ਪਰਾਲੀ ਦੀ ਸਮੱਸਿਆ ਦਾ ਨਿਦਾਨ

ਝੋਨਾ-ਕਣਕ ਫਸਲ ਪ੍ਰਣਾਲੀ ਉੱਤਰ ਪੱਛਮੀ ਭਾਰਤੀ ਮੈਦਾਨੀ ਇਲਾਕਿਆਂ ਹੇਠ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਦਾ 4.1 ਮਿਲੀਅਨ ਹੈਕਟੇਅਰ ਖੇਤਰ ਆਉਂਦਾ ਹੈ ਅਤੇ ਇਸ ਪ੍ਰਣਾਲੀ ਵਿੱਚ 75 ਫੀਸਦੀ ਤੋਂ ਜਿਆਦਾ ਖੇਤਰ ਦੀ ਕਟਾਈ ਕੰਬਾਇਨਾਂ ਦੁਆਰਾ ਕੀਤੀ ਜਾਂਦੀ ਹੈ। ਜ਼ਿਆਦਾਤਰ ਕਣਕ ਦੀ ਪਰਾਲੀ ਦੀ ਤੂੜੀ ਕਰ ਲਈ ਜਾਂਦੀ ਹੈ ਜੋ ਕਿ ਪਸ਼ੂਆਂ ਦੇ ਚਾਰੇ ਵਿੱਚ ਮੁੱਖ ਰੂਪ ਵਿੱਚ ਵਰਤੀ ਜਾਂਦੀ ਹੈ ਜਦਕਿ ਝੋਨੇ ਦੀ ਪਰਾਲੀ ਵਿੱਚ ਲਿਗਨਿਨ (6-7 ਫੀਸਦੀ) ਦੀ ਘੱਟ ਮਾਤਰਾ ਅਤੇ ਸਿਲਿਕਾ (12-16 ਫੀਸਦੀ) ਦੀ ਵੱਧ ਮਾਤਰਾ ਕਾਰਨ ਇਸਨੂੰ ਘੱਟ ਗੁਣਵੱਤਾ ਵਾਲਾ ਚਾਰਾ ਮੰਨ੍ਹਿਆ ਜਾਂਦਾ ਹੈ, ਇਹ ਪਾਚਣਸ਼ਕਤੀ ਨੂੰ ਘੱਟ ਕਰਦਾ ਹੈ, ਸੋ ਜ਼ਿਆਦਾਤਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਖੇਤ ਖਾਲੀ ਕੀਤੇ ਜਾਂਦੇ ਹਨ।

ਹਰ ਵਰ੍ਹੇ ਦੀ ਤਰ੍ਹਾਂਅਕਤੂਬਰ ਸ਼ੁਰੂ ਹੋਣ ਦੇ ਲਾਗੇ ਹੀ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਜਾਵੇਗੀ। ਸਰਕਾਰੀ ਨੀਤੀਆਂ ਦੇ ਵਿਰੋਧ ਵਿੱਚ ਜਾਂ ਮਜ਼ਬੂਰੀਵਸ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣਗੇ ਅਤੇ ਸਰਕਾਰ ਅੱਗ ਲਾਉਣ ਵਾਲਿਆਂ ਨੂੰ ਜ਼ੁਰਮਾਨੇ ਕਰੇਗੀ। ਜਦੋਂ ਤੱਕ ਇਸ ਗੰਭੀਰ ਸਮੱਸਿਆ ਦਾ ਪੁਖਤਾ ਹੱਲ ਨਹੀਂ ਲੱਭਿਆ ਜਾਂਦਾ, ਓਨੀ ਦੇਰ ਇਹ ਸਮੱਸਿਆ ਬਣੀ ਰਹੇਗੀ। ਤਿੰਨ ਦਹਾਕੇ ਪਹਿਲਾਂ ਸ਼ੈਲਰਾਂ ਚ ਮਿਲਿੰਗ ਤੋਂ ਬਾਅਦ ਝੋਨੇ ਦੇ ਛਿਲਕੇ ਦੇ ਅੰਬਾਰ ਵੇਖੇ ਜਾਂਦੇ ਸਨ, ਮੁਫ਼ਤ ਵਿੱਚ ਵੀ ਛਿਲਕੇ ਨੂੰ ਕੋਈ ਨਹੀਂ ਲੈਂਦਾ ਸੀ, ਆਖ਼ਰ ਤਕਨੀਕ ਵਿਕਸਿਤ ਹੋਈ ਤਾਂ ਹੁਣ ਸ਼ੈਲਰ ਮਾਲਕ 5-7 ਕਿਲੋ ਛਿਲਕਾ ਵੀ ਖਰਾਬ ਨਹੀਂ ਹੋਣ ਦਿੰਦੇ ਤੇ ਇਸ ਨੂੰ ਵੇਚ ਕੇ ਕਮਾਈ ਕਰਦੇ ਹਨ ਅਜਿਹਾ ਕੁਝ ਹੀ ਪਰਾਲੀ ਵਾਸਤੇ ਕਰਨਾ ਪੈਣਾ ਹੈ ਮੁਕੱਦਮੇਬਾਜ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ, ਕਿਸਾਨਾਂ ਨਾਲ ਟਕਰਾਅ ਰੋਕਣ ਲਈ ਮਸਲੇ ਦਾ ਹੱਲ ਕੱਢਣ ਤੇ ਜ਼ੋਰ ਦੇਣਾ ਚਾਹੀਦਾ ਹੈ

