ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਫ਼ਗ਼ਾਨਿਸਤਾਨ ’ਚ ਹਿੰਦੂ ਸਿੱਖਾਂ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਦੀ ਤਰਜ਼ ’ਤੇ ਅਫਗਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਯਾਤਰਾ ਨੂੰ ਸੰਭਵ ਬਣਾਉਣ ਲਈ ਭਾਰਤ ਸਰਕਾਰ ਦੁਆਰਾ ਜਾਂ ਸੰਭਵ ਹੋਵੇ ਤਾਂ ਆਪਣੇ ਵੱਲੋਂ ਨਵੀਂ ਦਿੱਲੀ ਵਿਖੇ ਸਥਿਤ ਅਫ਼ਗ਼ਾਨਿਸਤਾਨ ਦੂਤਾਵਾਸ ਨਾਲ ਸੰਪਰਕ ਸਾਧਨ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਧਾਰਮਿਕ ਯਾਤਰਾ ਨਾਲ ਅਫਗਾਨ ’ਚ ਰਹਿ ਰਹੇ ਹਿੰਦੂ ਸਿੱਖਾਂ ਨੂੰ ਆਪਣੇ ਭਾਈਚਾਰੇ ਦਾ ਸਾਥ, ਸੁਰੱਖਿਆ, ਦੇਸ਼ ਵਿਚ ਰਹਿਣ ਦੀ ਉਮੀਦ ਅਤੇ ਬਿਹਤਰ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਅਫਗਾਨ ਤੋਂ ਹਿੰਦੂ ਸਿੱਖਾਂ ਦਾ ਹਿਜਰਤ ਕਰਨਾ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਦਾ। ਇਤਿਹਾਸਕ ਗੁਰਦੁਆਰਿਆਂ ਨੂੰ ਸਿੱਖ ਪਰਿਵਾਰਾਂ ਦੇ ਹਿਜਰਤ ਕਾਰਨ ਬਹੁਤ ਹੱਦ ਤੱਕ ਛੱਡ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਮੁਸਲਮਾਨਾਂ ਦੇਖਭਾਲ ਅਤੇ ਰਹਿਮੋ ਕਰਮ ’ਤੇ ਪਾ ਦਿੱਤਾ ਜਾਵੇਗਾ ਤਾਂ ਇਸ ਦੇ ਨਿਕਲਣ ਵਾਲੇ ਨਤੀਜਿਆਂ ਦਾ ਅੰਦਾਜ਼ਾ ਲਾਉਣ ਮੁਸ਼ਕਲ ਨਹੀਂ ਹੋਵੇਗਾ। ਇਹ ਸੱਚ ਹੈ ਕਿ ਹਿੰਦੂ ਸਿੱਖਾਂ ਦੇ ਇਸ ਹਿਜਰਤ ਨਾਲ ਅਸੀਂ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਕਈ ਇਤਿਹਾਸਕ ਅਤੇ ਸਥਾਨਕ ਗੁਰਦੁਆਰਿਆਂ ਅਤੇ ਮੰਦਰਾਂ ਤੋਂ ਵੀ ਹੱਥ ਧੋ ਲਵਾਂਗੇ। ਇਹ ਤ੍ਰਾਸਦੀ ਅਵੱਸ਼ ਹੀ ਹਿੰਦੂ ਸਿੱਖਾਂ ਲਈ ਸਦੀਆਂ ਤਕ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ ।
ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਵਾਪਸੀ ਨਾਲ ਐਮਨੈਸਟੀ ਇੰਟਰਨੇਸ਼ਨਲ ਨੇ ਆਪਣੀ ਰਿਪੋਰਟ ’ਚ ਖ਼ੁਲਾਸਾ ਕੀਤਾ ਹੈ ਕਿ ਅਫਗਾਨ ’ਚ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਅਫਗਾਨ ’ਚ ਕੱਟੜਪੰਥੀਆਂ ਵੱਲੋਂ ਹਿੰਦੂ ਸਿੱਖਾਂ ਨਾਲ ਕੀਤੇ ਜਾ ਰਹੇ ਦਹਿਸ਼ਤ ਅਤੇ ਵਹਿਸ਼ਤੀ ਸਲੂਕ ਕਾਰਨ ਲੱਖਾਂ ਹਿੰਦੂ ਸਿੱਖ ਆਪਣੀ ਜੱਦੀ ਜ਼ਮੀਨ ਛੱਡ ਕੇ ਪਹਿਲਾਂ ਹੀ ਹਿਜਰਤ ਕਰ ਚੁੱਕੇ ਹਨ, ਜਿਸ ਕਾਰਨ ਹਿੰਦੂ ਸਿੱਖਾਂ ਦੀ ਹੋਂਦ ਖ਼ਤਮ ਹੋਣ ਦੇ ਕੰਢੇ ਹੈ। ਉਨ੍ਹਾਂ ਕਿਹਾ ਕਿ ਅਨਿਸ਼ਚਿਤਤਾ ਅਤੇ ਅਰਾਜਕਤਾ ਦਾ ਇਹ ਦੌਰ ਅਫਗਾਨ ਦੇ ਬਾਕੀ ਰਹਿੰਦੇ ਮੁੱਠੀਭਰ ਹਿੰਦੂ ਸਿੱਖਾਂ ਨੂੰ ਵੀ ਜਲਦੀ ਜਾਂ ਬਾਅਦ ਵਿੱਚ ਦੇਸ਼ ਛੱਡਣ ਲਈ ਮਜਬੂਰ ਕਰੇਗਾ । ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਘਰੇਲੂ ਯੁੱਧਾਂ ਦੀ ਮਾਰ ਅਤੇ ਪਿਛਲੇ ਸਾਲ ਅਗਸਤ ਵਿੱਚ ਪਾਕਿਸਤਾਨ ਸਮਰਥਕ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਉਪਰੰਤ ਵੱਲੋਂ ਦੇਸ਼ ਛੱਡ ਚੁੱਕੇ ਹਿੰਦੂ ਸਿੱਖਾਂ ਨੂੰ ਵਤਨ ਪਰਤਣ ਦੀ ਅਪੀਲ ਕੀਤੀ ਹੈ ਪਰ ਇਸ ਸਮੇਂ ਤਾਲਿਬਾਨ ਦੇ ਕਿਰਦਾਰ ਅਤੇ ਵਿਹਾਰ ਕਾਰਨ ਹਿੰਦੂ ਸਿੱਖਾਂ ਲਈ ਉਨ੍ਹਾਂ ਦੇ ਭਰੋਸੇ ’ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਅਤੇ ਉਨ੍ਹਾਂ ਦੇ ਰਾਜਸੀ ਵਿਰੋਧੀ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਖ਼ੁਰਾਸਾਨ (ਆਈ ਐਸ ਕੇ) ਵਿਚ ਇੱਕ ਦੂਜੇ ਤੋਂ ਜ਼ਿਆਦਾ ਆਪਣੇ ਆਪ ਨੂੰ ਮੁਸਲਿਮ ਸਿੱਧ ਕਰਨ ਅਤੇ ਹਾਵੀ ਹੋਣ ਦੀ ਹੋੜ ਲੱਗੀ ਹੋਈ ਹੈ। ਇਨ੍ਹਾਂ ਇੱਛਾਵਾਂ ਤਹਿਤ ਅਫਗਾਨ ਸਿੱਖਾਂ ਅਤੇ ਹਿੰਦੂਆਂ ਦੀ ਖ਼ਾਤਰ ਤਾਲਿਬਾਨ ਆਈਐਸਕੇ ਨਾਲ ਲੜਨ ਦੀ ਸੰਭਾਵਨਾ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਮੁਜਾਹਿਦੀਨਾਂ ਦੇ ਸਮੇਂ ਤੋਂ ਅਫ਼ਗ਼ਾਨਿਸਤਾਨ ਵਿੱਚ ਦਹਿਸ਼ਤ ਤੇ ਵਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਸਰ ਕਰ ਰਹੇ ਹਿੰਦੂ ਸਿੱਖਾਂ ਨੇ ਜਾਨ-ਮਾਲ ਲਈ ਅਣਗਿਣਤ ਜੋਖਮਾਂ ਦਾ ਸਾਹਮਣਾ ਕੀਤਾ ਹੈ। 1988 ਵਿੱਚ ਜਲਾਲਾਬਾਦ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵਿਸਾਖੀ ਦਾ ਤਿਉਹਾਰ ਮਨਾ ਰਹੇ ਸਿੱਖਾਂ ’ਤੇ ਇਕ ਕੱਟੜਪੰਥੀ ਨੇ ਏਕੇ-47 ਨਾਲ ਹਮਲਾ ਕਰਦਿਆਂ 13 ਸਿੱਖਾਂ ਅਤੇ ਚਾਰ ਅਫਗਾਨ ਸੈਨਿਕਾਂ ਨੂੰ ਗੋਲੀਆਂ ਮਾਰ ਦਿੱਤੀਆਂ। ਫਿਰ 1989 ‘ਚ ਹੀ ਜਲਾਲਾਬਾਦ ਦੇ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ‘ਤੇ ਮੁਜ਼ਾਹਦੀਨ ਵੱਲੋਂ ਦਾਗੇ ਗਏ ਰਾਕੇਟ ਨਾਲ 17 ਸਿੱਖਾਂ ਤੋਂ ਇਲਾਵਾ ਅਗਲੇ ਸਾਲਾਂ ਦੌਰਾਨ ਸੈਂਕੜੇ ਹਿੰਦੂ ਸਿੱਖ ਮਾਰ ਦਿੱਤੇ ਗਏ ਸਨ। ਇਸ ਤੋਂ ਬਾਅਦ ਕੱਟੜਪੰਥੀ ਆਈ ਐਸ ਕੇ ਵੱਲੋਂ 2018 ਵਿੱਚ ਜਲਾਲਾਬਾਦ ’ਚ ਕੀਤੇ ਗਏ ਇੱਕ ਹਮਲੇ ਵਿੱਚ 19 ਸਿੱਖ ਮਾਰੇ ਗਏ ਅਤੇ ਮਾਰਚ 2020 ਵਿੱਚ ਕਾਬਲ ਦੇ ਸ਼ੋਰ ਬਜ਼ਾਰ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ’ਚ ਬੰਬ ਧਮਾਕੇ ਨਾਲ 25 ਸਿੱਖ ਮਾਰ ਦਿੱਤੇ ਗਏ ਸਨ। 18 ਜੂਨ 2022 ਨੂੰ ਆਈਐਸਕੇ ਦੇ ਅਤਿਵਾਦੀਆਂ ਨੇ ਕਾਬਲ ਦੇ ਕਾਰਤੇ ਪਰਵਾਨ ਗੁਰਦੁਆਰੇ ਵਿੱਚ ਹਮਲਾ ਕਰਕੇ ਇਕ ਸਿੱਖ ਅਤੇ ਇਕ ਸੁਰੱਖਿਆ ਅਧਿਕਾਰੀ ਨੂੰ ਮਾਰਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਕਤੂਬਰ 2021 ਨੂੰ ਕਾਬਲ ਦੇ ਇਕ ਗੁਰਦੁਆਰੇ ’ਚ ਦਾਖਲ ਹੁੰਦਿਆਂ ਅਤਿਵਾਦੀਆਂ ਵੱਲੋਂ ਗਾਰਡ ਨੂੰ ਬੰਦੀ ਬਣਾ ਲਿਆ ਗਿਆ। ਇੱਥੇ ਜੁਲਾਈ 2022 ’ਚ ਕਾਬਲ ਦੇ ਕਰਤੇ ਪ੍ਰਵਾਨ ਇਲਾਕੇ ’ਚ ਇਕ ਸਿੱਖ ਅਰਜੀਤ ਸਿੰਘ ਦੇ ਯੂਨਾਨੀ ਦਵਾਖਾਨੇ ’ਚ ਬੰਬ ਧਮਾਕਾ ਕਰਨ ਵਰਗੇ ਅਨੇਕਾਂ ਭੰਨਤੋੜ ਅਤੇ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਗਿਣਿਆ ਜਾਣਾ ਤਾਂ ਸੰਭਵ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਕੰਧਾਰ ’ਚ ਪੰਜ, ਕਾਬਲ ’ਚ ਸੱਤ ਅਤੇ ਗ਼ਜ਼ਨੀ, ਜਲਾਲਾਬਾਦ ਅਤੇ ਸੁਲਤਾਨਪੁਰ ਵਿਚ ਇਕ – ਇਕ ਇਤਿਹਾਸਕ ਗੁਰਦੁਆਰੇ ਮੌਜੂਦ ਹਨ। ਜਿਨ੍ਹਾਂ ਦੀ ਦੇਖਭਾਲ ਤੇ ਸੇਵਾ ਸੰਭਾਲ ਉੱਥੇ ਰਹਿ ਗਏ ਮੁੱਠੀਭਰ ਸਿੱਖ ਕਰ ਰਹੇ ਹਨ। ਅਫ਼ਗ਼ਾਨਿਸਤਾਨ ਦੇ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਸਿੱਖ ਪੰਥ ਵੱਲੋਂ ਅਧਿਕਾਰਤ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਉੱਥੇ ਹਿੰਦੂ ਸਿੱਖਾਂ ਅਤੇ ਧਾਰਮਿਕ ਅਸਥਾਨਾਂ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਅਜਿਹੀਆਂ ਧਾਰਮਿਕ ਯਾਤਰਾਵਾਂ ਬੰਗਲਾ ਦੇਸ਼ ਅਤੇ ਨੇਪਾਲ ਦੇ ਇਤਿਹਾਸਕ ਗੁਰਦੁਆਰਿਆਂ ਲਈ ਵੀ ਜ਼ਰੂਰੀ ਹਨ।