ਤੈਨੂੰ ਕੁੱਝ ਵੀ ਨਹੀਂ ਪਤਾ
ਕਿ ਮੈਂ ਤੈਨੂੰ
ਕਿਸ ਹੱਦ ਤੱਕ ਪਿਆਰ ਕੀਤਾ
ਮੁਹੱਬਤ
ਦੀਵੇ ਦੀ ਲਾਟ ਵਰਗੀ ਹੁੰਦੀ ਹੈ
ਬਲ਼ਦੀ ਨੱਚਦੀ
ਆਸ਼ਕਾਂ ਦੇ ਜਨਾਜ਼ੇ ਤੇ ਵੀ
ਲਿਖੀ ਜਾਂਦੀ ਹੈ ਮੁਹੱਬਤ
ਧਰਤ ਦਾ ਸਦੀਆਂ ਤੋਂ
ਸੂਰਜ ਦੁਆਲੇ ਪ੍ਰੀਕਰਮਾ
ਕਰਨਾ ਵੀ ਤਾਂ ਇਕ ਪਿਆਰ ਹੀ ਹੈ
ਮੋਮਬੱਤੀ ਦਾ ਜਗਣਾ ਰੋਸ਼ਨੀ ਵੰਡਣਾ
ਤੇ ਹੌਲੀ ਹੌਲੀ ਪਿਘਲਣਾ
ਤੇ ਬੁਝ ਜਾਣਾ ਵੀ ਪਿਆਰ ਹੈ
ਆਪਣੇ ਜਿਸਮ ਦੀ ਸ਼ਹਾਦਤ ਦੇ ਕੇ
ਮੇਰਾ ਪਿਆਰ ਆਜ਼ਾਦ ਪੰਛੀ ਵਰਗਾ ਹੈ
ਜਾਂ ਜਿਵੇਂ ਕਿਸਾਨ ਮਜ਼ਦੂਰ
ਹੱਕ ਲਈ ਸੰਘਰਸ਼ ਕਰਦੇ ਹਨ
ਖੇਤਾਂ ਦੇ ਆਸ਼ਕ
ਮੈਂ ਪਿਆਰ ਕੀਤਾ
ਪੂਰਨ ਤੌਰ ਤੇ
ਜਿਵੇਂ ਕੋਈ ਵਡਿਆਈ ਨੂੰ ਨਿਕਾਰਦਾ ਹੈ
ਗੋਰੀ ਨਦੀ ਵਿਚ
ਜਿਵੇਂ ਰੰਗ ਗੁਆਚ ਜਾਣ
ਜਨੂੰਨ-ਏ-ਮੁਹੱਬਤ
ਪੁਰਾਣੀਆਂ ਯਾਦਾਂ ਵਰਗਾ ਸੀ ਮੇਰਾ ਇਸ਼ਕ
ਜਿਵੇਂ ਲੋਰੀ ਦੇਣ ਵੇਲੇ
ਪੁੱਤਰਾਂ ਦੇ ਚਿਹਰੇ ਚੋਂ ਝਾਕਦਾ ਹੈ ਮੋਹ
ਜਿਵੇਂ ਗੁੰਮ ਹੋਏ ਬਚਪਨ ਤੇ
ਵਿਸ਼ਵਾਸ ਕਰੀਦਾ
ਜਾਂ ਗਈਆਂ ਮਾਂਵਾਂ ਦੇ ਪਰਤ ਆਉਣ ਤੇ
ਸਾਹਾਂ ਵਰਗਾ ਪਿਆਰ ਸੀ
ਤੇਰੇ ਨਾਲ
ਜਿਵੇਂ ਬੱਚੇ ਦਾ ਨਵੇਂ ਖਿਡੌਣੇ ਨਾਲ ਹੁੰਦਾ
ਮੁਸਕਰਾਹਟ ਦਾ ਤੇਰੇ ਗੁਲਾਬੀ ਬੁੱਲ੍ਹਾਂ ਨਾਲ
ਮੁਹੱਬਤ ਏਦਾਂ ਦੀ ਕਿ
ਜਿੱਦਾਂ ਡੂੰਘਾਈਆਂ ਮਿਣਨ ਦੀ ਚਾਹਤ ਜਗੀ ਰਹੇ
ਪਿਆਰ ਏਦਾਂ ਦਾ ਕਿ
ਅਰਸ਼ ਨੂੰ ਛੂਹਣ
ਵਰਗਾ ਤਰਲਾ ਜਗਦਾ ਰਹੇ
ਜਿਥੋਂ ਤੱਕ ਰੂਹ ਦੀ ਨਜ਼ਰ ਜਾਵੇ
ਬ੍ਰਹਿਮੰਡ ਦਾ ਪਸਾਰਾ ਹੈ
ਹੋਰ ਕੀ ਹੁੰਦਾ ਹੈ ਪਿਆਰ
ਜੇ ਕੋਈ ਹੋਰ ਹੁੰਦਾ ਹੈ
ਮੁਹੱਬਤ ਦਾ ਨਾਂ ਤਾਂ ਦੱਸੀਂ