ ‘‘ ਪ੍ਰਾਸ਼ਰ ਪ੍ਰਸ਼ਨ’’ ਦੇ ਨਾਂ ਹੇਠ ਪੁਸਤਕ ਪ੍ਰਕਾਸ਼ਤ ਕਰਵਾ ਦਿੱਤੀ, ਜਿਹੜੀ ਉਨ੍ਹਾਂ ਦੀ ਸੁਜੱਗ ਵਿਦਵਤਾ ਦਾ ਵਿਲੱਖਣ ਨਮੂਨਾ ਹੈ। ਉਨ੍ਹਾਂ ਦੀ ਸੰਸਾਰ ਦੇ ਪ੍ਰਮੁੱਖ ਧਰਮਾਂ ਬਾਰੇ ਜਾਣਕਾਰੀ ਇਤਨੀ ਸੀ ਕਿ ਉਹ ਜਦੋਂ ਤੁਲਨਾਤਮਕ ਅਧਿਐਨ ਵਾਲੇ ਵਿਚਾਰ ਪ੍ਰਗਟ ਕਰਦੇ ਸਨ ਤਾਂ ਪਾਠਕ ਦੰਗ ਰਹਿ ਜਾਂਦੇ ਸਨ। ਉਹ ਕੌਮਾਂਤਰੀ ਪ੍ਰਤਿਭਾ ਅਤੇ ਵਿਸ਼ਾਲ ਅਨੁਭਵ ਵਾਲੇ ਕਰਮਯੋਗੀ, ਯੁਗ ਪੁਰਸ਼ ਸਨ। ਉਨ੍ਹਾਂ ਲਗਪਗ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਅਤੇ ਅਨੇਕਾਂ ਖੋਜੀ ਲੇਖ ਲਿਖੇ, ਪੁਸਤਕਾਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪੁੰਦ੍ਰੀਕ, ਸਾਚੀ ਸਾਖੀ, ਬਹੁ-ਵਿਸਤਾਰ, ਸਪਤ ਸਿ੍ਰੰਗ, ਪ੍ਰਾਸ਼ਰ-ਪ੍ਰਸ਼ਨ, (ਵੈਸਾਖੀ ਆਫ਼ ਗੁਰੂ ਗੋਬਿੰਦ ਸਿੰਘ, ਦੀ ਪੋਲੀਟੀਕਲ ਸਟੱਡੀ ਆਫ਼ ਗੋਲਡਨ ਟੈਂਪਲ) ਪੰਚਨਦ, ਹਸ਼ੀਸ਼ ਅਤੇ ਕਿਸਾ ਬੀਬੀ ਰੂਪ ਕੌਰ ਹਨ।
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕੀਤੀ ਜਿਥੇ ਮਾਸਟਰ ਤਾਰਾ ਸਿੰਘ ਹੈਡਮਾਸਟਰ ਸਨ। ਦਸਵੀਂ ਵਿਚੋਂ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਏ। ਫਿਰ ਉਨ੍ਹਾਂ ਨੂੰ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਪਹਿਲਾਂ ਐਫ.ਏ.ਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਜਿਥੋਂ ਉਨ੍ਹਾਂ ਨੇ ਦੋਹਰੀ ਐਮ.ਏ.1933 ਵਿਚ ਫਿਲਾਸਫੀ ਅਤੇ ਮਾਰਲ ਸਾਇੰਸਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਲੈਕਚਰਾਰ ਦੀ ਆਫਰ ਕੀਤੀ ਸੀ ਪ੍ਰੰਤੂ ਉਨ੍ਹਾਂ ਨੇ ਵਾਪਸ ਭਾਰਤ ਆ ਕੇ ਸੇਵਾ ਕਰਨ ਨੂੰ ਪਹਿਲ ਦਿੱਤੀ। ਉਥੇ ਰਹਿੰਦਿਆਂ ਹੀ ਉਹ 1933 ਵਿਚ ਆਈ.ਸੀ.ਐਸ.