”ਊਂ ਸਰਲਾ ਜੇ ਤੂੰ ਇਸ ਕੋਠੇ ਤੇ ਨਾ ਹੁੰਦੀ ਤਾਂ ਫਿਰ ਕੀ ਕਰਦੀ?
”ਲੈ ਜਾਲਪਾ ਕਰਨਾ ਕੀ ਸੀ ਫਿਰ ਕਿਸਮਤ ਨੇ ਕਿਸੇ ਹੋਰ ਕੋਠੇ ਤੇ ਬਿਠਾਇਆ ਹੁਣਾ ਸੀ।
‘ਉਹ ਨਹੀਂ ਯਾਰ ਮੈਂ ਉਹ ਗੱਲ ਨੀ ਕਰਦੀ ਮੈਂ ਇਹ ਪੁੱਛਦੀ ਆਂ ਕੀ ਤੂੰ ਕੰਮ ਕੀ ਕਰਨਾ ਸੀ ਫਿਰ ਕੋਈ ਤਾਂ ਕੰਮ ਜ਼ਰੂਰ ਕਰਦੀ?
”ਕੰਮ ਨਾਲੇ ਸਵਾਹ ਜਾਲਪਾ ਤੈਨੂੰ ਮਾਲਤੀ ਬਾਰੇ ਨੀ ਪਤਾ?
‘ਮਾਲਤੀ ਬਾਰੇ ਕੀ ਮਤਲਬ ਕੀ ਹੋਇਆ ਉਸਨੂੰ?
”ਉਹ ਇਸ ਕੋਠੇ ਤੇ ਆਉਣ ਤੋਂ ਪਹਿਲਾਂ ਕਿਸੇ ਦੁਕਾਨ ਤੇ ਕੰਮ ਈ ਲੱਗੀ ਹੋਈ ਸੀ।
‘ਅੱਛਾ ਫਿਰ ਕੀ ਹੋਇਆ?
”ਹੋਣਾ ਕੀ ਸੀ ਉਸਦਾ ਮਾਲਿਕ ਜਦੋਂ ਦਿਲ ਕਰਦਾ ਸੀ ਉਹਨੂੰ ਧੂਹ ਕੇ ਅੰਦਰ ਸਟੋਰ ਵਿੱਚ ਲੈ ਜਾਂਦਾ ਸੀ। ਸਾਲ ਦੇ ਵਿੱਚ ਹੀ ਉਸਨੇ ਮਾਲਤੀ ਨੂੰ ਬੁੱਢੀ ਕਰਤਾ ਸੀ ਉਹ ਗਰੀਬ ਬੇਚਾਰੀ ਉਸਦੇ ਦੋਸਤਾਂ ਦਾ ਵੀ ਜੀਅ ਪਰਚਾਉਂਦੀ ਰਹੀ।
‘ਫਿਰ ਜਾਲਪਾ ਅੱਗੇ ਕੀ ਹੋਇਆ?
”ਬੱਸ ਉਹੀ ਹੋਇਆ ਜੋ ਹੁਣ ਹੋ ਰਿਹਾ ਆ ਉਸਨੂੰ ਟੁੱਟੀ-ਭੱਜੀ ਨੂੰ ਉਸਦਾ ਮਾਲਿਕ ਐਥੇ ਵੇਚ ਗਿਆ ਹੁਣ ਰਹਿੰਦਾ ਖੂਨ ਉਸਦਾ ਖਾਲਾ ਨਿਚੋੜ ਲੈਂਦੀ ਆ ਹਫਤਾ-ਹਫਤਾ ਸੇਠਾਂ ਕੋਲ ਤੋਰਕੇ।
‘ਇੱਕ ਗੱਲ ਦੱਸ ਸਰਲਾ ਆਪਣੇ ਨਾਲ ਸਦਾ ਐਦਾਂ ਈ ਧੱਕਾ ਹੁੰਦਾ ਰਹੂ?
”ਅੱਗੇ ਦਾ ਤਾਂ ਪਤਾ ਨੀ ਫਿਲਹਾਲ ਤੂੰ ਹੁਣ ਦਾ ਭੁਗਤ ਉਹ ਦੇਖ ਖਾਲਾ ਤੁਰੀ ਆਉਂਦੀ ਨਾਲ ਮੁੰਡਾ ਆ ਕੋਈ ਗਾਹਕ ਹੁਣਾ ਆ।
ਫਿਰ ਦੋਵੇਂ ਜਣੀਆਂ ਉਧਰ ਦੇਖਣ ਲੱਗ ਪਈਆਂ।
ਬਰਦਾਸ਼ਤ
ਜਯਾ ਅਤੇ ਵਿੱਦਿਆ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਫਿਰ ਗੱਲਾਂ ਹੀ ਗੱਲਾਂ ਵਿੱਚ ਜਯਾ ਨੇ ਵਿੱਦਿਆ ਨੂੰ ਉਸਦੇ ਪਿਛੋਕੜ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
‘ਇਹ ਦੀਦੀ ਜੇ ਗੁੱਸਾ ਨਾ ਕਰੇਂ ਤਾਂ ਇੱਕ ਗੱਲ ਪੁੱਛਾ?
