ਦਿੱਲੀ-: ਸੁਸਾਇਟੀ ਰਜਿਸਟਰੇਸ਼ਨ ਐਕਟ 1860 ਦੇ ਤਹਿਤ 14 ਸਾਲ ਪੁਰਾਣੀ ਰਜਿਸਟਰਡ ਦਸ਼ਮੇਸ਼ ਸੇਵਾ ਸੁਸਾਇਟੀ ਦੀਆਂ ਬੀਤੇ ਦਿੱਨੀ ਚੋਣਾਂ ਕਰਵਾਈਆਂ ਗਈਆਂ, ਜਿਸ ‘ਚ ਸਰਵਸੰਮਤੀ ਨਾਲ ਸਾਰੇ ਅਹੁਦੇਦਾਰ ਚੁਣੇ ਗਏ ਜਿਹਨਾਂ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੂੰ ਪ੍ਰਧਾਨ, ਕਿਰਨਦੀਪ ਸਿੰਘ ਨੂੰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਐਡਵੋਕੇਟ ਨੂੰ ਜਨਰਲ ਸਕੱਤਰ, ਵਰਿੰਦਰ ਸਿੰਘ ਨਾਗੀ ਨੂੰ ਸਕੱਤਰ ‘ਤੇ ਮਨਜੀਤ ਸਿੰਘ ਨੂੰ ਖਜਾਂਨਚੀ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਦਕਿ ਹੋਰਨਾਂ ਕਾਰਜਕਾਰੀ ਮੈਂਬਰਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਰਾਜਿੰਦਰ ਸਿੰਘ ਟੈਕਨੋ ਨੂੰ ਇਸ ਸੁਸਾਇਟੀ ਦੇ ਚੀਫ ਪੈਟਰਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਇਹਨਾਂ ਚੋਣਾਂ ਨੂੰ ਨਿਰਪੱਖ ‘ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣਾਂ ਦੇ ਮਾਹਿਰ ਦਿੱਲੀ ਸਰਕਾਰ ਦੇ ਰਿਟਾਇਰਡ ਦਾਨਿਕਸ ਅਫਸਰ ਸ੍ਰੀ ਭੰਵਰ ਸਿੰਘ ਰਾਜਾਵਤ ਨੂੰ ਆਨਰੇਰੀ ਚੋਣ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਾਲ 2009 ‘ਚ ਗਠਿਤ ਕੀਤੀ ਗਈ ਦਸ਼ਮੇਸ਼ ਸੇਵਾ ਸੁਸਾਇਟੀ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ‘ਚ ਇਕ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀ ਹੈ ਜਿਸਨੇ ਸਮੇਂ-ਸਮੇਂ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਰਾਖਵੇਂ ਚੋਣ ਨਿਸ਼ਾਨ ‘ਤੇ ਚੋਣਾਂ ‘ਚ ਹਿੱਸਾ ਲਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੁਸਾਇਟੀ ਬੀਤੇ ਲੰਬੇ ਸਮੇਂ ਤੋਂ ਦਿੱਲੀ ਗੁਰਦੁਆਰਾ ਮਾਮਲਿਆਂ ‘ਚ ਆਪਣੀ ਆਵਾਜ ਬੁਲੰਦ ਕਰਦੀ ਆ ਰਹੀ ਹੈ ‘ਤੇ ਇਸ ਸੁਸਾਇਟੀ ਦੀ ਮੇਹਨਤ ਸਦਕਾ ਹੀ ਅਦਾਲਤੀ ਆਦੇਸ਼ਾਂ ਤੋਂ ਉਪਰੰਤ ਹੀ ਸਾਲ 2013 ‘ਚ ਸਰਕਾਰ ਵਲੋਂ ਲਮਕਾਈਆਂ ਜਾ ਰਹੀਆਂ ਚੋਣਾਂ ਨੇਪਰੇ ਚੜੀਆਂ ਸਨ। ਇਸ ਤੋਂ ਇਲਾਵਾ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਪਾਈ ਪਟੀਸ਼ਨ ਦੇ ਆਧਾਰ ‘ਤੇ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਿਕ ਹੀ ਦਿੱਲੀ ਸਰਕਾਰ ਨੇ ਸਾਲ 2015 ‘ਚ ਦਿੱਲੀ ਦੇ ਸਾਰੇ ਗੁਰਦੁਆਰਾ ਵਾਰਡਾਂ ਦੀ ਮੁੱੜ੍ਹ ਹੱਦਬੰਦੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ‘ਚ ਇਸ ਸੁਸਾਇਟੀ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸੁਸਾਇਟੀ ਦੇ ਨਵੇਂ ਚੁਣੇ ਚੀਫ ਪੈਟਰਨ, ਪ੍ਰਧਾਨ ‘ਤੇ ਜਨਰਲ ਸਕੱਤਰ ਦਹਾਕਿਆਂ ਤੋਂ ਦਿੱਲੀ ਗੁਰਦੁਆਰਾ ਮਾਮਲਿਆਂ ਨਾਲ ਸਬੰਧਿਤ ਲੰਬਾ ਤਜੁਰਬਾ ਰਖਦੇ ਹਨ, ਜਦਕਿ ਸੁਸਾਇਟੀ ਦੇ ਬਾਕੀ ਕਾਰਜਕਾਰੀ ਮੈਂਬਰਾਂ ਨੂੰ ਵੀ ਆਪਣੇ ਖੇਤਰ ‘ਚ ਮਹਾਰਤ ਹਾਸਿਲ ਹੈ। ਉਨ੍ਹਾਂ ਦਸਿਆ ਕਿ ਸੁਸਾਇਟੀ ਆਉਣ ਵਾਲੇ ਸਮੇਂ ‘ਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ‘ਚ ਲੋੜ੍ਹੀਦਾਂ ਸਹਿਯੋਗ ਦਿੰਦੀ ਰਹੇਗੀ, ਪਰੰਤੂ ਨਾਲ ਹੀ ਦਿੱਲੀ ਕਮੇਟੀ ਵਲੋਂ ਨਿਯਮਾਂ ਦੀ ਉਲੰਘਣਾਂ ਕਰਕੇ ਗੁਰੂ ਦੀ ਗੋਲਕ ਦਾ ਘਾਣ ਕਰਨ ਦੇ ਮਾਮਲਿਆਂ ‘ਚ ਨਕੇਲ ਪਾਉਣ ਤੋਂ ਵੀ ਗੁਰੇਜ ਨਹੀ ਕਰੇਗੀ।