ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਦਿੱਲੀ ਦੀਆਂ ਬਰੂਹਾਂ ‘ਤੇ ਲੜ ਕੇ ਜਿੱਤਿਆ ਸੰਘਰਸ਼ ਦੁਨੀਆਂ ਭਰ ਵਿੱਚ ਮਿਸਾਲ ਕਾਇਮ ਕਰ ਗਿਆ। ਲੋਕ ਸੈਂਕੜੇ ਸਾਲਾਂ ਤੱਕ ਕਿਸਾਨਾਂ ਮਜ਼ਦੂਰਾਂ ਦੇ ਜਜ਼ਬੇ ਦੀਆਂ ਉਦਾਹਰਣਾਂ ਦੇਇਆ ਕਰਨਗੇ। ਇਸ ਅੰਦੋਲਨ ਦੌਰਾਨ ਕਲਾ ਖੇਤਰ ਨੇ ਵੀ ਅਥਾਹ ਯੋਗਦਾਨ ਪਾਇਆ। ਪੰਜਾਬੀ ਗਾਇਕਾਂ ਵਿੱਚੋਂ ਕਨਵਰ ਗਰੇਵਾਲ ਤੇ ਹਰਫ਼ ਚੀਮਾ ਲੰਮਾ ਸਮਾਂ ਅੰਦੋਲਨ ਦੇ ਮੰਚ ‘ਤੇ ਮੌਜੂਦ ਰਹੇ। ਉਹਨਾਂ ਵੱਲੋਂ ਗਾਏ ਗੀਤਾਂ ਅਤੇ ਤਕਰੀਰਾਂ ਨੇ ਅੰਦੋਲਨਕਾਰੀਆਂ ਵਿੱਚ ਜੋਸ਼ ਭਰੀ ਰੱਖਿਆ। ਅੱਜ ਇਹ ਆਲਮ ਹੈ ਕਿ ਦੋਵੇਂ ਗਾਇਕ ਵਿਸ਼ਵ ਭਰ ਵਿੱਚ ਹਰ ਪੰਜਾਬੀ ਦੇ ਘਰ ਵਿੱਚ ਜਾਣੇ ਅਤੇ ਸਤਿਕਾਰੇ ਜਾਂਦੇ ਹਨ। ਹਰਫ਼ ਚੀਮਾ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਆਏ ਤਾਂ ‘ਪੰਜ ਦਰਿਆ’ ਟੀਮ ਵੱਲੋਂ ਉਹਨਾਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ ਗਿਆ। ਉੱਘੇ ਕਾਰੋਬਾਰੀ ਜਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਆਯੋਜਿਤ ਮਿਲਣੀ ਦੌਰਾਨ ਹਰਫ਼ ਚੀਮਾ ਨੇ ਬੋਲਦਿਆਂ ਕਿਹਾ ਕਿ ਜਦੋਂ ਲੋਕਾਈ ਨਾਲ ਜੁੜਿਆ ਕੋਈ ਸੰਘਰਸ਼ ਚੱਲ ਰਿਹਾ ਹੋਵੇ ਤਾਂ ਓਸ ਖਿੱਤੇ ਦੀ ਕਲਾ ਤੇ ਕਲਾਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਸ ਪਿੜ ‘ਚੋਂ ਮਨਫ਼ੀ ਨਾ ਹੋਣ। ਇਸੇ ਸੋਚ ਕਾਰਨ ਹੀ ਆਪਣੇ ਕੰਮ ਦੀ ਪਰਵਾਹ ਕੀਤੇ ਬਿਨਾਂ ਕਿਸਾਨ ਅੰਦੋਲਨ ਨੂੰ ਸਮਰਪਿਤ ਹੋ ਗਏ। ਜੇ ਸਰਕਾਰ ਦੀਆਂ ਅੱਖਾਂ ‘ਚ ਰੜਕੇ ਤਾਂ ਆਵਦੇ ਲੋਕਾਂ ਨੇ ਅੱਖਾਂ ‘ਤੇ ਬਿਠਾਇਆ ਵੀ ਹੈ। ਇਸ ਸਮੇਂ ਬੋਲਦਿਆਂ ਜਿੰਦਰ ਸਿੰਘ ਚਾਹਲ ਨੇ ਕਿਹਾ ਕਿ ਹਰਫ਼ ਚੀਮਾ ਦੀ ਗਾਇਕੀ ਤੇ ਅੰਦੋਲਨ ‘ਚ ਸ਼ਮੂਲੀਅਤ ਨੇ ਉਹਨਾਂ ਦੇ ਪਰਿਵਾਰ ਦਾ ਮਾਣ ਵਧਾਇਆ ਹੈ। ਸਾਨੂੰ ਆਪਣੇ ਮਾਣਮੱਤੇ ਪੁੱਤਰ ‘ਤੇ ਮਣਾਂਮੂੰਹੀਂ ਮਾਣ ਹੈ। ਇਸ ਸਮੇਂ ਗੱਲਬਾਤ ਦੌਰਾਨ ਜਿੱਥੇ ਹਰਫ਼ ਚੀਮਾ ਵੱਲੋਂ ਆਪਣੇ ਆਉਣ ਵਾਲੇ ਗੀਤਾਂ ਬਾਰੇ ਚਰਚਾ ਕੀਤੀ, ਉੱਥੇ ਗਾਇਕ ਸਤਿੰਦਰ ਸਰਤਾਜ ਤੇ ਕਨਵਰ ਗਰੇਵਾਲ ਨਾਲ ਆਉਣ ਵਾਲੀਆਂ ਦੋ ਫਿਲਮਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਪੰਜ ਦਰਿਆ’ ਵੱਲੋਂ ਗਾਇਕ ਹਰਫ਼ ਚੀਮਾ ਦਾ ਕਿਸਾਨ ਅੰਦੋਲਨ ‘ਚ ਲਾਸਾਨੀ ਯੋਗਦਾਨ ਬਦਲੇ ਸਨਮਾਨ
This entry was posted in ਅੰਤਰਰਾਸ਼ਟਰੀ.