ਕੈਲਗਰੀ- ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 10 ਸਤੰਬਰ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਕੋਵਿਡ ਦੌਰਾਨ ਹੋਂਦ ਵਿੱਚ ਆਈ ਇਹ ਸੁਸਾਇਟੀ, ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਦਾ ਵਿਸ਼ੇਸ਼ ਉਪਰਾਲਾ ਕਰ ਰਹੀ ਹੈ।
ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਚਾਲਕ- ਜਗਬੀਰ ਸਿੰਘ ਜੀ ਨੇ, ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਜੈਪੁਰ ਤੋਂ ਆਏ ਬ੍ਰਿਜਮਿੰਦਰ ਕੌਰ ਜੀ ਨੂੰ ਸ਼ਬਦ ਨਾਲ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਉਹਨਾਂ ਗੁਰੂ ਅਮਰਦਾਸ ਜੀ ਦਾ ਸ਼ਬਦ ਬਹੁਤ ਹੀ ਪ੍ਰੇਮ ਨਾਲ ਸੰਗਤ ਨੂੰ ਸਰਵਣ ਕਰਾਇਆ। ਉਸ ਤੋਂ ਬਾਅਦ ਕਵੀ ਦਰਬਾਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਗੁਰਦੀਸ਼ ਕੌਰ ਗਰੇਵਾਲ ਨੂੰ ਸੌਂਪੀ ਗਈ। ਉਸ ਨੇ ਦੇਸ਼ ਵਿਦੇਸ਼ ਤੋਂ ਪਹੁੰਚੇ ਕਵੀ ਸਾਹਿਬਾਨ ਦੀ ਜਾਣ ਪਛਾਣ ਕਰਾਉਂਦੇ ਹੋਏ, ਵਾਰੀ ਵਾਰੀ ਸਭ ਨੂੰ ਸੱਦਾ ਦਿੱਤਾ।
ਸਭ ਤੋਂ ਪਹਿਲਾਂ, ਟੋਰੰਟੋ ਤੋਂ ਪਰਮਜੀਤ ਸਿੰਘ, ਪਰਨੀਤ ਕੌਰ ਅਤੇ ਸਿਮਰਲੀਨ ਕੌਰ ਨੇ ਰਲ਼ ਕੇ, ਗੁਰਦੀਸ਼ ਕੌਰ ਦਾ ਲਿਖਿਆ ਧਾਰਮਿਕ ਗੀਤ- ‘ਬਾਣੀ ਹੈ ਇਹ ਧੁਰ ਕੀ ਬਾਣੀ, ਬਾਣੀ ਜਨਮ ਸਵਾਰੇ’ ਨੂੰ ਮਧੁਰ ਧੁਨ ਤੇ ਗਾ ਕੇ, ਕਵੀ ਦਰਬਾਰ ਦੀ ਆਰੰਭਤਾ ਕੀਤੀ। ਸੈਕਰਾਮੈਂਟੋ ਤੋਂ ਆਈ, ਦੁਨੀਆਂ ਦੀ ਪਹਿਲੀ ਔਰਤ ਹੈਡ ਗ੍ਰੰਥੀ, ਬੀਬੀ ਸੁਰਜੀਤ ਕੌਰ ਨੇ ਵੀ ਆਪਣੀਆਂ ਦੋ ਰੁਬਾਈਆਂ ਅਤੇ ਇੱਕ ਗੀਤ ਤਰੰਨਮ ਵਿੱਚ ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਸਾਊਥ ਕੋਰੀਆ ਤੋਂ ਆਏ, ਨੌਜਵਾਨ ਸ਼ਾਇਰ ਅਮਨਬੀਰ ਸਿੰਘ ਨੇ, ਗੁਰੂ ਨਾਨਕ ਦੇਵ ਜੀ ਨਾਲ ਸਬੰਧਤ, ਇੱਕ ਧਾਰਮਿਕ ਗੀਤ ਤਰੰਨਮ ਵਿੱਚ ਸੁਣਾ ਕੇ, ਵਾਹਵਾ ਖੱਟੀ। ਅਜਨਾਲਾ (ਇੰਡੀਆ) ਤੋਂ ਪਹੁੰਚੀ, ਲੈਕਚਰਾਰ ਗੁਰਜੀਤ ਕੌਰ ਨੇ ਕਬਿੱਤ ਛੰਦ ਵਿੱਚ ਲਿਖੀ ਆਪਣੀ ਕਵੀਸ਼ਰੀ ਦੀ, ਬੁਲੰਦ ਆਵਾਜ਼ ਰਾਹੀਂ ਸੰਗਤ ਨਾਲ ਸਾਂਝ ਪਾਈ। ਅੰਬਾਲਾ (ਹਰਿਆਣਾ) ਤੋਂ ਪਹੁੰਚੇ ਨਾਮਵਰ ਸ਼ਾਇਰ, ਗੁਰਚਰਨ ਸਿੰਘ ਜੋਗੀ ਜੀ ਨੇ ਆਪਣਾ ਗੀਤ- ‘ਸਾਡੀ ਤਪਦੀ ਰੂਹ ਨੂੰ ਠਾਰਦੀ, ਤੇਰੀ ਅੰਮ੍ਰਿਤ ਬਾਣੀ’ ਤਰੰਨਮ ਵਿੱਚ ਸੁਣਾ ਕੇ, ਹਾਜ਼ਰੀ ਲਵਾਈ। ਜੰਡਿਆਲਾ (ਅੰਮ੍ਰਿਤਸਰ) ਤੋਂ ਆਏ, ਪੰਥਕ ਸ਼ਾਇਰ ਤੇ ਪੱਤਰਕਾਰ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਸ਼ਬਦ ਗੁਰੂ ਦੀ ਮਹਿਮਾ ਵਿੱਚ ਲਿਖੀ, ਆਪਣੀ ਭਾਵਪੁਰਤ ਲੰਬੀ ਕਵਿਤਾ, ਕਬਿੱਤ ਛੰਦ ਵਿੱਚ ਸੁਣਾ ਕੇ, ਸੰਗਤ ਨੂੰ ਨਿਹਾਲ ਕੀਤਾ।
ਕੈਲਗਰੀ ਨਿਵਾਸੀ, ਛੰਦਾਂ ਦੇ ਉਸਤਾਦ ਖੋਜੀ ਵਿਦਵਾਨ ਜਸਵੰਤ ਸਿੰਘ ਸੇਖੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਤੇ ਲਿਖੀ ਆਪਣੀ ਕਵੀਸ਼ਰੀ ਦੀ ਸੰਗਤ ਨਾਲ ਸਾਂਝ ਪਾਈ। ਸਰੀ ਬੀ. ਸੀ. ਤੋਂ ਪਹੁੰਚੇ, ਮਹਾਨ ਸਾਹਿਤਕਾਰਾ, ਡਾਕਟਰ ਗੁਰਮਿੰਦਰ ਕੌਰ ਸਿੱਧੂ ਨੇ ਗੁਰਬਾਣੀ ਦੀ ਮਹਾਨਤਾ ਬਾਰੇ ਲਿਖੀ ਆਪਣੀ ਸੰਖੇਪ ਰਚਨਾ ਰਾਹੀਂ, ਗਾਗਰ ਵਿੱਚ ਸਾਗਰ ਭਰ ਦਿੱਤਾ। ਟੋਰੰਟੋ ਤੋਂ ਆਏ, ਬੁਲੰਦ ਆਵਾਜ਼ ਦੇ ਮਾਲਕ, ਸੁਜਾਨ ਸਿੰਘ ਸੁਜਾਨ ਨੇ ਆਪਣਾ ਗੀਤ- ‘ਜੁੱਗੋ ਜੁੱਗ ਅਟੱਲ, ਗੁਰੂ ਗ੍ਰੰਥ ਜੀ ਮਹਾਨ ਹੈ’ ਸੁਣਾ ਕੇ, ਜੈਕਾਰੇ ਖੱਟੇ। ਅੰਤ ਤੇ, ਸੁਸਾਇਟੀ ਦੇ ਸੰਸਥਾਪਕ, ਡਾ. ਬਲਰਾਜ ਸਿੰਘ ਨੇ ਸੰਗਤ ਵਲੋਂ ਸਮੂਹ ਕਵੀਆਂ ਦਾ ਧੰਨਵਾਦ ਕਰਦਿਆਂ, ਇਸ ਸਭਾ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੱਤੀ। ਸੰਗਤ ਦੀ ਬੇਨਤੀ ਤੇ, ਹੋਸਟ ਗੁਰਦੀਸ਼ ਕੌਰ ਨੇ ਵੀ ਆਪਣੀ ਕਬਿੱਤ ਛੰਦ ਵਿੱਚ ਲਿਖੀ ਕਵਿਤਾ- ‘ਗੁਰੂ ਮਾਨਿਓ ਗ੍ਰੰਥ’ ਸੰਗਤ ਨਾਲ ਸਾਂਝੀ ਕੀਤੀ। ਸੰਗਤ ਵਿਚੋਂ ਬੀਬੀ ਜਸਵੀਰ ਕੌਰ ਗਿੱਲ ਨੇ ਵੀ ਇੱਕ ਕਵਿਤਾ ਨਾਲ ਸਾਂਝ ਪਾਈ। ਜੈਕਾਰਿਆਂ ਦੀ ਗੂੰਜ ਵਿੱਚ ਇਸ ਕਵੀ ਦਰਬਾਰ ਦੀ ਸਮਾਪਤੀ ਹੋਈ।
ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਨੇ ਦੂਰੋਂ ਨੇੜਿਉਂ ਆਏ ਸਾਰੇ ਕਵੀਆਂ ਨੂੰ, ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।
ਦੋ ਘੰਟੇ ਚੱਲੇ ਇਸ ਕਵੀ ਦਰਬਾਰ ਦੀ ਸਮਾਪਤੀ ਤੇ, ਕੈਲਗਰੀ ਤੋਂ ਬੱਚੇ- ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਆਨੰਦ ਸਾਹਿਬ ਸਰਵਣ ਕਰਾਇਆ। ਉਪਰੰਤ ਅਰਦਾਸ ਕਰਕੇ ਹੁਕਮਨਾਮਾ ਲਿਆ ਗਿਆ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਨਾਲ ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।