ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੇ ਹੁਣ ਤੱਕ ਦੇ ਸਮੇਂ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਉਹ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਮੰਤਰੀ ਦੇ ਨਾਮ ਦਾ ਐਲਾਨ ਸਕਾਟਲੈਂਡ ਦੀ ਧਰਤੀ ਤੋਂ ਕਰਨਗੇ। ਬਕਿੰਘਮ ਮਹਿਲ ਦੇ ਬੁਲਾਰੇ ਅਨੁਸਾਰ ਮਹਾਰਾਣੀ ਲੰਡਨ ਆ ਕੇ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਬਜਾਏ ਬਾਲਮੋਰਲ ਮਹਿਲ ਵਿਖੇ ਹੀ ਰਿਸ਼ੀ ਸੁਨਕ ਜਾਂ ਲਿਜ਼ ਟਰੱਸ ਨੂੰ ਮਿਲੇਗੀ। ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 6 ਸਤੰਬਰ ਨੂੰ ਮਹਾਰਾਣੀ ਦੀ ਐਬਰਡੀਨਸ਼ਾਇਰ ਸਥਿਤ ਰਿਹਾਇਸ਼ ‘ਤੇ ਆ ਕੇ ਆਪਣਾ ਅਸਤੀਫਾ ਸੌਂਪਣਗੇ। ਉਸੇ ਦਿਨ ਹੀ ਰਿਸ਼ੀ ਸੁਨਕ ਜਾਂ ਲਿਜ਼ ਟਰੱਸ ਦੋਵਾਂ ‘ਚੋਂ ਇੱਕ ਮਹਾਰਾਣੀ ਨਾਲ ਰੂਬਰੂ ਹੋਣਗੇ। ਆਪਣੀ ਤਾਜਪੋਸ਼ੀ ਦੇ 70 ਵਰ੍ਹਿਆਂ ਦੌਰਾਨ ਜਿੰਨੇ ਵੀ ਪ੍ਰਧਾਨ ਮੰਤਰੀ ਚੁਣੇ ਗਏ, ਸਭ ਦੇ ਨਾਵਾਂ ਦਾ ਐਲਾਨ ਸ਼ਾਹੀ ਰਵਾਇਤ ਅਨੁਸਾਰ ਬਕਿੰਘਮ ਮਹਿਲ ਤੋਂ ਹੀ ਹੁੰਦਾ ਆਇਆ ਹੈ। ਜ਼ਿਕਰਯੋਗ ਹੈ ਕਿ ਪਲੈਟੀਨਮ ਜੁਬਲੀ ਸਮਾਗਮ ਦੌਰਾਨ ਵੀ ਮਹਾਰਾਣੀ ਸਿਰਫ ਦੋ ਵਾਰ ਬਕਿੰਘਮ ਮਹਿਲ ਪਹੁੰਚੇ ਸਨ। ਮਹਾਰਾਣੀ ਵੱਲੋਂ ਜਿਆਦਾਤਰ ਆਪਣਾ ਸਮਾਂ ਲੰਡਨ ਤੋਂ ਸਿਰਫ 22 ਮੀਲ ਦੂਰ ਬਕਿੰਘਮ ਮਹਿਲ ਵਿਚ ਹੀ ਗੁਜਾਰਿਆ ਜਾਂਦਾ ਰਿਹਾ ਹੈ। ਇੱਥੋਂ ਤੱਕ ਕਿ ਕੋਰੋਨਾ ਦੌਰਾਨ ਵੀ ਉਹ ਇੱਥੇ ਹੀ ਰਹੇ। ਸਟੇਟ ਦੀ ਮੁਖੀ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੀ ਰਸਮ ਉਹਨਾਂ ਦੁਆਰਾ ਹੀ ਨਿਭਾਈ ਜਾਂਦੀ ਹੈ। ਮਹਾਰਾਣੀ ਵਿਕਟੋਰੀਆ ਦੇ ਕਾਲ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਦੀ ਨਿਯੁਕਤੀ ਬਕਿੰਘਮ ਮਹਿਲ ਤੋਂ ਹੀ ਹੁੰਦੀ ਆਈ ਹੈ। ਹਰਬਰਟ ਹੈਨਰੀ ਐਸਕੁਇਥ ਹੀ 1908 ਵਿੱਚ ਚੁਣਿਆ ਅਜਿਹਾ ਪ੍ਰਧਾਨ ਮੰਤਰੀ ਸੀ, ਜਿਸਦੀ ਨਿਯੁਕਤੀ ਐਡਵਰਡ ਸੱਤਵੇਂ ਵੱਲੋਂ ਫਰਾਂਸ ਤੋਂ ਕੀਤੀ ਸੀ। ਮਹਾਰਾਣੀ ਐਲਿਜਾਬੈਥ ਦੋਇਮ ਦੇ ਤੁਰਨ ਫਿਰਨ ਦੀ ਸਮੱਸਿਆ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।
ਮਹਾਰਾਣੀ ਐਲਿਜਾਬੈਥ ਦੋਇਮ ਜ਼ਿੰਦਗੀ ‘ਚ ਪਹਿਲੀ ਵਾਰ ਸਕਾਟਲੈਂਡ ਤੋਂ ਕਰਨਗੇ ਨਵੇਂ ਪ੍ਰਧਾਨ ਮੰਤਰੀ ਦੇ ਨਾਮ ਦਾ ਐਲਾਨ
This entry was posted in ਅੰਤਰਰਾਸ਼ਟਰੀ.