ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਨੈਡਾ ਦੇ ਉਨਟਾਰੀਓ ਵਿਖੇ ਖਾਲਿਸਤਾਨ ਰੈਫਰੰਡਮ ਲਈ ਇਕ ਲੱਖ ਤੋਂ ਵੱਧ ਵੋਟਾਂ ਪਾਏ ਜਾਨ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੇਰੇ ਖਿਆਲ ਵਿੱਚ ਦੇਸ਼ ਪੰਜਾਬ, ਖਾਲਿਸਤਾਨ, ਖਾਲਸਾ ਰਾਜ, ਪਾਤਸ਼ਾਹੀ ਦਾਅਵਾ, ਜਾਂ ਸਿੱਖ ਹੌਮਲੈਂਡ, ਸੱਭ ਸ਼ਬਦਾਂ ਦੇ ਪਿੱਛੇ ਇੱਕੋ ਹੀ ਭਾਵਨਾ ਹੈ, ਇੱਕੋ ਹੀ ਕੌਮੀ ਜਜ਼ਬਾ ਹੈ । ਇਹਨਾਂ ਸਾਰੇ ਸ਼ਬਦਾਂ ਨਾਲ ਜੁੜ੍ਹੇ ਲੋਕ ਤੇ ਜੱਥੇਬੰਦੀਆਂ ਮੇਰੇ ਲਈ ਸਤਿਕਾਰ ਦੇ ਕਾਬਲ ਹਨ ।
ਉਨ੍ਹਾਂ ਕਿਹਾ ਕਿ ਕਨੈਡਾ ਦੇ ਇੱਕ ਸ਼ਹਿਰ ਵਿੱਚ ਕਰਾਏ ਗਏ ਰੈਫਰੈਂਡਮ ਵਿੱਚ ਇੱਕ ਲੱਖ ਤੋਂ ਵੱਧ ਵੋਟਾਂ ਖਾਲਿਸਤਾਨ ਦੇ ਹੱਕ ਵਿੱਚ ਪੈਣ ਦੀ ਖਬਰ ਸੁਣ ਕੇ ਰੋਮ ਰੋਮ ਖੁਸ਼ ਹੋ ਉਠਦਾ ਹੈ । ਇਹੋ ਜਿਹੀ ਹਰ ਖੁਸ਼ੀ ਸਾਨੂੰ ਇੱਕ ਨਵੀਂ ਜ਼ਿੰਦਗੀ ਦਿੰਦੀ ਹੈ ।
ਉਨ੍ਹਾਂ ਦਸਿਆ ਇਸ ਮੁਹਿੰਮ ਲਈ ਦਿਨ ਰਾਤ ਮਿਹਨਤ ਕਰਣ ਵਾਲੇ ਹਰਦੀਪ ਸਿੰਘ ਨਿੱਝਰ ਮੇਰੇ ਲਈ ਪੁੱਤਰਾਂ ਸਮਾਨ ਹੈ, ਤੇ ਗੁਰਪਤਵੰਤ ਸਿੰਘ ਪੰਨੂ ਵੀ ਕੋਈ ਗ਼ੈਰ ਨਹੀਂ ਹੈ ।
ਪੰਜਾਬ ਵਿੱਚ ਦਲ ਖਾਲਸਾ ਤੋਂ ਬਿਨ੍ਹਾਂ ਵੀ ਜੋ ਜੱਥੇਬੰਦੀਆਂ ਤੇ ਸਿੰਘ ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ, ਸੱਭ ਆਪਣੇ ਲੱਗਦੇ ਹਨ । ਕਿਸੇ ਨਾਲ ਵੀ ਗੈਰ-ਸਾਲੀ ਨਹੀਂ ਹੈ ।
