ਸਾਰੀਆਂ ਈ ਕੁੜੀਆਂ ਆਪਸ ਵਿੱਚ ਬੜੇ ਹਾਸੇ-ਠੱਠੇ ਕਰ ਰਹੀਆਂ ਸੀ ਪਰ ਅਨੀਤਾ ਗੁੰਮ-ਗੁੰਮ ਜਿਹੀ ਹੋਈ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਜਦ ਨੂੰ ਇੱਕ ਕੁੜੀ ਉਸਨੂੰ ਚਾਹ ਦਾ ਕੱਪ ਫੜਾ ਗਈ ਪਰ ਉਸਨੇ ਚਾਹ ਦਾ ਭਰਿਆ-ਭਰਾਇਆ ਕੱਪ ਉਵੇਂ-ਜੀਵੇਂ ਈ ਟੇਬਲ ਤੇ ਰੱਖਤਾ ਤੇ ਖ਼ੁਦ ਉਠ ਕੇ ਦਰਾਜ਼ ਵਿੱਚੋਂ ਸਿਗਰੇਟਾਂ ਦੀ ਡੱਬੀ ਕੱਢੀ ਤੇ ਸਿਗਰੇਟ ਪੀਣ ਲੱਗ ਪਈ।
ਜਦ ਅਨੀਤਾ ਸਿਗਰੇਟ ਕੱਢਣ ਲੱਗੀ ਸੀ ਤਾਂ ਡੱਬੀ ਵਿੱਚ ਸਿਗਰੇਟ ਦਾ ਇੱਕ ਅੱਧਾ ਟੁਕੜਾ ਪਿਆ ਹੋਇਆ ਸੀ ਜੋ ਕਿ ਰਾਤ ਗੌਤਮ ਉਸਦੇ ਨਾਲ ਪੀਂਦਾ ਹੋਇਆ ਕਿਸੇ ਜ਼ਰੂਰੀ ਕੰਮ ਕਾਰਣ ਵਿੱਚੇ ਈ ਛੱਡ ਕੇ ਚਲ ਗਿਆ ਸੀ ਤੇ ਅਨੀਤਾ ਨੇ ਉਹ ਅੱਧਾ ਟੁਕੜਾ ਚੁੱਕ ਕੇ ਮੁੜ ਡੱਬੀ ਵਿੱਚ ਪਾ ਦਿੱਤਾ ਸੀ।
ਉਸ ਰਾਤ ਤੋਂ ਬਾਅਦ ਗੌਤਮ ਮੁੜ ਕੇ ਕਦੇ ਵੀ ਅਨੀਤਾ ਕੋਲ ਨਹੀਂ ਸੀ ਆਇਆ। ਇੱਕ ਦਿਨ ਦੋ ਚਾਰ ਕੁੜੀਆਂ ਜਦ ਬਜ਼ਾਰ ਵੱਲ ਗਈਆਂ ਸੀ ਤਾਂ ਨਾਲ ਅਨੀਤਾ ਵੀ ਸੀ। ਅਨੀਤਾ ਨੇ ਅਚਾਨਕ ਉੱਥੇ ਗੌਤਮ ਨੂੰ ਕਿਸੇ ਕੁੜੀ ਨਾਲ ਦੇਖ ਲਿਆ ਜਿਸਨੇ ਬਾਹਾਂ ਵਿੱਚ ਵਿਆਹ ਦਾ ਚੂੜਾ ਪਾਇਆ ਹੋਇਆ ਸੀ।
ਫਿਰ ਅਨੀਤਾ ਨੂੰ ਕਿਸੇ ਕੁੜੀ ਪਾਸੋਂ ਪੱਕਾ ਪਤਾ ਵੀ ਲੱਗ ਗਿਆ ਸੀ ਕਿ ਗੌਤਮ ਦਾ ਵਿਆਹ ਹੋ ਗਿਆ ਤਾਂ ਹੀ ਨੀ ਹੁਣ ਉਹ ਆਉਂਦਾ। ਅੱਜ ਜਦ ਕੁੜੀਆਂ ਬਾਹਰ ਬੈਠੀਆਂ ਤਰਾਂ-ਤਰਾਂ ਦੇ ਮਜ਼ਾਕ ਕਰ ਰਹੀਆਂ ਸੀ ਤਾਂ ਅਨੀਤਾ ਗੌਤਮ ਬਾਰੇ ਹੀ ਸੋਚ ਰਹੀ ਸੀ। ਹਥਲੀ ਸਿਗਰੇਟ ਖਤਮ ਕਰਕੇ ਉਸਨੇ ਡੱਬੀ ਵਿੱਚੌਂ ਗੌਤਮ ਦਾ ਪੀਤਾ ਹੋਇਆ ਅੱਧਾ ਸਿਗਰੇਟ ਕੱਢ ਕੇ ਸੁਲਗਾ ਲਿਆ ਜਦ ਉਹ ਉਸਨੂੰ ਮੂੰਹ ਲਾਉਣ ਲੱਗੀ ਤਾਂ ਪਹਿਲੇ ਸੂਟੇ ਨਾਲ ਈ ਉਸਨੂੰ ਗੌਤਮ ਦੇ ਪੀਤੇ ਹੋਏ ਉਸ ਸਿਗਰੇਟ ਵਿੱਚੋਂ ਗੌਤਮ ਦੀ ਮੁਸ਼ਕ ਜਿਹੀ ਆਉਣ ਲੱਗ ਪਈ ਫਿਰ ਉਹ ਸੋਚਣ ਲੱਗੀ ਕਿ ਜੇ ਕਿਸੇ ਰਾਤ ਗੌਤਮ ਦੀ ਘਰਵਾਲੀ ਨੂੰ ਗੌਤਮ ਵਿੱਚੋਂ ਮੇਰੀ ਮੁਸ਼ਕ ਆ ਗਈ ਤਾਂ ਕੀ ਹੋਊ?
ਬੋਲ਼ੇ
ਸੀਤਾ ਆਪਣੇ ਧਿਆਨ ਬੈਠੀ ਹੋਈ ਸੀ ਕੁਝ ਕੁ ਪਲ ਮਗਰੋਂ ਜਦੋਂ ਮੱਛਰ ਜਾਂ ਕੋਈ ਹੋਰ ਖਟਮਲ ਉਸਦੀ ਲੱਤ-ਬਾਹ ਨੂੰ ਲੜਦਾ ਤਾਂ ਉਹ ਐਨੀ ਜ਼ੋਰ ਨਾ ਹੱਥ ਮਾਰਦੀ ਕੀ ਮੱਛਰ ਉਸਦੀ ਬਾਂਹ ਤੇ ਹੀ ਜੰਮ ਜਾਂਦਾ। ਇੱਕ ਵਾਰ ਤਾਂ ਉਸਦਾ ਦਿਲ ਕੀਤਾ ਕੀ ਉਸਦਾ ਹੱਥ ਐਡਾ ਵੱਡਾ ਹੋ ਜਾਵੇ ਕੀ ਉਹ ਪੂਰੀ ਧਰਤੀ ਤੇ ਮਾਰੇ ਤੇ ਧਰਤੀ ਤੇ ਜਿੰਨੇ ਵੀ ਖੂਨ ਪੀਣੇ ਜੀਵ ਜੰਤੂ ਆ ਸਾਰੇ ਥਾਂ ਤੇ ਹੀ ਪ੍ਰਾਣ ਤਿਆਗ ਦੇਣ।
ਸੀਤਾ ਦੇ ਖਿਆਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸਨੂੰ ਨਾਲ ਦੇ ਕਿਸੇ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣੀ ਸਮਝ ਤਾਂ ਉਹ ਗਈ ਸੀ ਕਿ ਜ਼ਰੂਰ ਕੋਈ ਨਵੀਂ ਕੁੜੀ ਲਿਆਂਦੀ ਗਈ ਸੀ ਪਰ ਫਿਰ ਵੀ ਉਸ ਤੋਂ ਰਿਹਾ ਨਾ ਗਿਆ ਤੇ ਉਹ ਬਾਹਰ ਨੂੰ ਤੁਰ ਪਈ। ਜਦ ਉਸਨੇ ਉਸ ਦਰਵਾਜ਼ੇ ਅੱਗੇ ਜਾ ਕੇ ਦੇਖਿਆ ਤਾਂ ਸੱਚੀਂ ਕਿਸੇ ਨਵੀਂ ਕੁੜੀ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਸੀ।
ਸੀਤਾ ਨੂੰ ਇਸ ਧੰਦੇ ਵਿੱਚ ਆਈ ਹੋਈ ਨੂੰ ਕਾਫੀ ਸਾਲ ਹੋ ਗਏ ਸੀ ਇਸੇ ਕਰਕੇ ਹੁਣ ਉਸਦਾ ਥੋੜਾ ਦਾਬਾ ਹੋ ਗਿਆ ਸੀ ਉਸਨੇ ਇੱਕ ਝਿੜਕ ਮਾਰੀ ਤੇ ਕੁੜੀ ਨੂੰ ਫੜਨ ਵਾਲਿਆਂ ਨੇ ਹੱਥ ਢਿੱਲੇ ਕਰ ਲਏ। ‘ਛੱਡ ਦਓੁ ਇਹਨੂੰ ਮੈਂ ਖਾਲਾ ਨੂੰ ਆਪੇ ਕਹਿ ਦਓੂਂ ਜਾਓ ਤੁਸੀਂ।’
ਜਦ ਸੀਤਾ ਡਰਦੀ ਹੋਈ ਉਸ ਕੁੜੀ ਨੂੰ ਸਿਰ ਪਲੋਸ ਕੇ ਆਪਣੇ ਕਮਰੇ ਵਿੱਚ ਲਿਆਈ ਤਾਂ ਉਹ ਸੀਤਾ ਦੇ ਗੋਡਿਆਂ ਤੇ ਸਿਰ ਰੱਖ ਕੇ ਰੋਣ ਲੱਗ ਪਈ। ‘ਦੀਦੀ ਤੁਸੀਂ ਮੈਨੂੰ ਬਚਾ ਲਿਆ।’
‘ਪਰ ਮੈਂ ਤੈਨੂੰ ਰੋਜ਼ ਨੀ ਬਚਾ ਸਕਦੀ ਐਥੇ ਆਹੀ ਕੁਛ ਸਹਿਣਾ ਪਊ।
”ਦੀਦੀ ਮੈਂ ਕਈਆਂ ਨੂੰ ਅਵਾਜ਼ ਮਾਰੀ ਕੋਈ ਨੀ ਆਇਆ ਸਾਰੇ ਦੇਖਦੇ ਸੀ ਨਾਲ਼ੇ ਹੱਸਦੇ ਸੀ।
‘ਐਥੇ ਸਾਰੇ ਭਾਜੀ, ਬਾਬੂ, ਅੰਕਲ, ਸੇਠ ਬੋਲ਼ੇ ਹੁੰਦੇ ਆ ਉਹਨਾਂ ਵਿੱਚੋਂ ਕਿਸੇ ਨੂੰ ਨੀ ਸੁਣਦਾ ਮੈਂ ਤਾਂ ਦੀਦੀ ਆਂ ਨਾ ਮੈਨੂੰ ਤਾਂ ਸੁਣ ਗਿਆ।
ਫਿਰ ਸੀਤਾ ਨੇ ਇੱਕ ਮੋਟਾ ਪੈੱਗ ਭਰ ਕੇ ਜਬਰਦਸਤੀ ਉਸ ਕੁੜੀ ਨੂੰ ਪਿਲਾਤਾ। ਕੁਝ ਦੇਰ ਬਾਅਦ ਖਾਲਾ ਆਈ ਤਾਂ ਉਸਨੇ ਸੀਤਾ ਦਾ ਸਿਰ ਪਲੋਸਿਆ। ਲੈ ਜਾਵਾਂ?
‘ਲੈ ਜਾਓ ਮਾਸੀ ਪਰ ਪਿਆਰ ਨਾਲ ਹਜੇ ਬੱਚੀ ਆ।
ਫਿਰ ਸੀਤਾ ਕੰਨਾਂ ਵਿੱਚ ਉਂਗਲਾਂ ਦੇਕੇ ਬੈਠ ਗਈ ਤਾਂ ਕੀ ਚੀਕਾਂ ਉਸ ਤੱਕ ਨਾ ਪਹੁੰਚਣ।