ਗੁਰੂ ਸਾਹਿਬਾਨ ਤੋਂ ਵਰੋਸਾਈ ਗੁਰਮੁਖੀ ਲਿਪੀ ਦਾ ਅਜੋਕੇ ਸਥਾਨ ਤਕ ਪਹੁੰਚਣ ਦਾ ਸਫਰ ਆਸਾਨ ਨਹੀਂ ਹੈ। ਇਸ ਦਾ ਇਤਿਹਾਸ ਵੀ ਸਿਖ ਇਤਿਹਾਸ ਦੀ ਤਰ੍ਹਾਂ ਸਾਹਸ ਭਰਿਆ ਹੈ। ਗੁਰੂ ਸਾਹਿਬਾਨ ਨੇ ਗੁਰਮੁਖੀ ਨੂੰ ਪਿਆਰਿਆ ਅਤੇ ਆਪ ਆਪਣੇ ਗੁਰਸਿਖਾਂ ਨੂੰ ਇਹ ਬਖਸ਼ੀ। ਬਿਪਰ ਪ੍ਰਧਾਨ ਪ੍ਰਬੰਧ ਜੋ ਸਦੀਆਂ ਤੋਂ ਲੋਕ ਜ਼ਿਹਨ ਅਤੇ ਜੀਵਨ ‘ਤੇ ਗਲਬਾ ਪਾਈ ਬੈਠਾ ਸੀ, ਉਸ ਨੂੰ ਕਿਵੇਂ ਵੀ ਇਹ ਮਨਜ਼ੂਰ ਨਹੀਂ ਸੀ। ਗੁਰਮੁਖੀ ਗੁਰਾਂ ਤੋਂ ਥਾਪੜਾ ਹਾਸਿਲ ਹੋਣ ਕਰਕੇ ਜੂਝਦੀ ਰਹੀ ਅਤੇ ਸਧਾਰਨ ਲੋਕਵਰਗ ਤਕ ਬਹੁਤ ਤੇਜ਼ੀ ਨਾਲ ਅਪੜਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਗੁਰਮੁਖੀ ਵੀ ਲੋਕ ਹਿਰਦਿਆਂ ਵਿਚ ਸਥਾਨ ਗ੍ਰਹਿਣ ਕਰਦੀ ਹੈ। ਗੁਰਬਾਣੀ ਜਿਹੀ ਇਲਾਹੀ ਦਾਤ ਅਤੇ ਬਖਸ਼ਿਸ਼ ਆਖਰ ਪ੍ਰਾਪਤ ਤਾਂ ਇਸੇ ਲਿਪੀ ਵਿਚ ਹੋਈ। ਸਦੀਆਂ ਬਾਅਦ ਸਧਾਰਨ ਲੋਕਾਂ ਨੇ ਕੁਝ ਅਹਿਸਾਸ ਕੀਤਾ ਸੀ, ਜਿਥੇ ਉਨ੍ਹਾਂ ਰੂਹਾਨੀਅਤ ਦੀਆਂ ਨਿੱਘੀਆਂ-ਕੋਮਲ ਰਮਜ਼ਾਂ ਨੂੰ ਜਾਣਿਆ, ਉਥੇ ਉਨ੍ਹਾਂ ਜੀਵਨ ਦੇ ਅਰਥਾਂ ਨੂੰ ਵੀ ਸਮਝਿਆ।
ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੇਂਦਰਾਂ -ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਆਦਿ ਵਿਖੇ ਜਿਥੇ ਸਿੱਖ ਧਰਮ ਨੂੰ ਸਥਾਪਿਤ ਕਰਨ ਲਈ ਹੋਰ ਬਹੁਤ ਅਹਿਮ ਕਾਰਜ ਕੀਤੇ ਗਏ, ਉਥੇ ਹੀ ਗੁਰਮੁਖੀ ਲਈ ਵਿਸ਼ੇਸ਼ ਉਪਰਾਲੇ ਵੀ ਹੋਏ। ਇਨ੍ਹਾਂ ਸਥਾਨਾਂ ‘ਤੇ ਪਹੁੰਚਣ ਵਾਲਾ ਜਗਿਆਸੂ ਗੁਰਮੁਖੀ ਦੀ ਦਾਤ ਵੀ ਹਾਸਿਲ ਕਰਦਾ। ਜਲਦੀ ਹੀ ਬਹੁਤ ਸਾਰੇ ਗੁਰਮੁਖੀ ਦੇ ਲਿਖਾਰੀ ਪੈਦਾ ਹੋ ਗਏ। ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸੰਸਥਾਵਾਂ ਜਿਵੇਂ ਮੰਜੀ ਅਤੇ ਮਸੰਦਾਂ ਦੀ ਸੰਸਥਾ ਦੁਆਰਾ ਗੁਰਮੁਖੀ ਨੂੰ ਦੂਰ ਦੁਰੇਡੇ ਤਕ ਪਹੁੰਚਾਇਆ ਗਿਆ। ਗੁਰਮੁਖੀ ਅਗੇ ਵਧਦੀ ਗਈ। ਬਿਪਰ ਦੀ ਕੈਦ ਤੋਂ ਮੁਕਤ ਹੋਣ ਲਈ ਹਰ ਮਨੁਖ ਚਾਅ ਨਾਲ ਗੁਰਮੁਖੀ ਨੂੰ ਸਿਖਦਾ ਹੈ ਅਤੇ ਗੁਰਾਂ ਦੀ ਇਲਾਹੀ ਬਾਣੀ ਨਾਲ ਜੁੜਦਾ।
ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅਜ ਵੀ ਹੈ। ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਜਿਸ ਰਾਹੀਂ ਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ‘ਤੇ ਮਿਸਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿਚ ਗੁਜ਼ਾਰੇ ਕਰਦਾ ਵੀ ਚੜ੍ਹਦੀਕਲਾ ਵਿਚ ਰਿਹਾ। ਗੁਰੂ ਸਾਹਿਬ ਦਾ ਅਸ਼ੀਰਵਾਰ ‘ਗੁਰਮੁਖੀ’ ਸਿੱਖਾਂ ਦੇ ਅੰਗ-ਸੰਗ ਸੀ। ਘੋੜ੍ਹਿਆਂ ਕਾਠੀਆਂ ‘ਤੇ ਰਹਿੰਦੇ ਹੋਏ ਖਾਲਸੇ ਨੇ ‘ਚੜ੍ਹਦੀਕਲਾ’ ਵਾਲੇ ਖਾਲਸਾਈ ਬੋਲਿਆਂ ਨੂੰ ਸਿਰਜਿਆ। ਗੁਰਮੁਖੀ ਲਈ ਹਰ ਸਿਖ ਨੇ ਕੁਝ ਨਾ ਕੁਝ ਕੀਤਾ। ਜੰਗ ਵਿਚ ਜੂਝਨ ਵਾਲਾ ਸਿਖ ਭਾਵੇਂ ਕਿਸੇ ਵੀ ਉਦੇਸ਼ ਨਾਲ ਲੜ ਰਿਹਾ ਹੋਵੇ ਪਰ ਜਦੋਂ ਉਹ ਪੰਜਾਬ ਅਤੇ ਇਸ ਧਰਤੀ ਦੀ ਹੋਂਦ, ਪਹਿਚਾਣ ਲਈ ਲੜ੍ਹ ਰਿਹਾ ਸੀ ਤਾਂ ਗੁਰਮੁਖੀ ਲਈ ਵੀ ਲੜ੍ਹ ਰਿਹਾ ਸੀ।