ਰੁਪਈਏ ਦੀ ਮਾਚਿਸ ਨਾਲ ਪਰਾਲੀ ਨੂੰ ਅੱਗ ਲਾਉਣ ਦੇ ਫਾਇਦੇ ਨਾ-ਮਾਤਰ ਪਰੰਤੂ ਨੁਕਸਾਨ ਡਾਢੇ ਹਨ ਜਿਹਨਾਂ ਦੇ ਸਿੱਟੇ ਭਿਆਨਕ ਹਨ। ਇੱਕ ਟਨ (1000 ਕਿਲੋਗ੍ਰਾਮ) ਪਰਾਲੀ (ਅਵਸ਼ੇਸ਼) ਵਿੱਚ ਤਕਰੀਬਨ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 2.5 ਕਿਲੋਗ੍ਰਾਮ ਪੋਟਾਸ਼, 1.2 ਕਿਲੋਗ੍ਰਾਮ ਸਲਫ਼ਰ ਅਤੇ 400 ਕਿਲੋਗ੍ਰਾਮ ਕਾਰਬਨ ਹੁੰਦਾ ਹੈ ਜੋ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਨਸ਼ਟ ਹੋ ਜਾਂਦਾ ਹੈ। ਇਹਨਾਂ ਪੋਸ਼ਕ ਤੱਤਾਂ ਤੋਂ ਇਲਾਵਾ ਮਿੱਟੀ ਦਾ ਤਾਪਮਾਨ, ਪੀ.ਐੱਚ., ਨਮੀ, ਮਿੱਟੀ ਵਿੱਚ ਮੌਜੂਦ ਫਾਸਫੋਰਸ ਅਤੇ ਜੈਵਿਕ ਤੱਤ ਵੀ ਪ੍ਰਭਾਵਿਤ ਹੁੰਦੇ ਹਨ।

