ਲੰਡਨ- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਬਹੁਤ ਸਾਰੀਆਂ ਸੰਸਥਾਵਾਂ, ਸਖਸ਼ੀਅਤਾਂ ਸਰਗਰਮ ਹਨ। ਉਹਨਾਂ ਵਿੱਚੋਂ ਮਨਦੀਪ ਖੁਰਮੀ ਹਿੰਮਤਪੁਰਾ ਵੀ ਇੱਕ ਅਜਿਹਾ ਨਾਮ ਹੈ, ਜੋ ਸਮੇਂ ਸਮੇਂ ‘ਤੇ ਆਪਣੇ ਨਿਸ਼ਕਾਮ ਕਾਰਜ ਕਰਦਾ ਰਹਿੰਦਾ ਹੈ। ਹੁਣ ਉਹ ਆਪਣੇ ਪੁੱਤਰ ਹਿੰਮਤ ਖੁਰਮੀ ਦੀ ਆਵਾਜ ਵਿੱਚ ਬਾਲ ਗੀਤ “ਮੇਰੀ ਮਾਂ ਬੋਲੀ” ਲੈ ਕੇ ਪੇਸ਼ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਸਦੇ ਵਿਦੇਸ਼ਾਂ ‘ਚ ਜੰਮੇ ਪੰਜਾਬੀ ਬੱਚਿਆਂ ਵਿੱਚੋਂ ਪਹਿਲਾ ਹੋਵੇਗਾ, ਜਿਸਨੇ ਗੁਰਮੁਖੀ ਪੈਂਤੀ ਅੱਖਰੀ ਨੂੰ ਬਹੁਤ ਹੀ ਸੌਖੀ ਤਰਜ਼, ਰਿਸ਼ਤਿਆਂ ਨਾਲ ਗੜੁੱਚ ਬੋਲਾਂ ਰਾਹੀਂ ਗਾਇਆ ਹੈ। ਇਹ ਮਹਿਜ਼ ਇੱਕ ਗੀਤ ਨਾ ਹੋ ਕੇ ਸੁਣਨ ਵਾਲੇ ਬੱਚੇ ਨੂੰ ਮਾਂ ਬੋਲੀ ਦੀ ਮਿਠਾਸ, ਮਾੜੀ ਸੰਗਤ ਤੋਂ ਦੂਰ ਰਹਿਣ ਦੀ ਸਿੱਖਿਆ, ਨਾਨਾ ਨਾਨੀ, ਦਾਦਾ ਦਾਦੀ, ਮਾਂ ਪਿਓ ਦੇ ਰਿਸ਼ਤਿਆਂ ਦੀ ਬਾਤ ਪਾਉਣ ਦੇ ਨਾਲ-ਨਾਲ ਮਾਂ ਬੋਲੀ ਨੂੰ ਨਾ ਭੁੱਲਣ ਦੀ ਦੁਹਾਈ ਦਿੰਦਾ ਵੀ ਪ੍ਰਤੀਤ ਹੋਵੇਗਾ। ਪੰਜ ਦਰਿਆ ਯੂਕੇ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਸ਼ਬਦਾਂ ‘ਚ ਪ੍ਰੋਇਆ ਹੈ ਪ੍ਰਸਿੱਧ ਗੀਤਕਾਰ ਤੇ ਸ਼ਾਇਰ ਪ੍ਰੀਤ ਭਾਗੀਕੇ ਨੇ। ਸੰਗੀਤ ਗੁਰਸ਼ੇਰ ਸਿੰਘ ਤੇ ਨਿੰਮਾ ਵਿਰਕ ਨੇ ਤਿਆਰ ਕੀਤਾ ਹੈ। ਵੀਡੀਓ ਰਾਹੀਂ ਗੀਤ ਵਿੱਚ ਰੰਗ ਆਰ. ਘਾਲੀ ਨੇ ਭਰੇ ਹਨ। ਗੀਤ ਦੀ ਤਰਜ਼ ਮਨਦੀਪ ਖੁਰਮੀ ਹਿੰਮਤਪੁਰਾ ਦੇ ਖਿਆਲਾਂ ਦੀ ਉਪਜ ਹੈ। 1 ਅਕਤੂਬਰ ਨੂੰ ਲੋਕ ਅਰਪਣ ਹੋਣ ਜਾ ਰਹੇ ਇਸ ਗੀਤ ਸੰਬੰਧੀ ਗਲਾਸਗੋ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
ਵਿਸ਼ਵ ਭਰ ਦਾ ਪਹਿਲਾ ਪੰਜਾਬੀ ਬੱਚਾ,ਜਿਸਨੇ ਪੈਂਤੀ ਅੱਖਰੀ ਨੂੰ ਗੀਤ ਰਾਹੀਂ ਬਿਆਨਿਆ
This entry was posted in ਅੰਤਰਰਾਸ਼ਟਰੀ.