ਸਿਖ ਸੰਪਰਦਾਵਾਂ ਨਾਲ ਸੰਬੰਧਿਤ ਸਾਧੂਆਂ ਨੇ ਗੁਰਮੁਖੀ ਨੂੰ ਹਿੰਦੋਸਤਾਨ ਦੇ ਕੋਨੇ ਕੋਨੇ ਤਕ ਪਹੁੰਚ ਦਿਤਾ। ਆਮ ਲੋਕਾਂ ਦੇ ਘਰਾਂ ਤਕ ਪਹੁੰਚ ਕੇ ‘ਵਾਹਿਗੁਰੂ’ ਦਾ ਆਵਾਜ਼ਾ ਦਿੰਦੇ ਹੋਏ ਗੁਰਮੁਖੀ ਦਾ ਬੀਜ ਅਗਲੇ ਦੀ ਝੋਲੀ ਵਿਚ ਪਾ ਆਉਂਦੇ। ਗੁਰਮੁਖੀ ਦੇ ਬੂਟੇ ਥਾਂ ਥਾਂ ਲਗਦੇ ਗਏ ਅਤੇ ਇਨ੍ਹਾਂ ਦੀ ਛਾਂ ਹੇਠ ਪਲਣ ਵਾਲੇ ਜ਼ਾਲਮ ਹਕੂਮਤਾਂ ਨਾਲ ਹਿਕ ਡਾਹ ਕੇ ਜੂਝਦੇ ਰਹੇ। ਖਾਲਸਾ ਰਾਜ (1849 ਈ.) ਦੀ ਸਮਾਪਤੀ ਤੋਂ ਬਾਅਦ ਵਡੀ ਗਿਣਤੀ ਵਿਚ ਪੰਜਾਬੀਆਂ ਨੂੰ ਦੁਨੀਆਂ ਦੇ ਵਖ ਵਖ ਖਿਤਿਆਂ ਵਿਚ ਜਾਣਾ ਪਿਆ। ਸਮੁੰਦਰਾਂ ਪਾਰ ਜਾਂਦੇ ਮੁਸਾਫਰ ਬਣੇ ਪੰਜਾਬੀਆਂ ਨਾਲ ਗੁਰਮੁਖੀ ਨੇ ਵੀ ਨਵੀਂਆਂ ਧਰਤੀਆਂ ‘ਤੇ ਪੈਰ ਪਸਾਰਿਆ। ਜਿਥੇ ਜਿਥੇ ਵੀ ਪੰਜਾਬ ਦੇ ਜਾਏ ਗਏ, ਗੁਰਮੁਖੀ ਵੀ ਉਥੇ ਉਥੇ ਉਨ੍ਹਾਂ ਨਾਲ ਹੀ ਜਾਂਦੀ ਗਈ। ਮੁਢਲੇ ਸਮਿਆਂ ਵਿਚ ਚਾਹੇਂ ਉਨ੍ਹਾਂ ਨੂੰ ਆਪਣੀ ਹੋਂਦ, ਪਹਿਚਾਣ, ਧਰਮ ਆਦਿ ਲਈ ਬਹੁਤ ਸੰਘਰਸ਼ ਕਰਨਾ ਪਿਆ, ਫਿਰ ਵੀ ਮੁਖ ਗੁਰੂ ਵਲ ਹੀ ਰਹੇ। ਪੰਜਾਬ ਦੇ ਜਾਏ ਨਿਤ ਦੀਆਂ ਮੁਹਿੰਮਾਂ ਦੇ ਆਦੀ ਸਨ ਅਤੇ ਜੂਝਦੇ ਰਹੇ। ਗੁਰਮੁਖੀ ਪ੍ਰਤੀ ਉਨ੍ਹਾਂ ਦਾ ਪਿਆਰ, ਜ਼ਜ਼ਬਾਤ ਅਤੇ ਭਾਵਨਾ ਉਨ੍ਹਾਂ ਦੁਆਰਾ ਵਤਨੀ ਪਾਈਆਂ ਚਿੱਠੀਆਂ ਵਿਚੋਂ ਪ੍ਰਗਟ ਹੋ ਜਾਂਦੀ ਹੈ। ਆਜ਼ਾਦੀ ਦੀ ਲਹਿਰ ਚੱਲੀ ਤਾਂ ਗੁਰਮੁਖੀ ਅਖਰਾਂ ਵਿਚ ਪਰਚੇ ਨਿਕਲਣ ਲਗੇ। ਇਨ੍ਹਾਂ ਪਰਚਿਆਂ ਦੀ ਗੂੰਜ ਅੰਗਰੇਜ਼ਾਂ ਹਕੂਮਤ ਨੂੰ ਕੰਬਣੀ ਛੇੜ ਦਿੰਦੀ ਹੈ। ਗੁਰਮੁਖੀ ਦੇ ਜਾਏ ਅਗੇ ਅਗੇ ਹੋ ਕੇ ਜੂਝੇ ਅਤੇ ਸ਼ਹਾਦਤਾਂ ਦਿੰਦੇ ਹਨ।
ਭਾਰਤ ਆਜ਼ਾਦ ਹੋਇਆ ਪਰ ਪੰਜਾਬ ਵੰਡਿਆ ਗਿਆ। 1947 ਦੀ ਵੰਡ ਤੋਂ ਬਾਅਦ ਵੀ ਵਾਰ ਵਾਰ ਵੰਡਿਆ ਗਿਆ। ਇਸ ਵੰਡ ਦਾ ਸੰਤਾਪ ਜਿਥੇ ਲੱਖਾਂ ਲੋਕਾਂ ਨੇ ਭੁਗਤਿਆ, ਉਥੇ ਗੁਰਮੁਖੀ ਨੇ ਵੀ ਭੁਗਤਿਆ। ਘਰ-ਬਾਰ ਛਡ, ਜਾਨਾਂ ਗਵਾਉਂਦੇ, ਲੁਟਾਉਂਦੇ ਹੋਏ ਪੰਜਾਬੀਆਂ ਕੋਲ ਇਕੋ ਸਵਾਲ ਸੀ ਕਿ ਪੰਜਾਬ ਉਨ੍ਹਾਂ ਲਈ ਪਰਾਇਆ ਕਿਵੇਂ ਹੋ ਸਕਦਾ ਹੈ। ਪੰਜ ਆਬਾਂ ਦੀ ਧਰਤੀ ਦੇ ਪਾਣੀ ਕਿਵੇਂ ਵੰਡੇ ਜਾ ਸਕਦੇ ਹਨ ਅਤੇ ਕਿਵੇਂ ਰੂਹ ਸਰੀਰ ਤੋਂ ਵਿਛੜ ਸਕਦੀ ਹੈ। ਬਹੁਤ ਸਾਰਿਆਂ ਲੋਕਾਂ ਨੇ ਆਪਣੀ ਧਰਤੀ ਨੂੰ ਚੁਣਿਆ ਅਤੇ ਆਪਣੀ ਮਿੱਟੀ ਵਿਚ ਸਮਾ ਗਏ। ਪੰਜਾਬ ਸਿਆਸਤ ਦੀ ਭੇਟ ਚੜ੍ਹ ਗਿਆ। ਵੰਡ ਤੋਂ ਬਾਅਦ ਲਹਿੰਦੇ ਪੰਜਾਬ ਤੋਂ ਗੁਰਮੁਖੀ ਜਿਵੇਂ ਜ਼ੁਦਾ ਹੋ ਗਈ ਹੋਵੇ ਇਸ ਤਰ੍ਹਾਂ ਦਾ ਹਾਲ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਲਈ ਗੁਰਮੁਖੀ ਪਰਾਈ ਕਿਵੇਂ ਹੋ ਸਕਦੀ ਹੈ, ਇਹ ਹਮੇਸ਼ਾ ਸਵਾਲ ਰਹੇਗਾ। ਚੜ੍ਹਦੇ ਪੰਜਾਬ ਵਿਚ ਵੀ ਗੁਰਮੁਖੀ ਦਾ ਹਾਲ ਕੋਈ ਬਿਹਤਰ ਨਾ ਰਿਹਾ। ਅਜੇ ਵੰਡ ਦੇ ਜ਼ਖਮਾਂ ‘ਤੇ ਖਰੀਂਡ ਵੀ ਨਹੀਂ ਆਇਆ ਸੀ ਕਿ ਪੰਜਾਬੀ ਸੂਬੇ ਲਈ ਮੋਰਚਾ ਲਗ ਗਿਆ। ਚੜ੍ਹਦਾ ਪੰਜਾਬ ਫਿਰ ਵੰਡਿਆ ਗਿਆ। ਗੁਰਮੁਖੀ ਤੋਂ ਬਹੁਤ ਸਾਰੇ ਉਸ ਦੇ ਆਪਣੇ ਹੀ ਮੁਖ ਫੇਰ ਗਏ। ਭੈੜ੍ਹੀ ਸਿਆਸਤ ਦੀ ਗਿਰਫ ਵਿਚ ਆਏ ਲੋਕ ਇਕ ਦੂਜੇ ਲਈ ਬਗਾਨੇ ਹੋ ਗਏ। ਗੁਰਮੁਖੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਫਨਾ ਦਿਤਾ। ਸਮੇਂ ਦਾ ਅਜਿਹਾ ਗੇੜ੍ਹ ਚਲਿਆ ਕਿ ਲੋਕ ਆਪਣੀ ਜ਼ੁਬਾਨ ਤੋਂ ਬੇ-ਮੁਖ ਹੋਣ ਲਗੇ। ਇਹ ਬੇ-ਮੁਖਤਾਈ ਆਪਣੇ ਗੁਰੂ ਤੋਂ ਸੀ। ਗੁਰਮੁਖੀ ਤੋਂ ਬੇ-ਮੁਖ ਹੋ ਅੰਗਰੇਜ਼ੀ-ਹਿੰਦੀ ਅਤੇ ਹੋਰ ਭਾਸ਼ਾਵਾਂ ਸਿਖਣ ਦੀ ਦੌੜ ਚਲ ਪਈ।
