ਕਿਸੇ ਖਾਸ ਵਜਾਹ ਕਰਕੇ ਹੀ ਜਾਲਪਾ ਸੱਤ ਨੰਬਰ ਕਮਰੇ ਵਿੱਚ ਨਹੀਂ ਸੀ ਗਈ ਤੇ ਇਹ ਖਾਸ ਵਜਾਹ ਕੀ ਸੀ ਇਹ ਸਿਰਫ ਓਹੀ ਜਾਣਦੀ ਸੀ ਵਾਰ-ਵਾਰ ਖਾਲਾ ਦੇ ਕਹਿਣ ਤੇ ਉਸਨੇ ਇੱਕ ਵਾਰ ਪੈਰ ਪੱਟਿਆ ਜ਼ਰੂਰ ਸੀ ਪਰ ਜਿੱਦਾਂ ਈ ਉਸਦੀ ਨਜ਼ਰ ਪਲੰਘ ਤੇ ਗਈ ਉਹ ਮੁੜਦੇ ਪੈਰੀਂ ਵਾਪਿਸ ਆ ਗਈ ਤੇ ਮੁੜ ਆਪਣੀ ਥਾਂ ਤੋਂ ਨੀ ਹਿੱਲੀ। ਤੰਗ ਹੋ ਕੇ ਖਾਲਾ ਉਸਦੇ ਕਮਰੇ ਵਿੱਚ ਆ ਗਈ।
‘ਜਾਲਪਾ ਕੀ ਗੱਲ ਤੈਨੂੰ ਜਾਂਦੀ ਨੀ ਤੂੰ ਸੱਤ ਨੰਬਰ ਕੋਲ….
”ਮਾਸੀ ਤੂੰ ਕਿਸੇ ਹੋਰ ਕੁੜੀ ਨੂੰ ਭੇਜਦੇ ਤਾਂ ਮੈਨੂੰ ਨੀ ਪਤਾ।
‘ਨਹੀਂ ਜਾਲਪਾ ਉਹ ਤੇਰਾ ਨਾਮ ਲੈ ਕੇ ਤੈਨੂੰ ਹੀ ਮੰਗ ਰਿਹਾ ਆ।
”ਨਾ ਮਾਸੀ ਮੇਰਾ ਨੀ ਜਿਗਰਾ ਪੈਂਦਾ ਮੈਂ ਨੀ ਜਾਣਾ।
‘ਤੂੰ ਵਿੱਚੋਂ ਗੱਲ ਤਾਂ ਦੱਸ ਕੀ ਆ ਜਾਣਾ ਕਿਉਂ ਨੀ ਠੀਕ ਨੀਂ ਅੱਜ?
‘ਨਹੀਂ ਮਾਸੀ ਬਿਲਕੁਲ ਠੀਕ ਆਂ ਬੱਸ ਮੈਂ ਨੀ ਜਾਣਾ ਮੈਨੂੰ ਸ਼ਰਮ ਆਉਂਦੀ ਆ।
‘ਲੈ ਦੱਸ ਹੱਦ ਹੋ ਗਈ ਆ ਸਾਡੇ ਧੰਦੇ ਵਿੱਚ ਸ਼ਰਮ ਦਾ ਤਾਂ ਸਵਾਲ ਈ ਨੀ ਪੈਦਾ ਹੁੰਦਾ ਅੱਜ ਤੈਨੂੰ ਕਿੱਧਰੋ ਸ਼ਰਮ ਆ ਗਈ?
