ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਪੈਮ ਗੋਸਲ ਨੂੰ ਮਈ 2021 ਵਿੱਚ ਸਕਾਟਲੈਂਡ ਦੀ ਧਰਤੀ ‘ਤੇ ਹੁਣ ਤੱਕ ਦੀ ਪਹਿਲੀ ਸਿੱਖ ਐੱਮ.ਐੱਸ.ਪੀ. ਹੋਣ ਦਾ ਮਾਣ ਹਾਸਲ ਹੋਇਆ ਸੀ। ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਪੈਮ ਗੋਸਲ ਨੇ ਜਿਸ ਸਰਗਰਮੀ ਨਾਲ ਆਪਣੇ ਕਾਰਜ ਆਰੰਭੇ ਹੋਏ ਹਨ, ਉਹ ਕਾਬਿਲੇ ਗੌਰ ਹਨ। ਹਾਲ ਹੀ ਵਿੱਚ ਉਸ ਵੱਲੋਂ ਸਕਾਟਿਸ਼ ਪਾਰਲੀਮੈਂਟ ਵਿੱਚ ਘਰੇਲੂ ਹਿੰਸਾ ਖਿਲਾਫ ਬਿਲ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਜੇਕਰ ਇਸ ਬਿਲ ਨੂੰ ਕਰਾਸ ਪਾਰਟੀ ਸਹਿਮਤੀ ਪ੍ਰਾਪਤ ਹੁੰਦੀ ਹੈ ਤਾਂ ਜਿਣਸੀ ਸੋਸ਼ਣ ਕਰਨ ਵਾਲਿਆਂ ਖਿਲਾਫ ਹੁੰਦੀ ਕਾਨੂੰਨੀ ਕਾਰਵਾਈ ਵਾਂਗ ਘਰੇਲੂ ਹਿੰਸਾ ਕਰਨ ਵਾਲੇ ਵੀ ਸਖਤ ਕਾਰਵਾਈ ਦੇ ਹੱਕਦਾਰ ਬਣ ਜਾਣਗੇ। ਪੈਮ ਗੋਸਲ ਵੱਲੋਂ ਪ੍ਰਸਤਾਵਿਤ “ਘਰੇਲੂ ਹਿੰਸਾ ਰੋਕੂ ਬਿੱਲ” ਦੀ ਹੋਂਦ ਵਿੱਚ ਆਉਣ ਨਾਲ ਇਹ ਸਕੂਲੀ ਸਿੱਖਿਆ ਵਿੱਚ ਵੀ ਆਪਣੀ ਬਣਦੀ ਜਗ੍ਹਾ ਬਣਾ ਲਵੇਗਾ। ਇਸ ਸੁਝਾਏ ਗਏ ਬਿੱਲ ‘ਤੇ ਹੋਲੀਰੂਡ ਵਿੱਚ ਸਲਾਹ ਮਸ਼ਵਰਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੈਮ ਗੋਸਲ, ਪੱਛਮੀ ਸਕਾਟਲੈਂਡ ਲਈ ਸਕੌਟਿਸ਼ ਕੰਜ਼ਰਵੇਟਿਵ ਐੱਮ.ਐੱਸ.ਪੀ. ਹੈ ਤੇ ਉਹਨਾਂ ਵੱਲੋਂ ਘਰੇਲੂ ਬਦਸਲੂਕੀ ਨੂੰ “ਭਿਆਨਕ ਅਪਰਾਧ” ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਪੈਮ ਗੋਸਲ ਦਾ ਕਹਿਣਾ ਹੈ ਕਿ ਪੁਲਿਸ ਸਕਾਟਲੈਂਡ ਦੇ ਅੰਕੜਿਆਂ ਮੁਤਾਬਿਕ 2020-21 ਵਿੱਚ ਘਰੇਲੂ ਹਿੰਸਾ ਦੇ 65251 ਮਾਮਲੇ ਸਾਹਮਣੇ ਆਏ ਸਨ, ਜਿਹੜੇ ਕਿ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ 4% ਵੱਧ ਸਨ। ਇੱਥੇ ਹੀ ਬੱਸ ਨਹੀਂ ਸਗੋਂ ਘਰੇਲੂ ਹਿੰਸਾ ਦੀਆਂ ਘਟਨਾਵਾਂ ‘ਚ ਪਿਛਲੇ 5 ਸਾਲ ਤੋਂ ਨਿਰੰਤਰ ਵਾਧਾ ਵੀ ਜਾਰੀ ਹੈ। ਇਸ ਭਿਆਨਕ ਅਪਰਾਧ ਵਿੱਚ ਵਾਧਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸਦੀ ਰੋਕਥਾਮ ਲਈ ਇਸ ਕਾਨੂੰਨ ਦਾ ਹੋਂਦ ਵਿੱਚ ਆਉਣਾ ਬੇਹੱਦ ਲਾਜ਼ਮੀ ਹੈ। ਜੇਕਰ ਪੈਮ ਗੋਸਲ ਵੱਲੋਂ ਪ੍ਰਸਤਾਵਿਤ ਬਿੱਲ ‘ਤੇ ਸਹਿਮਤੀ ਦਾ ਠੱਪਾ ਲੱਗ ਜਾਂਦਾ ਹੈ ਤਾਂ ਇਹ ਵੀ ਆਪਣੇ-ਆਪ ਵਿੱਚ ਇੱਕ ਇਤਿਹਾਸਕ ਉਪਰਾਲਾ ਹੋਵੇਗਾ, ਜਿਸਦਾ ਸਿਹਰਾ ਰਹਿੰਦੀ ਦੁਨੀਆਂ ਤੱਕ ਪੈਮ ਗੋਸਲ ਦੇ ਸਿਰ ਰਹੇਗਾ।