ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਤਨਖਾਹ ਵਾਧੇ ਦੇ ਸੰਬੰਧ ਵਿੱਚ ਕੀਤੀ ਹੜਤਾਲ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਕਰਮਚਾਰੀਆਂ ਦੀਆਂ ਯੂਨੀਅਨਾਂ ਯੂਨਾਈਟ ਅਤੇ ਦ ਜੀ ਐੱਮ ਬੀ ਨੇ ਕੌਂਸਲਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਮੂਲੋਂ ਹੀ ਨਕਾਰ ਕੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਈ ਦਿਨਾਂ ਤੋਂ ਨਿਰੰਤਰ ਚੱਲ ਰਹੀ ਹੜਤਾਲ ਕਾਰਨ ਕਈ ਸ਼ਹਿਰਾਂ, ਕਸਬਿਆਂ ਵਿੱਚ ਕੂੜੇ ਦੇ ਅੰਬਾਰ ਲੱਗੇ ਨਜ਼ਰੀਂ ਪੈ ਰਹੇ ਹਨ। ਬਾਜਾਰਾਂ ਵਿੱਚ ਲੱਗੇ ਬਿਨ ਕੂੜੇ ਨਾਲ ਲੱਦੇ ਪਏ ਹਨ ਤੇ ਹੁਣ ਕੂੜਾ ਬਾਹਰ ਖਿੱਲਰਿਆ ਪਿਆ ਹੈ। ਸਰਕਾਰ ਅਤੇ ਕਰਮਚਾਰੀਆਂ ਵਿਚਕਾਰ ਗੱਲਬਾਤ ਸਿਰੇ ਨਾ ਚੜ੍ਹਨ ਦਾ ਨਤੀਜਾ ਇਹ ਨਿਕਲਿਆ ਹੈ ਕਿ ਲਗਭਗ ਦੋ ਤਿਹਾਈ ਕੌਂਸਲਾਂ ਇਸ ਦਾ ਸੇਕ ਝੱਲ ਰਹੀਆਂ ਹਨ। ਰੇਲ ਕਰਮਚਾਰੀਆਂ ਤੋਂ ਬਾਅਦ ਬਿਨ ਇਕੱਠੇ ਕਰਨ ਵਾਲੇ ਸਫਾਈ ਕਰਮਚਾਰੀ ਹੜਤਾਲ ਦੇ ਰਾਹ ਤੁਰੇ ਸਨ। ਹੁਣ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸੈਂਕੜੇ ਪ੍ਰਾਇਮਰੀ ਸਕੂਲ ਅਤੇ ਨਰਸਰੀਆਂ ਦੇ ਕਰਮਚਾਰੀ ਵੀ ਹੜਤਾਲ ਕਰਨ ਜਾ ਰਹੇ ਹਨ। ਸਕਾਟਲੈਂਡ ਸਰਕਾਰ ਵੱਲੋਂ ਕੌਂਸਲਾਂ ਨੂੰ ਵਾਧੂ 140 ਮਿਲੀਅਨ ਪੌਂਡ ਕਰਮਚਾਰੀਆਂ ਦੇ ਤਨਖਾਹ ਵਾਧਾ ਫੰਡ ਦੇ ਰੂਪ ਵਿੱਚ ਜਾਰੀ ਕੀਤੇ ਹਨ ਪਰ ਡਿਪਟੀ ਫਸਟ ਮਨਿਸਟਰ ਜੌਹਨ ਸਵਿੰਨੇ ਦਾ ਕਹਿਣਾ ਹੈ ਕਿ 39000 ਪੌਂਡ ਤੋਂ ਘੱਟ ਕਮਾ ਰਹੇ ਕਾਮਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਦੋ ਸਾਲ ਲਈ 200 ਮਿਲੀਅਨ ਪੌਂਡ ਜਾਰੀ ਕਰਨ ਦੀ ਤਜਵੀਜ ਵੀ ਹੈ। ਇਸ ਹੜਤਾਲ ਦੇ ਚਲਦਿਆਂ ਜਨਤਕ ਸਿਹਤ ਵਿਭਾਗ ਸਕਾਟਲੈਂਡ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਨੱਕੋ ਨੱਕ ਭਰੇ ਬਿਨਾਂ ਦਾ ਕੂੜਾ ਚੁੱਕਣ ਲਈ ਕੋਈ ਉਜਰ ਨਾ ਕੀਤਾ ਗਿਆ ਤਾਂ ਬੀਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਇਹਨੀਂ ਦਿਨੀਂ ਫੈਸਟੀਵਲ ਹੋ ਰਹੇ ਹਨ। ਦੂਰੋਂ ਦੂਰੋਂ ਆਏ ਲੋਕਾਂ ਦਾ ਸਵਾਗਤ ਕੂੜੇ ਦੇ ਅੰਬਾਰ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਕਰਮਚਾਰੀ ਜੱਥੇਬੰਦੀਆਂ ‘ਚ ਕੀ ਸਮਝੌਤਾ ਹੁੰਦਾ ਹੈ?
ਸਕਾਟਲੈਂਡ: ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਹਤ ਵਿਭਾਗ ਵੱਲੋਂ ਬਿਮਾਰੀਆਂ ਫੈਲਣ ਸਬੰਧੀ ਚੇਤਾਵਨੀ
This entry was posted in ਅੰਤਰਰਾਸ਼ਟਰੀ.