ਭਾਰਤੀ ਸੰਵਿਧਾਨ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ‘ਧਰਮ-ਨਿਰਪੱਖ’ ਸ਼ਬਦ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੇਂ ਸੰਸ਼ੋਧਨ (1976) ਦੁਆਰਾ ਸ਼ਾਮਿਲ ਕੀਤਾ ਗਿਆ ਸੀ ਇਸ ਲਈ ਭਾਰਤ ਦਾ ਕੋਈ ਅਧਿਕਾਰਿਕ ਰਾਜ ਧਰਮ ਨਹੀਂ ਹੈ। ਲੋਕਤੰਤਰ ਵਿੱਚ ਧਰਮ ਤੋਂ ਰਾਜ ਨੂੰ ਵੱਖਰਾ ਰੱਖਣ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਲੋਕਾਂ ਦੇ ਨਿੱਜੀ ਤੌਰ ਤੇ ਧਾਰਮਿਕ ਚੋਣ ਦੇ ਅਧਿਕਾਰ ਦੀ ਰੱਖਿਆ ਕੀਤੀ ਜਾ ਸਕੇ, ਹਰ ਵਿਅਕਤੀ ਆਪਣੀ ਆਸਥਾ ਅਨੁਸਾਰ ਧਰਮ ਅਪਣਾ ਸਕੇ।
ਮੌਜੂਦਾ ਸਮੇਂ ਦੌਰਾਨ ਸਰਕਾਰੀ ਸਕੂਲਾਂ ਨਾਲੋਂ ਨਿੱਜੀ (ਪ੍ਰਾਈਵੇਟ) ਸਕੂਲਾਂ ਦਾ ਬੋਲਬਾਲਾ ਜ਼ਿਆਦਾ ਹੈ। ਇਹ ਸਪੱਸ਼ਟ ਵੇਖਣ ਨੂੰ ਮਿਲਦਾ ਹੈ ਕਿ ਵੱਖ-ਵੱਖ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਵਿੱਚ ਆਪਣੇ ਆਪਣੇ ਧਰਮ ਵਿਸ਼ੇਸ਼ ਵੱਲ ਝੁਕਾ ਸਦਕਾ, ਸਕੂਲੀ ਸਿੱਖਿਆ ਵਿੱਚ ਸੰਬੰਧਤ ਧਰਮ ਦਾ ਏਕਾਧਿਕਾਰ ਰਹਿੰਦਾ ਹੈ, ਉਹਨਾਂ ਦੀਆਂ ਸਕੂਲੀ ਪ੍ਰਾਥਨਾਵਾਂ ਅਤੇ ਹੋਰ ਗਤੀਵਿਧੀਆਂ ਸੰਬੰਧਤ ਧਰਮ ਦਾ ਪ੍ਰਤੀਨਿਧਤਵ ਕਰਦੀਆਂ ਹਨ।। ਭਾਰਤੀ ਸੰਵਿਧਾਨ ਦੇ ਅਨੁਛੇਦ 28(1) ਤਹਿਤ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਨਿਰਦੇਸ਼ ਦੇਣ ਤੇ ਪੂਰਨ ਪਾਬੰਦੀ ਹੈ ਪਰੰਤੂ ਅਨੁਛੇਦ 28(3) ਤਹਿਤ ਮਾਨਤਾ ਪ੍ਰਾਪਤ ਸਕੂਲਾਂ ਅਤੇ ਸਰਕਾਰੀ ਆਰਥਿਕ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਮਾਪਿਆਂ ਦੀ ਸਹਿਮਤੀ ਨਾਲ ਧਾਰਮਿਕ ਨਿਰਦੇਸ਼ ਦੇਣ ਦੀ ਆਗਿਆ ਦਿੰਦਾ ਹੈ।
ਸਕੂਲਾਂ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਸਵੱਸਥ ਸਮਾਜ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਸਕੂਲ ਧਰਮ ਨਿਰਪੱਖ ਹੋਣ, ਉਹਨਾਂ ਉੱਪਰ ਕਿਸੇ ਧਰਮ ਦਾ ਖਾਸ ਪ੍ਰਭਾਵ ਨਾ ਹੋਵੇ ਤਾਂ ਜੋ ਵਿਦਿਆਰਥੀਆਂ ਦਾ ਖੁੱਲ੍ਹੇ ਮਾਹੌਲ ਵਿੱਚ ਉਚਿਤ ਵਿਕਾਸ ਹੋ ਸਕੇ। ਧਰਮ ਨਿਰਪੱਖ ਸਕੂਲੀ ਸਿੱਖਿਆ ਤੋਂ ਭਾਵ ਜੋ ਕਿਸੇ ਵੀ ਧਾਰਮਿਕ ਸਿਧਾਂਤ ਤੋਂ ਪੂਰੀ ਤਰ੍ਹਾਂ ਲ਼ਾਂਭੇ ਹੈ ਅਤੇ ਜੋ ਵਿਗਿਆਨਕ ਤਰੱਕੀ ਦੇ ਨਤੀਜਿਆਂ ‘ਤੇ ਅਧਾਰਤ ਹੈ, ਅਗਿਆਨਤਾ ਅਤੇ ਇਸ ਦੇ ਪ੍ਰਭਾਵਾਂ ਜਿਵੇਂ ਕਿ ਗੁਲਾਮਤਾ, ਕੱਟੜਤਾ ਅਤੇ ਪੱਖਪਾਤ ਦੇ ਵਿਰੁੱਧ ਲੜਦੀ ਹੈ।
ਧਰਮ ਅਤੇ ਧਾਰਮਿਕ ਸਿੱਖਿਆ ਵਿਅਕਤੀ ਦਾ ਨਿੱਜੀ ਦਾ ਮਸਲਾ ਹੈ ਅਤੇ ਇਸਨੂੰ ਸਮਾਜ ਤੇ ਸਿੱਧੇ-ਅਸਿੱਧੇ ਢੰਗਾਂ ਨਾਲ ਥੋਪਣਾ ਸਹੀ ਨਹੀਂ। ਜਰਮਨ ਤਾਨਾਸ਼ਾਹ ਅਡੋਲਫ਼ ਹਿਟਲਰ ਨੇ ਕਿਹਾ ਸੀ, ‘ਮੈਨੂੰ ਕਿਤਾਬਾਂ ਤੇ ਨਿਯੰਤ੍ਰਣ ਕਰਨ ਦਿਓ ਅਤੇ ਮੈਂ ਜਰਮਨੀ ਨੂੰ ਕਬਜ਼ੇ ਵਿੱਚ ਕਰ ਲਵਾਂਗਾ।’ ਧਰਮ, ਤਾਨਾਸ਼ਾਹੀ ਚਾਹੁੰਦਾ ਹੈ ਅਤੇ ਸਿੱਖਿਆ ਵਿੱਚ ‘ਧਰਮ ਦੀ ਅਫੀਮ’ ਦਾ ਨਸ਼ਾ ਕਿਸੇ ਵੀ ਸਮਾਜ ਤੇ ਕਾਬੂ ਪਾਉਣ ਦਾ ਸਭ ਤੋਂ ਕਾਰਗਾਰ ਹਥਿਆਰ ਹੈ।
ਸ਼ਬਦ ‘ਧਰਮ-ਨਿਰਪੱਖ’ ਪਹਿਲੀ ਵਾਰ ਬ੍ਰਿਟਿਸ਼ ਲੇਖਕ ਜਾਰਜ ਜੇਕਬ ਹੋਲਿਓਕੇ ਦੁਆਰਾ 1851 ਵਿੱਚ ਵਰਤਿਆ ਗਿਆ ਸੀ। ਹਾਲਾਂਕਿ ਇਹ ਸ਼ਬਦ ਨਵਾਂ ਸੀ, ਪਰ ਅਜ਼ਾਦ ਵਿਚਾਰਾਂ ਵਾਲਿਆਂ ਦੀ ਆਮ ਧਾਰਣਾ ਉਸ ਉੱਤੇ ਅਧਾਰਿਤ ਸੀ, ਜੋ ਇਤਿਹਾਸ ਵਿੱਚ ਮੌਜੂਦ ਸੀ। ਧਾਰਮਿਕ ਮਜ਼ਹਬ ਨੂੰ ਖਾਰਜ ਕਰਦੇ ਜਾਂ ਉਸ ਦੀ ਆਲੋਚਨਾ ਕਰਨ ਤੋਂ ਬਿਨਾਂ, ਹੋਲਿਓਕੇ ਨੇ ਧਰਮ ਤੋਂ ਅਲਗ ਸਮਾਜਿਕ ਕ੍ਰਮ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਿਚਾਰਾਂ ਨੂੰ ਬਿਆਨ ਕਰਨ ਲਈ ਧਰਮ ਨਿਰਪੱਖਤਾ ਦੀ ਸ਼ਰਤ ਦੀ ਸਿਰਜਣਾ ਕੀਤੀ।