ਉਨ੍ਹਾਂ ਦਸਿਆ ਕਿ ਮੈਂ ਸੱਭ ਨੂੰ ਫੇਸਬੁੱਕ ਰਾਹੀਂ ਹੀ ਜਾਣਦਾ ਹਾਂ । ਰਣਜੀਤ ਸਿੰਘ ਦਮਦਮੀ ਟਕਸਾਲ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਹੋਵੇ ਜਾਂ, ਅਮ੍ਰਤਿਪਾਲ ਸਿੰਘ, ਵਾਰਿਸ ਪੰਜਾਬ ਦੇ, ਸੱਭ ਮੇਰੇ ਲਈ ਬਚਿਆਂ ਸਮਾਨ ਹਨ, ਤੇ ਜੱਦ ਵੀ ਕਿਸੇ ਦੀ ਚੜ੍ਹਦੀ ਕਲਾ ਵਾਲੀ ਖਬਰ ਆਉਂਦੀ ਹੈ, ਖੁਸ਼ੀ ਹੁੰਦੀ ਹੈ । ਵਾਰਿਸ ਪੰਜਾਬ ਦੇ ਜੱਥੇਬੰਦੀ ਤੇ ਅਮ੍ਰਤਿਪਾਲ ਸਿੰਘ ਨੂੰ ਪੂਰਾ ਹੱਕ ਹੈ ਕਿ ਆਪਣੀ ਸੋਚ ਤੇ ਤਰੀਕੇ ਨਾਲ ਕੰਮ ਕਰੇ । ਨੌਜਵਾਨ ਅੰਮ੍ਰਿਤ ਛੱਕਣ ਦੇ ਰਾਹ ਪੈਣ ਤਾਂ ਹੋਰ ਚੰਗੀ ਗੱਲ ਕੀ ਹੋ ਸਕਦੀ ਹੈ ।
ਦਲ ਖਾਲਸਾ ਨਾਲ ਮੇਰਾ ਜੱਥੇਬੰਦਕ ਤੋਂ ਵੱਧ ਕੇ ਜ਼ਿੰਦਗੀ ਭਰ ਦਾ ਲੰਮਾ ਇੱਕ ਜਜ਼ਬਾਤੀ ਰਿਸ਼ਤਾ ਵੀ ਹੈ । ਪਰ ਮੈਂ ਅੱਜ ਦੀ ਦਲ ਖਾਲਸਾ ਦੀ ਲੀਡਰਸ਼ਿੱਪ ਵਿੱਚੋਂ ਵੀ ਸ਼ਾਇਦ ਹੀ ਕਿਸੇ ਨੂੰ ਜ਼ਿੰਦਗੀ ਵਿੱਚ ਮਿਲਿਆ ਹੋਵਾਂ, ਪਰ ਮੇਰੇ ਲਈ ਸਾਰੇ ਆਪਣੇ ਹਨ । ਹਾਂ, ਦਲ ਖਾਲਸਾ ਦੇ ਕੁੱਝ ਪੁਰਾਣੇ ਵੀਰ ਹਨ, ਜਿਨ੍ਹਾਂ ਨਾਲ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਰਹਲੇ ਤੇ ਨਿੱਘੀ ਸਾਂਝ ਵੀ ਰਹੀ ਹੈ ।
ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਜਦੋਂ ਕੋਈ ਦਲ ਖਾਲਸਾ ਦੇ ਖਿਲਾਫ ਲਿੱਖਦਾ ਜਾਂ ਬੋਲਦਾ ਹੈ, ਤਾਂ ਦੁੱਖ ਵੀ ਹੁੰਦਾ ਹੈ, ਭਾਵੇਂ ਜਵਾਬ ਦੇਣ ਜਾਂ ਬਹਿਸ ਵਿੱਚ ਪੈਣ ਤੋਂ ਹਮੇਸ਼ਾਂ ਗੁਰੇਜ਼ ਕਰੀ ਦਾ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਦਲ ਖਾਲਸਾ ਵੱਲੋਂ ਮੇਰੀ ਜਲਾਵਤਨੀ ਦੇ 41 ਸਾਲ ਪੂਰੇ ਹੋਣ ਤੇ ਜਿਵੇਂ ਯਾਦ ਕੀਤਾ ਜਾ ਰਿਹਾ ਹੈ, ਇਹ ਮੇਰੇ ਲਈ ਵੱਡੀ ਖੁਸ਼ੀ ਦਾ ਕਾਰਨ ਹੈ ।