ਲਈ ਚੁਣੇ ਗਏ। ਵਾਪਸ ਆ ਕੇ ਕਈ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਰਹੇ। ਜਦੋਂ ਉਹ ਡਿਪਟੀ ਕਮਿਸ਼ਨਰ ਸਨ ਤਾਂ ਇਕ ਸਰਕਾਰੀ ਗੁਪਤ ਪੱਤਰ ਉਦੋਂ ਦੇ ਪੰਜਾਬ ਦੇ ਰਾਜਪਾਲ ਚੰਦੂ ਲਾਲ ਤਿ੍ਰਵੇਦੀ ਵੱਲੋਂ ਆ ਗਿਆ, ਜਿਸ ਵਿਚ ਲਿਖਿਆ ਗਿਆ ਸੀ ਕਿ ਸਿੱਖਾਂ ਤੇ ਨਜ਼ਰ ਰੱਖੀ ਜਾਵੇ ਕਿਉਂਕਿ ਉਹ ਜ਼ਰਾਇਮ ਪੇਸ਼ਾ ਕੌਮ ਹਨ। ਇਸ ਪੱਤਰ ਨੇ ਉਨ੍ਹਾਂ ਦੀਆਂ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਤੁਰੰਤ ਉਨ੍ਹਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਦਿੱਤੀ ਕਿ ਜ਼ਰਾਇਮ ਪੇਸ਼ਾ ਸ਼ਬਦ ਗੁਪਤ ਪੱਤਰ ਵਿਚੋਂ ਕੱਢਿਆ ਜਾਵੇ। ਸਰਕਾਰ ਨੇ ਉਨ੍ਹਾਂ ਦੇ ਇਸ ਪੱਤਰ ਨੂੰ ਸਰਕਾਰ ਦੇ ਭੇਦ ਗੁਪਤ ਨਾ ਰੱਖਣ ਦਾ ਬਹਾਨਾ ਬਣਾਕੇ ਉਨ੍ਹਾਂ ਨੂੰ ਆਈ.ਸੀ.ਐਸ.ਦੀ ਨੌਕਰੀ ਵਿਚੋਂ 2 ਸਤੰਬਰ 1950 ਨੂੰ ਬਰਖ਼ਾਸਤ ਕਰ ਦਿੱਤਾ।
ਸਿਰਦਾਰ ਕਪੂਰ ਸਿੰਘ ਨੂੰ ਅਕਾਲੀ ਦਲ ਨੇ 1962 ਵਿਚ ਲੋਕ ਸਭਾ ਦਾ ਲੁਧਿਆਣਾ ਤੋਂ ਟਿਕਟ ਦਿੱਤਾ ਅਤੇ ਉਹ ਚੋਣ ਜਿੱਤ ਗਏ। ਲੋਕ ਸਭਾ ਵਿਚ ਉਨ੍ਹਾਂ ਦੀ 6 ਸਤੰਬਰ 1966 ਨੂੰ ਦਿੱਤੀ ਤਕਰੀਰ ਮੀਲ ਪੱਥਰ ਸਾਬਤ ਹੋਈ, ਜਿਸ ਵਿਚ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਅਏ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਸੀ। ਫਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਹਲਕੇ ਤੋਂ ਟਿਕਟ ਦਿੱਤੀ ਅਤੇ ਉਹ ਵਿਧਾਨਕਾਰ ਚੁਣੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਵਿਦਵਤਾ ਦੀ ਕਦਰ ਤਾਂ ਕਰਦਾ ਰਿਹਾ ਪ੍ਰੰਤੂ ਅਕਾਲੀ ਲੀਡਰਸ਼ਿਪ ਉਨ੍ਹਾਂ ਤੋਂ ਖ਼ਾਰ ਖਾਂਦੀ ਰਹੀ ਤਾਂ ਜੋ ਉਹ ਸਥਾਪਤ ਅਕਾਲੀ ਨੇਤਾਵਾਂ ਤੋਂ ਅੱਗੇ ਨਾ ਨਿਕਲ ਜਾਣ । ਇਸ ਲਈ ਉਨ੍ਹਾਂ ਨੂੰ ਕਦੀਂ ਮੰਤਰੀ ਨਾ ਬਣਾਇਆ। ਸਿਰਦਾਰ ਕਪੂਰ ਸਿੰਘ ਰਾਜਨੀਤੀ ਕੁਰਸੀ ਲਈ ਨਹੀਂ ਸਗੋਂ ਸਿੱਖ ਧਰਮ ਦੀ ਪ੍ਰਫੁਲਤਾ ਲਈ ਕਰਦੇ ਸਨ। ਜਦੋਂ ਉਨ੍ਹਾਂ ਚੋਣਾਂ ਲੜੀਆਂ ਤਾਂ ਉਹ ਚੋਣਾਂ ਦੀ ਹਰ ਮੀਟਿੰਗ ਅਤੇ ਜਲਸੇ ਵਿਚ ਸਾਫ ਕਹਿ ਦਿੰਦੇ ਸਨ ਕਿ ‘ਹੁੱਕੀ ਤੇ ਸਿਗਰਟ ਬੀੜੀ ਪੀਣ ਵਾਲਾ, ਜ਼ਰਦਾ ਪਾਨ ਖਾਣ ਵਾਲਾ, ਸਿਰ ਉਤੋਂ ਕੇਸ ਕਟਵਾਉਣ ਵਾਲਾ ਸਿੱਖ ਮੈਨੂੰ ਵੋਟ ਨਾ ਪਾਵੇ। ਮੈਨੂੰ ਅਜਿਹੇ ਪਤਿਤ ਸਿੱਖ ਦੀ ਵੋਟ ਨਹੀਂ ਚਾਹੀਦੀ’। ਉਨ੍ਹਾਂ ਦੀ ਸਾਫਗੋਈ ਸਿੱਖੀ ਦਾ ਅਨਿਖੜਵਾਂ ਅੰਗ ਸੀ। ਕੋਈ ਗੱਲ ਲੁਕੋਂਦੇ ਨਹੀਂ ਸਨ। ਉਨ੍ਹਾਂ ਦਾ ਹਰ ਵਰਤਾਰਾ ਗੁਰਵਾਕ ਦੀ ਕਸਵੱਟੀ ਤੇ ਪਰਖਕੇ ਹੁੰਦਾ ਸੀ। ‘ ਉਹ ਅਕਾਲੀਆਂ ਬਾਰੇ ਕਹਿੰਦੇ ਸਨ ਕਿ ਉਨ੍ਹਾਂ ਦੀ ਧੜੇਬੰਦੀ ਅਕਾਲੀ ਦਲ ਨੂੰ ਲੈ ਡੁਬੇਗੀ। ਜੋ ਅਕਾਲੀ ਸਿਆਸਤਦਾਨ ਦੀਨ ਧਰਮ, ਸਿਧਾਂਤ ਦੀ ਪਾਲਣਾ ਨਹੀਂ ਕਰਦੇ ਅਤੇ ਥਾਲੀ ਦੇ ਬੇਰ ਵਾਂਗ ਇੱਧਰ ਉਧਰ ਯਾਰੀਆਂ ਪਾਲਦੇ ਹਨ, ਮੇਰੀ ਉਨ੍ਹਾਂ ਨਾਲ ਸਾਂਝ ਨਹੀਂ ਹੋ ਸਕਦੀ।’ ਅਕਾਲੀ ਦਲ ਦੀ ਧੜੇਬੰਦੀ ਤੋਂ ਵੀ ਸਿਰਦਾਰ ਕਪੂਰ ਸਿੰਘ ਦੁੱਖੀ ਸੀ। ਉਹ ਕਹਿੰਦੇ ਸਨ ਜਦੋਂ ਸਿੱਖ ਰਾਜਨੀਤੀ ਸਿਧਾਂਤਹੀਣ ਹੋ ਜਾਵੇ ਤਾਂ ਭਰਾ ਮਾਰੂ ਜ਼ੰਗ ਸ਼ੁਰੂ ਹੋ ਜਾਂਦੀ ਹੈ। ਅਕਾਲੀ ਦਲ ਦੇ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਰਹੇ। ਅਕਾਲੀਆਂ ਨੇ ਉਨ੍ਹਾਂ ਤੋਂ ਪੜ੍ਹਨ ਲਿਖਣ ਵਾਲਾ ਕੰਮ ਤਾਂ ਕਰਵਾਇਆ ਪ੍ਰੰਤੂ ਸਿਆਸੀ ਕੱਦ ਬੁੱਤ ਵੱਧਣ ਨਹੀਂ ਦਿੱਤਾ। ਭਾਵੇਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਪ੍ਰੰਤੂ ਫਿਰ ਵੀ ਉਹ ਦੇਸ਼ ਦੇ ਵਿਰੁਧ ਬਗ਼ਾਬਤ ਕਰਨ ਦੇ ਹਮਾਇਤੀ ਨਹੀਂ ਸਨ। ਉਨ੍ਹਾਂ ਸਿੱਖ ਹੋਮ ਲੈਂਡ ਦਾ ਸਿਧਾਂਤ ਦਿੱਤਾ ਪ੍ਰੰਤੂ ਵਰਤਮਾਨ ਸੰਵਿਧਾਨ ਦੇ ਅੰਦਰ ਹੀ। ਆਨੰਦਪੁਰ ਸਾਹਿਬ ਦਾ ਮਤਾ ਵੀ ਵਰਤਮਾਨ ਸੰਵਿਧਾਨ ਅਧੀਨ ਹੀ ਅਜ਼ਾਦੀ ਦੀ ਮੰਗ ਸੀ। ਨੌਜਵਾਨਾ ਨੂੰ ਹਮੇਸ਼ਾ ਉਹ ਉਤਸ਼ਾਹਤ ਕਰਦਾ ਰਿਹਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਦਾਰ ਕਪੂਰ ਸਿੰਘ ਦੀ ਕੁਰਬਾਨੀ ਅਤੇ ਲਿਆਕਤ ਦਾ ਮੁੱਲ ਨਹੀਂ ਪਾਇਆ। ਜੇ ਇਹ ਕਿਹਾ ਜਾਵੇ ਕਿ ਸਿੱਖ ਜਗਤ ਅਤੇ ਅਕਾਲੀ ਲੀਡਰਸ਼ਿਪ ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਦਾ ਲਾਭ ਨਹੀਂ ਉਠਾ ਸਕੀ ਕੋਈ ਅਤਕਥਨੀ ਨਹੀਂ। ਸਿੱਖ ਜਗਤ ਵਿਚ ਸਿਰਦਾਰ ਕਪੂਰ ਸਿੰਘ ਜਿਤਨਾ ਪ੍ਰਬੀਨ ਤੀਖਣ ਬੁੱਧੀ ਵਾਲਾ ਵਿਦਵਾਨ ਅਜੇ ਤੱਕ ਵੀ ਮੌਜੂਦ ਨਹੀਂ। ਨੌਕਰੀ ਵਿੱਚੋਂ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪਿਆ। ਸਿਰਦਾਰ ਕਪੂਰ ਸਿੰਘ ਕਿਸੇ ਅੱਗ ਹੱਥ ਨਹੀਂ ਅੱਡਦੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾ ਕਿਸੇ ਅਕਾਲੀ ਲੀਡਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬਿਮਾਰੀ ਦੇ ਸਮੇਂ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਪਿੰਡ ਵਿਚ ਕਦੇ ਕਦਾਈਂ ਮਿਲਣ ਆਉਂਦੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਇਤਿਹਾਸ ਲਿਖਣ ਲਈ ਪ੍ਰਾਜੈਕਟ ਦਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਲੈਂਦੇ ਤਾਂ ਜੋ ਸੰਸਾਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਸਕਦੀ ਅਤੇ ਸਿੱਖ ਧਰਮ ਦਾ ਪ੍ਰਚਾਰ ਹੁੰਦਾ। ਇਸ ਨਾਲ ਦੋ ਕੰਮ ਹੋਣੇ ਸੀ, ਇਕ ਸਿਰਦਾਰ ਕਪੂਰ ਸਿੰਘ ਨੂੰ ਆਰਥਿਕ ਸਹਾਇਤਾ ਮਿਲ ਜਾਣੀ ਸੀ, ਜਿਸ ਨਾਲ ਉਸ ਦੀ ਜ਼ਿੰਦਗੀ ਸੌਖੀ ਨਿਕਲ ਜਾਂਦੀ। ਦੂਜੇ ਸਿੱਖ ਇਤਿਹਾਸ ਨੂੰ ਸਾਂਭਿਆ ਜਾ ਸਕਦਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੇ ਜਾਣ ਬੁਝਕੇ ਸਿਰਦਾਰ ਕਪੂਰ ਸਿੰਘ ਨੂੰ ਅਣਗੌਲਿਆਂ ਕੀਤਾ ਸੀ। ਇਹ ਪ੍ਰਵਿਰਤੀ ਸਿੱਖਾਂ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰਦੀ ਹੈ। ਅੱਜ ਦੀ ਅਕਾਲੀ ਲੀਡਰਸ਼ਿਪ ਵਿੱਚ ਆਈ ਗਿਰਾਵਟ ਸਿਰਦਾਰ ਕਪੂਰ ਸਿੰਘ ਦੀਆਂ ਸੱਚੀਆਂ ਗੱਲਾਂ ਨੂੰ ਯਾਦ ਕਰਵਾ ਰਹੀ ਹੈ।
ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਹੋਇਆ ਸੀ। ਉਹ 77 ਸਾਲ ਦੀ ਉਮਰ ਵਿੱਚ 13 ਅਗਸਤ 1986 ਨੂੰ ਸਵਰਗਵਾਸ ਹੋ ਗਏ ਸਨ।