ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਤੋਂ ਯੋਗੇਂਦਰ ਯਾਦਵ ਨੇ ਅਸਤੀਫ਼ਾ ਦੇ ਦਿੱਤਾ ਹੈ । ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 31 ਅਗਸਤ ਦੀ ਜ਼ੂਮ ਮੀਟਿੰਗ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਸੀ ਕਿ ਮੈਂ ਹੁਣ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦੇ ਮੈਂਬਰ ਦੀ ਜ਼ਿੰਮੇਵਾਰੀ ਨਹੀਂ ਨਿਭਾਵਾਂਗਾ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਇਸ ਕਿਸਾਨ ਵਿਰੋਧੀ (ਅਤੇ ਦੇਸ਼ ਵਿਰੋਧੀ) ਮੋਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਜ਼ਮੀਨੀ ਪੱਧਰ ‘ਤੇ ਸਾਰੇ ਜਨਤਕ ਅੰਦੋਲਨਾਂ (ਕਿਸਾਨ ਅਤੇ ਮਜ਼ਦੂਰ ਅੰਦੋਲਨ; ਬੇਰੁਜ਼ਗਾਰੀ, ਮਹਿੰਗਾਈ ਅਤੇ ਅਗਨੀਪਥ) ਨੂੰ ਸੰਬੋਧਿਤ ਕਰਨਾ ਜ਼ਰੂਰੀ ਹੈ। ਇਸ ਸਰਕਾਰ ਦੀਆਂ ਨੀਤੀਆਂ ਵਿਰੁੱਧ ਖੜ੍ਹੀਆਂ ਵਿਰੋਧੀ ਸਿਆਸੀ ਪਾਰਟੀਆਂ ਦੀ ਊਰਜਾ ਨੂੰ ਜੋੜਿਆ ਜਾਣਾ ਚਾਹੀਦਾ ਹੈ। ਇਸੇ ਲਈ ਮੈਂ ਕਿਸਾਨ ਅੰਦੋਲਨ ਦੇ ਨਾਲ-ਨਾਲ ਹੋਰ ਅੰਦੋਲਨਾਂ ਨਾਲ ਵੀ ਸੰਪਰਕ ਵਿੱਚ ਹਾਂ। ਆਪਣੀ ਪਾਰਟੀ “ਸਵਰਾਜ ਇੰਡੀਆ” ਦੇ ਨਾਲ-ਨਾਲ ਮੈਂ ਹੋਰ ਸਿਆਸੀ ਪਾਰਟੀਆਂ ਨਾਲ ਵੀ ਤਾਲਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਇਹ ਯਤਨ ਕਿਸਾਨ ਅੰਦੋਲਨ ਦੇ ਹੱਥ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਮੇਰੀ ਇਸ ਤਰਜੀਹ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦੀ ਜ਼ਿੰਮੇਵਾਰੀ ਨਾਲ ਇਨਸਾਫ ਕਰਨਾ ਮੇਰੇ ਲਈ ਸੰਭਵ ਨਹੀਂ ਹੋਵੇਗਾ। ਕਿਰਪਾ ਕਰਕੇ ਮੇਰੀ ਇਹ ਚਿੱਠੀ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਦੇ ਸਾਹਮਣੇ ਰੱਖ ਕੇ ਮੈਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰੋ। ਮੇਰੀ ਥਾਂ ‘ਤੇ ਮੇਰੀ ਜਥੇਬੰਦੀ “ਜੈ ਕਿਸਾਨ ਅੰਦੋਲਨ” ਦੇ ਕੌਮੀ ਪ੍ਰਧਾਨ ਸ਼੍ਰੀ ਅਵੇਕ ਸਾਹਾ ਇਸ ਜ਼ਿੰਮੇਵਾਰੀ ਲਈ ਉਪਲਬਧ ਹੋਣਗੇ।
ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਮੈਂ “ਜੈ ਕਿਸਾਨ ਅੰਦੋਲਨ” ਦਾ ਮੈਂਬਰ ਹੋਣ ਦੇ ਨਾਤੇ ਸੰਯੁਕਤ ਕਿਸਾਨ ਮੋਰਚੇ ਦਾ ਸਿਪਾਹੀ ਬਣਿਆ ਰਹਾਂਗਾ ਅਤੇ ਮੋਰਚੇ ਵੱਲੋਂ ਤੈਅ ਕੀਤੇ ਗਏ ਕਿਸੇ ਵੀ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦੇਵਾਂਗਾ। ਹਿੰਦੁਸਤਾਨ ਦੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦਾ ਮੈਂਬਰ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਨੂੰ ਇਹ ਜ਼ਿੰਮੇਵਾਰੀ ਸੌਂਪਣ ਅਤੇ ਇਸ ਨੂੰ ਨਿਭਾਉਣ ਵਿੱਚ ਮੇਰੀ ਮਦਦ ਕਰਨ ਲਈ ਮੈਂ ਤੁਹਾਡੇ ਸਾਰਿਆਂ ਦਾ ਸਦਾ ਰਿਣੀ ਰਹਾਂਗਾ।