ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨੈਸ਼ਨਲ ਅਕਾਲੀ ਦਲ ਇਸਤਰੀ ਵਿੰਗ ਦੀ ਇੱਕ ਮੀਟਿੰਗ ਪੱਛਮੀ ਦਿੱਲੀ ਦੇ ਕੀਰਤੀ ਨਗਰ ਵਿਖੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ ਸੀਨੀਅਰ ਮੀਤ ਪ੍ਰਧਾਨ ਨੀਰੂ ਸਹਿਗਲ ਮੀਤ ਪ੍ਰਧਾਨ ਸਰਬਜੀਤ ਕੌਰ ਜਨਰਲ ਸਕੱਤਰ ਮਧੂ ਸ਼ਰਮਾ ਸਕੱਤਰ ਧਰਮਾ ਦੇਵੀ, ਰੂਬੀ ਜਿੰਦਲ, ਰੁਪਾਲੀ ਸੋਨੀ ਸਮੇਤ ਨੈਸ਼ਨਲ ਅਕਾਲੀ ਦਲ ਦੀਆਂ ਕਈ ਮਹਿਲਾ ਮੈਂਬਰ ਹਾਜ਼ਰ ਸਨ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਭਾਵਨਾ ਧਵਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਲੋਕਾਂ ਨੂੰ ਭੱਦੇ ਮੈਸੇਜ ਜਾਂ ਅਸ਼ਲੀਲ ਸਮੱਗਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੱਚੇ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਸੈਂਸਰ ਬੋਰਡ ਬਣਾਇਆ ਜਾਵੇ ਤਾਂ ਜੋ ਕੋਈ ਵੀ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਨਾ ਪਾ ਸਕੇ।
ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ 4 ਸਤੰਬਰ ਨੂੰ ਨੈਸ਼ਨਲ ਅਕਾਲੀ ਦਲ ਮਹਿਲਾ ਵਿੰਗ ਜੰਤਰ-ਮੰਤਰ ਵਿਖੇ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ ਅਤੇ ਸਰਕਾਰ ਤੋਂ ਇਸ ‘ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰੇਗੀ ਕਿਉਂਕਿ ਇਹ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਨਾਲ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਅਪਰਾਧ, ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ।
ਇਸ ਮੌਕੇ ਨੀਰੂ ਸਹਿਗਲ ਅਤੇ ਮਧੂ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਬੱਚਿਆਂ ਅਤੇ ਔਰਤਾਂ ਨੂੰ ਅਜਿਹੀਆਂ ਅਸ਼ਲੀਲ ਵੀਡੀਓਜ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਅਸਰ ਬੱਚਿਆਂ ਦੀ ਪੜ੍ਹਾਈ ‘ਤੇ ਵੀ ਪੈ ਰਿਹਾ ਹੈ।
ਸਰਬਜੀਤ ਕੌਰ, ਧਰਮ ਦੇਵੀ, ਰੂਬੀ ਜਿੰਦਲ ਅਤੇ ਰੂਪਾਲੀ ਸੋਨੀ ਨੇ ਦੱਸਿਆ ਕਿ ਨੈਸ਼ਨਲ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਇਸ ਵਿਰੁੱਧ ਲੋਕ ਲਹਿਰ ਚਲਾਈ ਜਾਵੇਗੀ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਸ਼ਲੀਲਤਾ ਫੈਲਾਉਣ ਵਾਲੀਆਂ ਇਨ੍ਹਾਂ ਸੋਸ਼ਲ ਮੀਡੀਆ ਕੰਪਨੀਆਂ ’ਤੇ ਲਗਾਮ ਕੱਸਣੀ ਚਾਹੀਦੀ ਹੈ।