ਭਾਵੇਂ ਇਹ ਅਸਚਰਜ਼ ਭਰਿਆ ਨਾਓ ਕਿਸੇ ਫਿਲਮੀ ਨਾਵਲ ਜਾਂ ਕਹਾਣੀ ਦਾ ਪ੍ਰਤੀਕ ਲਗਦਾ ਹੈ,ਪਰ ਨਹੀ ਇਹ ਇੱਕ ਮਹੱਤਵ ਪੂਰਨ ਸਥਾਨ ਦਾ ਨਾਂ ਹੈ।ਜਿਸ ਵਾਰੇ ਹੈਰਾਨੀ ਜਨਕ ਪ੍ਰਚੱਲਤ ਲੋਕ ਕਥਾਵਾਂ ਸੁਣ ਕੇ ਵੇਖਣ ਲਈ ਚਾਹਤ ਜਾਗ ਉਠਦੀ ਹੈ।ਕੁਝ ਸ਼ਰਧਾਵਾਨ ਲੋਕਾਂ ਨੇ ਆਪਣੀਆਂ ਭਾਵਨਾਵਾਂ ਨਾਲ ਜੋੜ ਕੇ ਇਸ ਨੂੰ ਪੂਜਾ ਦਾ ਸਥਾਨ ਬਣਾ ਦਿੱਤਾ ਹੈ। ਉਥੇ ਜਗ ਰਹੀ ਜੋਤ ਕੋਲ ਆ ਕੇ ਲੋਕੀ ਸਜਦਾ ਕਰਦੇ ਹਨ।ਬਰਨਾਲਾ,ਬਾਜਾਖਾਨਾ ਸ਼ੜਕ ਉਪਰ ਭਗਤਾ ਭਾਈ ਕਾ ਨਾਂ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਬਾਹਰਵਾਰ ਨੀਲੇ ਰੰਗ ਦਾ ਭਿੰਨ ਭਿੰਨ ਲਾਈਟਾਂ ਨਾਲ ਸ਼ਿਗਾਰਿਆ ਹੋਇਆ ਇੱਕ ਛੱਤਿਆ ਹੋਇਆ ਖੂਹ ਹੈ।ਜਿਸ ਨੂੰ ”ਭੁਤਾਂ ਵਾਲਾ ਖੁਹ” ਕਹਿੰਦੇ ਹਨ।ਪੰਜਾਬੀ ਦੇ ਮੋਟੇ ਮੋਟੇ ਲਫਜ਼ਾਂ ਵਿੱਚ ”ਭੁਤਾਂ ਵਾਲਾ ਖੂਹ” ਇੱਸ ਉਪਰ ਵੀ ਅੰਕਤ ਕੀਤਾ ਹੋਇਆ ਹੈ।ਇਸ ਦੀ ਮੌਣ ਉਪਰ ਜਗ ਰਹੀ ਜੋਤ ਕੋਲ ਸ਼ਰਧਾਵਾਨ ਆਕੇ ਮੱਥਾ ਟੇਕਦੇ ਹਨ।
ਇਹ ਭਗਤਾ ਭਾਈ ਕਾ ਪਿੰਡ ਭਾਈ ਭਗਤਾ ਜੀ ਨੇ ਵਸਾਇਆ ਸੀ। ਉਹ ਭਾਈ ਨਾਨੂ ਜੀ ਦੇ ਸਪੁੱਤਰ ਤੇ ਭਾਈ ਬਹਿਲੇ ਜੀ ਦੇ ਪੋਤਰੇ ਸਨ। ਭਾਈ ਬਹਿਲੇ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਅਮ੍ਰਿਤਸਰ ਸਰੋਵਰ ਦੀ ਨਿਸ਼ਕਾਮ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਹਿਲੇ ਸਭ ਤੋਂ ਪਹਿਲੇ ਦਾ ਖਿਤਾਬ ਦੇ ਕੇ ਮਾਲਵੇ ਵਿੱਚ ਸਿੱਖੀ ਦੇ ਪ੍ਰਚਾਰ ਕਰਨ ਲਈ ਉਸ ਦੇ ਪਿੰਡ ਫਫੜੇ ਭਾਈ ਕੇ ਭੇਜ ਦਿੱਤਾ ਸੀ।