”ਤੂੰ ਵੀ ਕਮਾਲ ਕਰਦੀ ਆਂ ਵਿੱਦਿਆ ਪਿਛਲੇ ਇੱਕ ਘੰਟੇ ਤੋਂ ਆਪਾਂ ਦੋਵੇਂ ਹੱਸ-ਹੱਸ ਗੱਲਾਂ ਕਰੀ ਜਾਂਦੀਆਂ ਹੁਣ ਤੂੰ ਇੱਕ ਗੱਲ ਵੀ ਪੁੱਛ ਕੇ ਕਰਨਾ ਚਾਹੁੰਦੀ ਐਦਾਂ ਕਿਉਂ?
‘ਦਰਅਸਲ ਦੀਦੀ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਇਸ ਧੰਦੇ ਵਿੱਚ ਕਿੱਦਾਂ ਆਏ?
”ਵਿੱਦਿਆ ਮੈਂ ਇਸ ਧੰਦੇ ਵਿੱਚ ਆਈ ਨੀ ਮੈਨੂੰ ਐਥੇ ਜ਼ਬਰਦਸਤੀ ਵਾੜਿਆ ਗਿਆ ਸੀ।
‘ਫਿਰ ਵੀ ਦੀਦੀ ਕੋਈ ਤਾਂ ਕਾਰਣ ਬਣਿਆ ਈ ਹੋਊਗਾ ਕੀ ਐਧਰਲਾ ਰਾਹ ਪੱਲੇ ਪੈ ਗਿਆ।
”ਵਿੱਦਿਆ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਸਕੂਲ ਦੇ ਅਧਿਆਪਕ ਨੇ ਮੇਰੇ ਨਾਲ ਗਲਤ ਹਰਕਤ ਕੀਤੀ ਸੀ। ਮੈਂ ਡਰਦੀ ਮਾਰੀ ਨੇ ਘਰ ਨਹੀਂ ਸੀ ਦੱਸਿਆ ਫਿਰ ਸਮਾਂ ਬੀਤਿਆ ਤਾਂ ਉਸੇ ਤਰਾਂ ਦੀਆਂ ਹਰਕਤਾਂ ਸਾਡੇ ਗੁਆਂਢ ਦੇ ਇੱਕ ਬਜ਼ੁਰਗ ਨੇ ਮੇਰੇ ਨਾਲ ਕੀਤੀਆਂ ਸੀ।
‘ਫਿਰ ਦੀਦੀ ਉਦੋਂ ਤਾਂ ਤੁਸੀਂ ਵੱਡੇ ਸੀ ਤੁਸੀਂ ਉਦੋਂ ਤਾਂ ਕਿਸੇ ਨੂੰ ਦੱਸਦੇ।
”ਦੱਸਣਾ ਕੀ ਸੀ ਵਿੱਦਿਆ ਮਾਪੇ ਉਲਟਾ ਮੈਨੂੰ ਵੱਢਣ ਤੇ ਆ ਗਏ ਉਹਨੀ ਫਟਾ-ਫਟ ਮੈਨੂੰ ਵਿਆਹ ਦਿੱਤਾ ਉਸਦਾ ਚਾਲ-ਚੱਲਣ ਠੀਕ ਨਹੀਂ ਸੀ ਪਰ ਸਹੁਰਿਆਂ ਨੇ ਮੈਨੂੰ ਕਸੂਰਵਾਰ ਕਹਿਕੇ ਘਰੋਂ ਕੱਢਤਾ ਤੇ ਮੈਂ ਬੇਇਨਸਾਫੀਆਂ ਝੱਲਦੀ-ਝੱਲਦੀ ਐਥੇ ਪਹੁੰਚ ਗਈ।
‘ਦੀਦੀ ਤੂੰ ਆਪਣੇ ਘਰਵਾਲੇ ਨੂੰ ਕੋਈ ਸਜ਼ਾ ਕਿਉਂ ਨਹੀਂ ਦਵਾਈ?
”ਲੈ ਦੱਸ ਉਹ ਕਿਹੜਾ ਸੁਖੀ ਆ ਇਸੇ ਕੋਠੇ ਤੇ ਆਉਂਦਾ ਹੁੰਦਾ ਕਦੀਂ ਕਦੀਂ।
‘ਹੈਂ ਦੀਦੀ ਫਿਰ ਤੂੰ ਉਹਨੂੰ ਕਿਸੇ ਨਾਲ ਕਿੱਦਾਂ ਬਰਦਾਸ਼ਤ ਕਰ ਲੈਂਦੀ ਆ
‘ਹਾ-ਹਾ ਜਿੱਦਾਂ ਉਹ ਮੈਨੂੰ ਬਰਦਾਸ਼ਤ ਕਰਦਾ ਗਾਹਕਾਂ ਨਾਲ ਉਵੇਂ ਮੈਂ।