”ਤੈਨੂੰ ਨੀ ਪਤਾ ਮਾਸੀ ਉਹ ਸਾਡੇ ਗੁਆਂਢ ਵਿੱਚ ਰਹਿੰਦਾ ਸੀ ਜਦੋਂ ਮੈਂ ਛੋਟੀ ਹੁੰਦੀ ਸੀ ‘ਧੀਏ-ਧੀਏ’ ਕਰਦਾ ਨੀ ਸੀ ਥੱਕਦਾ ਤੇ ਹੁਣ ਜਦ ਮੈਂ ਐਥੇ ਆਂ ਤਾਂ ਉਹ ਮੈਨੂੰ ਵੀ…
‘ਫਿਰ ਜਾਲਪਾ ਉਹਨੂੰ ਨੀ ਸ਼ਰਮ ਕਈ ਕੁੜੀਆਂ ਆ ਐਥੇ ਉਹ ਹੋਰ ਕਿਸੇ ਨੂੰ ਮੰਗਵਾ ਲਵੇ।
ਔਕਾਤ
ਦਰ-ਦਰ ਘੁੰਮਦਾ ਹੋਇਆ ਉਹ ਭਿਖਾਰੀ ਜਦ ਉਸ ਕੋਠੇ ਤੇ ਆ ਗਿਆ ਤਾਂ ਪਹਿਲਾਂ ਤਾਂ ਖਾਲਾ ਨੇ ਉਸਨੂੰ ਤੱਤੀਆਂ-ਠੰਢੀਆਂ ਸੁਣਾਈਆਂ ਕਿਉਂਕਿ ਖਾਲਾ ਨੂੰ ਇਹ ਮਨਜੂਰ ਹੀ ਨਹੀਂ ਸੀ ਕਿ ਕੋਠੇ ਤੇ ਗਾਹਕਾਂ ਤੋਂ ਇਲਾਵਾ ਕੋਈ ਹੋਰ ਪੈਰ ਵੀ ਪਾਵੇ।
ਜਦ ਸ਼ਾਂਤਾ ਦੀ ਨਜ਼ਰ ਉਸ ਭਿਖਾਰੀ ਤੇ ਪਈ ਤਾਂ ਉਸਨੇ ਵੀ ਖਾਲਾ ਤੋਂ ਡਰਦੀ ਨੇ ਮੂੰਹ ਦੂਸਰੇ ਪਾਸੇ ਵੱਲ ਨੂੰ ਘੁਮਾ ਲਿਆ ਪਰ ਦਿਲ ਵਿੱਚ ਉਸਨੂੰ ਤਰਸ ਦੇ ਨਾਲ਼-ਨਾਲ਼ ਭਿਖਾਰੀ ਤੇ ਗੁੱਸਾ ਵੀ ਆਈ ਜਾ ਰਿਹਾ ਸੀ ਕਿ ਐਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਉਹ ਭਿਖਾਰੀ ਉੱਥੋਂ ਜਾ ਕਿਉਂ ਨਹੀਂ ਰਿਹਾ ਸੀ। ਪਰ ਇਸ ਖਿਆਲ ਦੇ ਆਉਣ ਨਾਲ ਸ਼ਾਂਤਾ ਨੂੰ ਆਪਣੇ-ਆਪ ਤੇ ਵੀ ਹਾਸਾ ਜਿਹਾ ਆਇਆ ਕਿ ਉਸਦੀ ਆਪਣੀ ਕਿਹੜਾ ਐਥੇ ਇੱਜ਼ਤ ਹੁੰਦੀ ਆ ਜੋ ਉਹ ਐਥੇ ਜੁੜੀ ਬੈਠੀ ਆ।
ਜਦ ਬੁੜ-ਬੁੜ ਕਰਦੀ ਖਾਲਾ ਅੰਦਰ ਗਈ ਤਾਂ ਸ਼ਾਂਤਾ ਫਟਾ-ਫਟ ਬਾਹਰ ਆ ਗਈ। ਸ਼ਾਂਤਾ ਨੇ ਹੱਥ ਵਿੱਚ ਫੜੇ ਨੋਟਾਂ ਵਿੱਚੋਂ ਇੱਕ ਨੋਟ ਕੱਢ ਕੇ ਉਸ ਭਿਖਾਰੀ ਵੱਲ ਕੀਤਾ ਤਾਂ ਉਸਨੇ ਲੈਣ ਤੋਂ ਇਨਕਾਰ ਕਰਤਾ ਨਹੀਂ ਨਹੀਂ ਮੈਂ ਨੀ ਲੈਣੇ ਪੈਸੇ।
‘ਲੈ ਦੱਸ ਕਿਉਂ ਨੀ ਲੈਣੇ ਫਿਰ ਐਥੇ ਖੜਾ ਕਿਉਂ ਰਿਹਾ ਸੀ?
”ਮੇਰਾ ਮਤਲਬ ਕਿ ਮੈਂ ਇੰਨਾ ਵੱਡਾ ਨੋਟ ਨੀ ਲੈਣਾ ਘੱਟ ਦੇ ਦਓੁ।
‘ਕਿਉਂ ਲੈ ਲਾ ਕੋਈ ਗੱਲ ਨੀ ਮੈਂ ਦੇ ਰਹੀ ਆ ਤਾਂ ਲੈ ਲਾ ਨਾ।
‘ਨਹੀਂ-ਨਹੀਂ ਮੈਨੂੰ ਆਪਣੀ ਔਕਾਤ ਦਾ ਪਤਾ ਤੁਸੀਂ ਘੱਟ ਪੈਸੇ ਦਓੁ।
ਭਿਖਾਰੀ ਦੀ ਇਹ ਗੱਲ ਸੁਣ ਕੇ ਸ਼ਾਂਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਟੁੱਟਾ-ਰੁਪਇਆ ਦੇ ਕੇ ਉਸਨੂੰ ਤੋਰਤਾ ਪਰ ਵਾਪਿਸ ਕਮਰੇ ਵਿੱਚ ਆ ਕੇ ਉਸਦਾ ਦਿਲ ਕੀਤਾ ਕੀ ਨੋਟਾਂ ਨਾਲ ਭਰਿਆ ਸਰਾਣਾ ਅੱਗ ਲਾ ਕੇ ਸਾੜ ਦਵੇ।