ਸਮਾ ਬੀਤਣ ਬਾਅਦ ਬਹਿਲੇ ਜੀ ਦੇ ਘਰ ਪੋਤਰੇ ਨੇ ਜਨਮ ਲਿਆ, ਜਿਸ ਦਾ ਨਾਂ ਭਗਤਾ ਰੱਖਿਆ ਗਿਆ।ਜਿਸ ਨੇ ਜਵਾਨ ਹੋ ਕੇ ਪਿੰਡ ਭਗਤਾ ਵਸਾਇਆ।ਇੱਕ ਲੋਕ ਕਥਾ ਮੁਤਾਬਕ ਲਾਹੌਰ ਦੇ ਦੀਵਾਨ ਰਾਮੂ ਸ਼ਾਹ ਨੇ ਭਾਈ ਭਗਤਾ ਜੀ ਕੋਲ ਆਕੇ ਬੇਨਤੀ ਕੀਤੀ ਕਿ ਮੇਰੀ ਪੁੱਤਰੀ ਨੂੰ ਪ੍ਰੇਤ ਦਾ ਛਾਇਆ ਹੈ। ਬਹੁਤ ਇਲਾਜ ਕਰਾਇਆ ਸਭ ਬੇਅਸਰ ਗਿਆ।ਰਾਮੂ ਸ਼ਾਹ ਦੀ ਅਰਜ਼ ਕਰਨ ਤੇ ਭਾਈ ਭਗਤਾ ਜੀ ਨੇ ਉਸ ਦੀ ਪੁਤਰੀ ਨੂੰ ਪ੍ਰੇਤਾਂ ਤੋਂ ਮੁਕਤੀ ਦਵਾ ਦਿੱਤੀ।ਰਾਮੂ ਨੇ ਖੁਸ਼ ਹੋ ਕੇ ਕੋਈ ਸੇਵਾ ਪੁੱਛੀ ਤਾਂ ਭਗਤਾ ਜੀ ਨੇ ਕਿਹਾ ਸਾਨੂੰ ਇੱਟਾਂ ਤੇ ਚੂਨਾ ਚਾਹੀਦਾ ਹੈ। ਜਿਸ ਨਾਲ ਇਥੇ ਪੱਕਾ ਖੂਹ ਲਾਇਆ ਜਾਵੇ।ਰਾਮੂ ਸ਼ਾਹ ਨੇ ਕਿਹਾ ਸਮਾਨ ਤੁਸੀ ਜਿਤਨਾ ਵੀ ਲੈ ਜਾ ਸਕਦੇ ਹੋ ਲੈ ਜਾਵੋ। ਪਰ ਮੈਂ ਲਾਹੌਰ ਤੋਂ ਤੁਹਾਡੇ ਪਿੰਡ ਪਹੁੰਚਾਉਣ ਤੋਂ ਅਸਮਰੱਥ ਹਾਂ।ਉਹਨਾਂ ਕਿਹਾ ਅਸੀ ਆਪੇ ਇਥੋਂ ਲੈ ਜਾਵਾਂ ਗੇ। ਭਗਤਾ ਜੀ ਨੇ ਆਪਣੇ ਗੁਪਤ ਸੇਵਕਾਂ (ਭੁਤਾਂ ਪ੍ਰੈਤਾਂ) ਨੂੰ ਹੁਕਮ ਦਿੱਤਾ, ਤੇ ਉਹਨਾਂ ਨੇ ਰਾਤੋ ਰਾਤ ਵਿੱਚ ਲਾਹੌਰ ਤੋਂ ਜੋ ਕਰੀਬ 250 ਕਿ.ਮੀ. ਦੀ ਦੂਰੀ ਹੈ ਇੱਟਾਂ, ਚੂਨਾ ਲਿਆ ਕੇ ਸਵੇਰ ਤੱਕ ਇਹ ਖੂਹ ਦਾ ਨਿਰਮਾਣ ਕਰ ਦਿੱਤਾ।ਇਹ ਘਟਨਾ 1761 ਸਨ ਦੀ ਦੱਸੀ ਜਾ ਰਹੀ ਹੈ।ਇਸ ਖੂਹ ਦੇ ਸੱਜੇ ਪੱਸੇ ਇੱਕ ਕੋਨੇ ਉਪਰ ਨੀਲੇ ਰੰਗ ਦਾ ਬੋਰਡ ਲਮਕ ਰਿਹਾ ਹੈ।