ਧਰਮ ਨਿਰਪੱਖਤਾ ਇੱਕ ਵਿਚਾਰਧਾਰਕ ਵਰਤਮਾਨ ਹੈ ਜੋ ਇਸ ਗੱਲ ਦਾ ਬਚਾਅ ਕਰਦੀ ਹੈ ਕਿ ਜਨਤਕ ਜੀਵਨ ਵਿੱਚ ਰਾਜ ਅਤੇ ਧਰਮ ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ। ਧਰਮ ਨਿਰਪੱਖਤਾ ਧਾਰਮਿਕ ਸੰਸਥਾਵਾਂ ਦੇ ਜਨਤਕ ਜੀਵਨ ਨੂੰ ਪ੍ਰਭਾਵਿਤ ਕਰਨ ਤੋਂ ਦੂਰ ਰਹਿਣ ਦੀ ਮਹੱਤਤਾ ਵੱਲ ਇਸ਼ਾਰਾ ਕਰਦੀ ਹੈ। ਫਰਾਂਸ ਵਿੱਚ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਰਾਜ ਚਰਚ ਤੋਂ ਵੱਖ ਹੋਣਾ ਸ਼ੁਰੂ ਹੋ ਗਿਆ ਅਤੇ ਇੱਕ ਪਹਿਲੂ ਜੋ ਇਸ ਨਵੀਂ ਪ੍ਰਣਾਲੀ ਨੇ ਲਾਗੂ ਕੀਤਾ ਸੀ, ਉਹ ਸੀ ਧਰਮ ਨਿਰਪੱਖ ਸਕੂਲਾਂ ਅਤੇ ਯੂਨੀਵਰਸਿਟੀਆਂ ਦਾ ਹੋਣਾ, ਭਾਵ ਧਾਰਮਿਕ ਸਿਖਲਾਈ ਜਾਂ ਸਮੱਗਰੀ ਤੋਂ ਬਿਨਾਂ।
ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਭਾਰਤ ਵਰਗੇ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਧਰਮ-ਨਿਰਪੱਖਤਾ ਐਨੀ ਕਮਜ਼ੋਰ ਨੀਂਹ ਤੇ ਕਿਉਂ ਖੜੀ ਹੈ? ਜਿਵੇਂ ਕਿਹਾ ਜਾਂਦਾ ਹੈ ਕਿ ਧਰਮ ਇੱਕ ਹੱਦ ਤੱਕ ਲੋਕਾਂ ਨੂੰ ਜੋੜਦਾ ਹੈ, ਆਪਣੇ ਹੀ ਧਰਮ ਦੀ ਸਰਵ-ਉੱਚਤਾ, ਕੱਟੜਪੁਣਾ ਆਉਂਦੇ ਹੀ ਉਹ ਸਵੱਸਥ ਸਮਾਜ ਦਾ ਵਿਰੋਧੀ ਹੋ ਨਿਬੜਦਾ ਹੈ। ਸਕੂਲੀ ਧਾਰਮਿਕ ਸਿੱਖਿਆ ਵਿੱਚ ਪਿਆਰ, ਸ਼ਾਂਤੀ-ਅਹਿੰਸਾ ਅਤੇ ਇਨਸਾਨੀਅਤ ਦੀ ਗਾਰੰਟੀ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਅਜਿਹੀ ਸਿੱਖਿਆ ਨੂੰ ਸਕੂਲੀ ਸਿੱਖਿਆ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਯੋਗ ਅਤੇ ਅਗਾਂਹਵਧੂ ਸਿੱਖਿਆ ਦਿੱਤੀ ਜਾ ਸਕੇ ਜੋ ਉਹਨਾਂ ਦੇ ਵਿਕਾਸ ਦੇ ਨਾਲ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਸਹਾਈ ਹੋਵੇ।