ਗਲਾਸਗੋ/ ਗ੍ਰੇਵਜੈਂਡ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਪਾਕਿਸਤਾਨ ਮੈਚ ਦੌਰਾਨ ਹੱਥ ਵਿੱਚੋਂ ਕੈਚ ਛੁੱਟ ਜਾਣ ਕਰਕੇ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਨੂੰ ਵੱਡੀ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੱਖ ਵੱਖ ਤਰ੍ਹਾਂ ਦੇ ਭੱਦੇ ਅਸ਼ਲੀਲ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਅਰਸ਼ਦੀਪ ਸਿੰਘ ਨੂੰ ਬਹੁਤ ਹੀ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ। ਇਸ ਕੈਚ ਛੁੱਟਣ ਦੀ ਆਮ ਜਿਹੀ ਗੱਲ ਨੂੰ ਇਉਂ ਦਰਸਾਇਆ ਗਿਆ ਹੈ ਜਿਵੇਂ ਅਰਸ਼ਦੀਪ ਸਿੰਘ ਦੇਸ਼ ਦੀ ਏਕਤਾ ਅਖੰਡਤਾ ਲਈ ਹੀ ਖਤਰਾ ਬਣ ਗਿਆ ਹੋਵੇ। ਉਸ ਖਿਲਾਫ ਬਹੁਤ ਹੀ ਵਿਉਂਤਬੱਧ ਢੰਗ ਨਾਲ ਵਿੱਢੀ ਗਈ ਟਰੋਲ ਮੁਹਿੰਮ ਦਾ ਯੂਕੇ ਦੀਆਂ ਵੱਖ ਵੱਖ ਸੰਸਥਾਵਾਂ ਨੇ ਗੰਭੀਰ ਨੋਟਿਸ ਲਿਆ ਹੈ। ਚੜ੍ਹਦੀ ਕਲਾ ਸਿੱਖ ਯੂਥ ਆਰਗੇਨਾਈਜੇਸ਼ਨ ਗ੍ਰੇਵਜੈਂਡ ਦੇ ਸੇਵਾਦਾਰ ਪਰਮਿੰਦਰ ਸਿੰਘ ਮੰਡ, ਗੁਰਤੇਜ ਸਿੰਘ ਪਨੂੰ, ਬਾਬਾ ਬੁੱਢਾ ਦਲ ਗਲਾਸਗੋ ਦੇ ਸੇਵਾਦਾਰ ਹਰਜੀਤ ਸਿੰਘ ਖਹਿਰਾ, ਰੇਸ਼ਮ ਸਿੰਘ ਕੂਨਰ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਸੀ, ਵੋਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ, ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਸ਼ਾਇਰ ਗਿੱਲ ਦੋਦਾ ਗਲਾਸਗੋ, ਸ਼ਾਇਰ ਅਮਨਦੀਪ ਧਾਲੀਵਾਲ, ਚਰਚਾ ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਗੁਰਮੇਲ ਕੌਰ ਸੰਘਾ, ਬੀਰਾ ਡੱਬ, ਮਨਜੀਤ ਸਿੰਘ ਸ਼ਾਲਾਪੁਰੀ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਸਮਰਾ, ਗੁਰਦੀਪ ਸਿੰਘ ਸਮਰਾ, ਉੱਘੇ ਕਾਰੋਬਾਰੀ ਗੁਰਮੇਲ ਸਿੰਘ ਧਾਮੀ, ਜਿੰਦਰ ਸਿੰਘ ਚਾਹਲ ਆਦਿ ਵੱਲੋਂ ਅਰਸ਼ਦੀਪ ਸਿੰਘ ‘ਤੇ ਕੀਤੇ ਜਾ ਰਹੇ ਮਾਨਸਿਕ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਜਿਹਨਾਂ ਨੇ ਕਦੇ ਹੱਥਾਂ ਵਿੱਚ ਗੁੱਲੀ ਡੰਡਾ ਵੀ ਨਹੀਂ ਫੜਿਆ ਹੁੰਦਾ, ਉਹ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਮੱਤਾਂ ਦੇ ਰਹੇ ਹੁੰਦੇ ਹਨ। ਖਿਡਾਰੀਆਂ ਦਾ ਕੰਮ ਖੇਡਣਾ ਹੁੰਦਾ ਹੈ ਤੇ ਖੇਡ ਦੌਰਾਨ ਅਜਿਹੀਆਂ ਗੱਲਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਜੇਕਰ ਖੇਡਾਂ ਨੂੰ ਵੀ ਦੇਸ਼ ਦੀ ਰੱਖਿਆ ਸੁਰੱਖਿਆ ਨਾਲ ਜੋੜ ਕੇ ਖਿਡਾਰੀਆਂ ਦਾ ਮਨੋਬਲ ਡੇਗਣ ਦੀਆਂ ਨਾਪਾਕ ਕੋਸ਼ਿਸ਼ਾਂ ਕਰਨੀਆਂ ਹਨ ਤਾਂ ਕਿਉਂ ਨਹੀਂ ਵੱਡੀਆਂ ਗੋਗੜਾਂ ਵਾਲੇ ਨੇਤਾਵਾਂ ਦੀ ਟੀਮ ਬਣਾ ਲਈ ਜਾਂਦੀ?
ਬੁਲਾਰਿਆਂ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੇ ਸਿੱਖ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਉਸਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾਣਾ ਹੀ ਦੇਸ਼ ਲਈ ਸ਼ਰਮਿੰਦਗੀ ਭਰਿਆ ਤੇ ਖਤਰਨਾਕ ਰੁਝਾਨ ਹੈ।