ਨੌਕਰੀਆਂ, ਸਟੇਟਸਾਂ ਅਤੇ ਆਪਣੇ ਆਪ ਨੂੰ ਅਗਾਹ-ਵਧੂ ਸਾਬਤ ਕਰਨ ਦੀ ਦੌੜ ਨੇ ਗੁਰਮੁਖੀ ਲਈ ਘਰਾਂ ਵਿਚ ਰਹਿਣਾ ਵੀ ਔਖਾ ਕਰ ਦਿਤਾ ਹੋਇਆ ਹੈ। ਦਫਤਰਾਂ ਵਿਚ ਤਾਂ ਸ਼ਹਿਰੀ ਬਾਬੂਆਂ ਅਤੇ ਪ੍ਰਵਾਸੀਆਂ ਦੇ ਪ੍ਰਭਾਵ ਨੇ ਪਹਿਲਾਂ ਹੀ ਕਾਰਾ ਕਰ ਦਿਤਾ ਸੀ। ਸਕੂਲਾਂ ਵਿਚ ਪੜ੍ਹਦੇ ਬਚਿਆਂ ਨੂੰ ਜਦੋਂ ਪੰਜਾਬੀ ਬੋਲਣ ‘ਤੇ ਜੁਰਮਾਨਾ ਲਗਿਆ ਅਤੇ ਗੁਰਮੁਖੀ ਦਾ ਕਾਇਦਾ ਜਦੋਂ ਘਰਾਂ-ਬੈਗਾਂ ਵਿਚ ਨਾ ਰਹਿ ਸਕਿਆ ਤਾਂ ਗੁਰਮੁਖੀ ਦੇ ਵਾਰਿਸਾਂ ਦੇ ਭਵਿਖ ਬਾਰੇ ਜ਼ਰੂਰ ਤੌਖਲਾ ਲਗਦਾ ਹੈ। ਗੁਰਮੁਖੀ ਦੇ ਜਾਏ ਗੁਰਮਖੀ ਬਿਨ੍ਹਾਂ ਕਿਵੇਂ ਜੀਅ ਸਕਣਗੇ? ਇਹ ਤਾਂ ਭਵਿਖ ਦਾ ਸਵਾਲ ਹੈ ਪਰ ਇਸ ਦਾ ਜਵਾਬ ਨਿਸ਼ਚਿਤ ਇਹੀ ਹੈ ਕਿ ਏਹੀ ਅੰਤ ਹੋਵੇਗਾ।
ਗੁਰਾਂ ਦੇ ਨਾਂ ‘ਤੇ ਜੀਣ ਵਾਲਾਂ ਪੰਜਾਬ ਗੁਰਮੁਖੀ ਦੀ ਲੋਰੀ ਨਾਲ ਵੱਡਾ ਹੁੰਦਾ ਅਤੇ ਗੁਰਾਂ ਦੀ ਬਾਣੀ ਦੀ ਗੁੜਤੀ ਨਾਲ ਹੀ ਪਲਦਾ ਹੈ। ਮਹਾਨ ਇਤਿਹਾਸ ਅਤੇ ਵਿਰਸੇ ਦੇ ਮਾਲਕ ਗੁਰਮੁਖੀ ਬਾਝੋਂ ਕੱਖਾਂ ਤੋਂ ਵੀ ਹੌਲੇ ਹਨ। ਇਸ ਲਈ ਲੋੜ ਹੈ ਗੁਰਮੁਖੀ ਦੀ ਗੋਂਦ ਵਿਚ ਖੇਡੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਮੁਖੀ ਅਖਰਾਂ ਦਾ ਗਹਿਣਾ ਪਹਿਣਾਈਏ…ਇਹ ਉਨ੍ਹਾਂ ਦਾ ਸ਼ਿੰਗਾਰ ਅਤੇ ਵਜੂਦ ਹੋਵੇਗਾ। ਫਿਰ ਭਾਵੇਂ ਤਤੀਆਂ ਹਵਾਵਾਂ ਵੀ ਕਿਉਂ ਨਾ ਵਗਣ…ਗੁਰਮੁਖੀ ਦੇ ਬੂਟੇ ਦੀ ਹਰਿਆਵਲ ਸਦਾ ਬਰਿਕਰਾਰ ਰਹੇਗੀ।