ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਅਫ਼ਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਏ ਨੂੰ ਇੱਕ ਸਾਲ ਪੂਰਾ ਹੋਣ ਦੇ ਮੌਕੇ ਤੇ ਜਸਰਾਜ ਸਿੰਘ ਹੱਲਣ ਸਣੇ ਕੰਜ਼ਰਵੇਟਿਵ ਪਾਰਟੀ ਦੇ ਦੋ ਐਮਪੀਜ਼ ਨੇ ਕੈਨੇਡਾ ਦੀ ਲਿਬਰਲ ਸਰਕਾਰ ’ਤੇ ਅਫਗਾਨਿਸਤਾਨ ਵਿਚ ਫਸੇ ਹੋਏ ਲੋਕਾਂ ਬਾਰੇ ਜਮ ਕੇ ਨਿਸ਼ਾਨੇ ਸਾਧੇ ਹਨ ਤੇ ਨਾਲ ਹੀ ਉਨ੍ਹਾਂ ਵਲੋਂ ਮੌਜੂਦਾ ਸਰਕਾਰ ਤੇ ਵਾਅਦੇ ਤੋਂ ਭੱਜਣ ਦਾ ਦੋਸ਼ ਲਾਇਆ ਹੈ । ਮੀਡਿਆਈ ਖ਼ਬਰ ਮੁਤਾਬਿਕ ਵਿਰੋਧੀ ਧਿਰ ਦੇ ਐਮਪੀਜ਼ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਅਫ਼ਗਾਨਿਸਤਾਨ ਵਿੱਚ ਫਸੇ ਦੁਭਾਸ਼ੀਆਂ ਤੇ ਹੋਰ ਲੋਕਾਂ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਉਹ ਇਸ ਤੋਂ ਮੁਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਯਾਦ ਦੀਵਾਇਆ ਕਿ ਇੱਕ ਸਾਲ ਪਹਿਲਾਂ ਜਦੋਂ ਅਫ਼ਗਾਨਿਸਤਾਨ ’ਤੇ ਤਾਲਿਬਾਨੀਆਂ ਦਾ ਕਬਜ਼ਾ ਹੋਇਆ, ਉਸ ਵੇਲੇ ਕੈਨੇਡਾ ਸਰਕਾਰ ਨੇ ਉੱਥੇ ਫਸੇ ਦੁਭਾਸ਼ੀਆਂ ਤੇ ਨਾਟੋ ਮਿਸ਼ਨ ਦੌਰਾਨ ਕੈਨੇਡੀਅਨ ਫੌਜੀਆਂ ਦੀ ਮਦਦ ਕਰਨ ਵਾਲੇ ਹੋਰ ਅਫ਼ਗਾਨੀਆਂ ਨੂੰ ਆਪਣੇ ਦੇਸ਼ ਵਿੱਚ ਪਨਾਹ ਦੇਣ ਦਾ ਵਾਅਦਾ ਕੀਤਾ ਸੀ।
ਕਾਫ਼ੀ ਅਫ਼ਗਾਨੀ ਇਸ ਮੁਹਿੰਮ ਤਹਿਤ ਕੈਨੇਡਾ ਪਹੁੰਚ ਵੀ ਗਏ, ਪਰ ਹੁਣ ਵੀ ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਨੇ, ਸਰਕਾਰ ਉਨ੍ਹਾਂ ਬਾਰੇ ਕਿ ਕਰ ਰਹੀ ਹੈ ਇਸ ਬਾਰੇ ਜਨਤਾ ਨੂੰ ਜੁਆਬ ਦੇਣਾ ਚਾਹੀਦਾ ਹੈ ।