ਜਿਸ ਉਪਰ ਕਵਿਤਾ ਰੂਪੀ ਲਫ਼ਜ਼ਾਂ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੈ,1978 ਵਿੱਚ ”ਬੂਟਾ ਗੱਪੀ” ਨਾਂ ਦਾ ਇੱਕ ਸ਼ਖਸ਼ ਨੇ ਇਸ ਖੂਹ ਉਪਰ ਚੜ੍ਹਕੇ ਖੂਹ ਵਾਰੇ ਮੰਦਾ ਚੰਗਾ ਬੋਲਿਆ ਸੀ।ਉਸ ਦਾ ਬਹੁਤ ਬੁਰਾ ਹਾਲ ਹੋਇਆ ਸੀ।ਬਾਅਦ ਵਿੱਚ ਉਸ ਨੇ ਇਥੇ ਨੱਕ ਰਗੜ ਕੇ ਮੁਆਫੀ ਮੰਗੀ ਸੀ।ਬੱਸ ਉਸ ਦਿੱਨ ਤੋਂ ਹੀ ਖੂਹ ਨੂੰ ਰੰਗ ਰੋਗਨ ਦੇ ਨਾਲ ਨਾਲ ਮੰਨਤਾ ਵੀ ਹੋਣ ਲੱਗ ਪਈ।ਇਸ ਮਿੱਠੇ ਜਲ ਵਾਲੇ ਖੂਹ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ ਦੁਰਾਡੇ ਤੋਂ ਆਉਦੀਆਂ ਹਨ।ਵਧੇਰੇ ਜਾਣਕਾਰੀ ਤੇ ਪ੍ਰਮਾਣਿਤ ਸਬੂਤ ਤਾਂ ਪ੍ਰਬੰਧਕ ਹੀ ਦੇ ਸਕਦੇ ਹਨ।ਪਰ ਇਹ ਜਾਣਕਾਰੀ ਉਥੇ ਲੱਗੇ ਹੋਏ ਬੋਰਡ ਉਪਰ ਉਪਲਵੱਧ ਹੈ।ਇਸ ਦੇ ਨਾਲ ਬਿਲਕੁਲ ਸੱਜੇ ਪਾਸੇ ਛੇਵੀ ਤੇ ਦਸਵੀ ਪਾਤਸ਼ਾਹੀ ਦੀ ਚਰਨ ਛੂਹ ਧਰਤੀ ਉਪਰ ਖੂਬਸੂਰਤ ਗੁਰੂਦੁਆਰਾ ਸਾਹਿਬ ਸਸੋਭਿਤ ਹੈ,ਜਿਥੇ ਹਰ ਸਾਲ 18 ਫਰਵਰੀ ਨੂੰ ਭਾਰੀ ਮੇਲਾ ਲਗਦਾ ਹੈ।ਦੱਸਿਆ ਜਾਦਾਂ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ, ਪਿੰਡ ਦੀਨੇ ਕਾਂਗੜ ਤੋਂ ਸ਼ਿਕਾਰ ਖੇਡਦੇ ਹੋਏ ਭਾਈ ਭਗਤੇ ਪਿੰਡ ਆਏ ਤਾਂ ਭਗਤੇ ਦੇ ਪੁੱਤਰ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਆਪਣੇ ਗਹ ਵਿਖੇ ਲੈ ਜਾ ਕੇ ਖੂਬ ਟਹਿਲ ਸੇਵਾ ਕੀਤੀ ਸੀ।