ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਪੀ ਦੇ ਲਖੀਮਪੁਰ ਵਿਚ ਆਪਣੀਆਂ ਮੰਗਾ ਨੂੰ ਲੈ ਕੇ ਚਲ ਰਹੇ ਕਿਸਾਨਾਂ ਦੇ ਮਹਾਧਰਨੇ ਤੋਂ ਕਿਸਾਨ ਮੋਰਚਾ ਵੱਲੋਂ ਪ੍ਰਧਾਨ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ ਹੈ ਓਸ ਵਿਚ ਉਨ੍ਹਾਂ ਲਿਖਿਆ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਲਖੀਮਪੁਰ ਖੇੜੀ ਵਿਖੇ 18 ਤੋਂ 20 ਅਗਸਤ ਤੱਕ ਕਿਸਾਨਾਂ ਦਾ 3 ਦਿਨਾ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ 9 ਦਸੰਬਰ 2021 ਤੋਂ ਬਾਅਦ ਸਰਕਾਰ ਨੂੰ ਦਿੱਤੇ ਪੱਤਰ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਸਾਰੇ ਕਦਮਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਬੇਨਤੀ ਕਰਦਾ ਹੈ ਕਿ ਬਾਕੀ ਮੰਗਾਂ ਦੇ ਹੱਲ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਇਹ ਹਨ ਮੰਗਾਂ:
1. ਲਖੀਮਪੁਰ ਖੇੜੀ ਜ਼ਿਲ੍ਹੇ ਦੇ ਤਿਕੂਨੀਆ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਏ ਗਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।
2. ਲਖੀਮਪੁਰ ਖੇੜੀ ਕਤਲ ਕਾਂਡ ਵਿੱਚ ਜੋ ਕਿਸਾਨ ਬੇਕਸੂਰ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਤੁਰੰਤ ਵਾਪਸ ਲਏ ਜਾਣ। ਸਰਕਾਰ ਸ਼ਹੀਦ ਕਿਸਾਨ ਪਰਿਵਾਰਾਂ ਅਤੇ ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਆਪਣਾ ਵਾਅਦਾ ਪੂਰਾ ਕਰੇ।
3. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਫਾਰਮੂਲੇ ਸੀ-2 + 50% ਨਾਲ ਸਾਰੀਆਂ ਫ਼ਸਲਾਂ ‘ਤੇ ਐਮਐਸਪੀ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਬਣਾਈ ਗਈ ਕਮੇਟੀ ਅਤੇ ਇਸ ਦਾ ਐਲਾਨਿਆ ਏਜੰਡਾ ਕਿਸਾਨਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਦੇ ਉਲਟ ਹੈ। ਇਸ ਕਮੇਟੀ ਨੂੰ ਰੱਦ ਕਰਕੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਵਿਕਰੀ ਦੀ ਗਰੰਟੀ ਦੇਣ ਲਈ ਕਮੇਟੀ ਦਾ ਮੁੜ ਗਠਨ ਕੀਤਾ ਜਾਵੇ।
4. ਕਿਸਾਨ ਅੰਦੋਲਨ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਰਾਜਾਂ ਵਿੱਚ ਕਿਸਾਨਾਂ ‘ਤੇ ਜੋ ਕੇਸ ਲਗਾਏ ਗਏ ਸਨ, ਉਹ ਸਾਰੇ ਤੁਰੰਤ ਵਾਪਸ ਲਏ ਜਾਣ।
5. ਲੋਕ ਵਿਰੋਧੀ ਬਿਜਲੀ ਬਿੱਲ 2022 ਵਾਪਸ ਲਿਆ ਜਾਵੇ।
ਉਨ੍ਹਾਂ ਲੱਖੀਮਪੁਰ ਧਰਨੇ ਤੋਂ ਸਰਕਾਰ ਨੂੰ ਚੇਤਾਵਨੀ ਵੀਂ ਦਿੱਤੀ ਕਿ ਸਾਡੀਆਂ ਮੰਗਾ ਤੇ ਜਲਦ ਨਿਪਟਾਰਾ ਕੀਤਾ ਜਾਏ ਨਹੀਂ ਤਾਂ ਅਸੀ ਆਪਣੇ ਹਕਾਂ ਲਈ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਣ ਲਈ ਮਜਬੂਰ ਹੋਵਾਂਗੇ ।