ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੀ ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ਵਿਚ ਨਾਮਜਦ ਕੀਤੀ ਗਈ ਤੀਸਤਾ ਸੇਤਲਵਾੜ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕੀਤੀ ਅਤੇ ਓਸ ਨੂੰ ਵੱਡੀ ਰਾਹਤ ਦਿੰਦਿਆਂ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਯੂਯੂ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਭੱਟ ਦੀ ਬੈਂਚ ਨੇ ਤੀਸਤਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕੀਤੀ ਸੀ ।
ਤੀਸਤਾ ਸੇਤਲਵਾੜ ਨੂੰ 2002 ਦੇ ਗੁਜਰਾਤ ਦੰਗਿਆਂ ਵਿਚ ਲੋਕਾਂ ਨੂੰ ਫਸਾਉਣ ਲਈ ਕਥਿਤ ਤੌਰ ‘ਤੇ ਸਬੂਤ ਘੜਨ ਦੇ ਦੋਸ਼ ਵਿਚ ਬੀਤੀ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਤੀਸਤਾ ਸੇਤਲਵਾੜ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਮਾਜ ਸੇਵੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸਨੇ ਇਹ ਵੀ ਕਿਹਾ ਕਿ ਉਸਨੂੰ ਆਪਣਾ ਪਾਸਪੋਰਟ ਸਪੁਰਦ ਕਰਨਾ ਹੋਵੇਗਾ ਅਤੇ ਚਲ ਰਹੀ ਜਾਂਚ ਵਿਚ ਸਹਿਯੋਗ ਦੇਣਾ ਪਵੇਗਾ । ਤੀਸਤਾ ਵਲੋਂ ਲਗਾਈ ਗਈ ਜਮਾਨਤ ਅਰਜੀ ਨੂੰ ਹੇਠਲੀ ਅਦਾਲਤ ਨੇ 13 ਜੁਲਾਈ ਨੂੰ ਰੱਦ ਕਰ ਦਿੱਤੀ ਸੀ। ਫਿਰ ਤੀਸਤਾ ਨੇ ਗੁਜਰਾਤ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਜਿਸ ਲਈ ਹਾਈ ਕੋਰਟ ਨੇ 3 ਅਗਸਤ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ 19 ਸਤੰਬਰ ਨੂੰ ਤੈਅ ਕੀਤੀ ਹੈ। ਤੀਸਤਾ ਦੀ ਅੰਤਰਿਮ ਜ਼ਮਾਨਤ ਦੀ ਮੰਗ ਨਹੀਂ ਮੰਨੀ ਗਈ। ਦੋਵਾਂ ਫੈਸਲਿਆਂ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਜਿਕਰਯੋਗ ਹੈ ਇਸ ਮਾਮਲੇ ਵਿਚ ਦੇਸ਼ ਦੇ ਮੌਜੂਦਾ ਪੀਐਮ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਅਦਾਲਤ ਵਲੋਂ ਕਲੀਨ ਚਿਟ ਦਿੱਤੀ ਗਈ ਹੈ ।