ਪਰਾਲੀ ਪ੍ਰਬੰਧਨ ਸੰਬੰਧੀ ਦੋ ਤਰੀਕੇ ਹਨ ਇਨ ਸੀਟੂ (In-situ) ਅਤੇ ਐਕਸ ਸੀਟੂ (Ex-situ) ਇਨ ਸੀਟੂ ਵਿੱਚ ਪਰਾਲੀ ਨੂੰ ਖੇਤ ਵਿੱਚ ਖਾਦ ਦੇ ਰੂਪ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਦਕਿ ਐਕਸ ਸੀਟੂ ਵਿੱਚ ਪਰਾਲੀ ਨੂੰ ਖੇਤ ਤੋਂ ਬਾਹਰ ਲਿਜਾਇਆ ਜਾਂਦਾ ਹੈ। ਇਨ ਸੀਟੂ ਪ੍ਰਕਿਰਿਆ ਵਿੱਚ ਕੰਬਾਇਨ ਨਾਲ ਸੁਪਰ ਸਟ੍ਰਾ ਮੈਨੇਜਮੈਂਟ ਸਿਸਟਮ (Super SMS) ਦੀ ਵਰਤੋਂ ਕਰਨੀ ਸ਼ਾਮਿਲ ਹੈ ਜੋ ਕਿ ਪਰਾਲੀ ਨੂੰ 4-5 ਇੰਚ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਸਾਮਾਨ ਰੂਪ ਵਿੱਚ ਖੇਤ ਵਿੱਚ ਸੁੱਟਦਾ ਹੈ। ਇਸ ਸਿਸਟਮ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੁਆਰਾ 2016 ਵਿੱਚ ਵਿਕਸਿਤ ਕੀਤਾ ਗਿਆ। ਸਟ੍ਰਾ ਚਾਪਰ/ਸ਼੍ਰੈਡਰ ਦੀ ਵਰਤੋਂ ਵੀ ਸਾਧਾਰਨ ਵਢਾਈ ਤੋਂ ਬਾਦ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਖੇਤ ਵਿੱਚ ਫੈਲਾਉਣ ਲਈ ਕੀਤੀ ਜਾਂਦੀ ਹੈ। ਤੂੜੀ ਕਰਨ ਲਈ ਸਟ੍ਰਾ ਰੀਪਰ/ਕੰਬਾਇਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਲਚਰ ਦੀ ਵਰਤੋਂ ਵੀ ਘਾਹ, ਝਾੜੀਆਂ, ਗੰਨੇ ਦੇ ਅਵਸ਼ੇਸ਼, ਪਰਾਲੀ ਅਤੇ ਮੱਕੀ ਦੇ ਅਵਸ਼ੇਸ਼ ਆਦਿ ਨੂੰ ਵੀ ਛੋਟੇ ਛੋਟੇ ਟੁਕੜਿਆਂ ‘ਚ ਕੱਟ ਕੇ ਜ਼ਮੀਨ ਤੇ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ। ਇੱਕ ਹੀ ਸਮੇਂ ਮਿੱਟੀ ਨੂੰ ਕੱਟਣ, ਪਲਟਣ ਅਤੇ ਤੋੜਨ ਲਈ ਰਿਵਰਸੀਬਲ ਮੋਲਡ ਬੋਰਡ ਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿੱਟੀ ਵਿੱਚ ਮਿਲਾਉਣ ਲਈ ਰੋਟਾਵੇਟਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, 1.5 ਮੀਟਰ ਤੋਂ ਘੱਟ ਚੌੜਾਈ ਵਾਲੇ ਰੋਟਾਵੇਟਰ ਲਈ 35 ਤੋਂ 45 ਹਾਰਸ ਪਾਵਰ ਵਾਲਾ ਟਰੈਕਟਰ ਅਤੇ 1.5 ਮੀਟਰ ਤੋਂ ਵੱਧ ਚੌੜਾਈ ਵਾਲੇ ਰੋਟਾਵੇਟਰ ਲਈ 45-55 ਹਾਰਸ ਪਾਵਰ ਟਰੈਕਟਰ ਲੋੜੀਂਦਾ ਹੈ।

ਜੇਕਰ ਖੇਤ ਵਿੱਚ ਪਰਾਲੀ ਦੀ ਮਾਤਰਾ ਘੱਟ ਹੈ ਤਾਂ ਜੀਰੋ ਟਿਲ ਡ੍ਰਿਲ ਮਸ਼ੀਨ ਨਾਲ ਝੋਨੇ ਦੀ ਕਟਾਈ ਤੋਂ ਤੁਰੰਤ ਬਾਦ ਬਿਨ੍ਹਾ ਜੁਤਾਈ ਕੀਤੇ ਸਿੱਧੀ ਕਣਕ ਬੀਜੀ ਜਾ ਸਕਦੀ ਹੈ। ਹੈਪੀ ਸੀਡਰ ਦੀ ਵਰਤੋਂ ਨਾਲ ਪਰਾਲੀ ਵਾਲੇ ਖੇਤ ਵਿੱਚ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ। ਇਸ ਵਿੱਚ ਇੱਕ ਸ਼ਾਫਟ ਦੇ ਉੱਪਰ ਫਲੇਲ ਟਾਇਪ ਬਲੇਡ ਲੱਗੇ ਹੁੰਦੇ ਹਨ ਅਤੇ ਇਹਨਾਂ ਦੇ ਠੀਕ ਪਿੱਛੇ ਕਣਕ ਦੀ ਬਿਜਾਈ ਲਈ ਫਾਲੇ ਲੱਗੇ ਹੁੰਦੇ ਹਨ, ਹੈਪੀ ਸੀਡਰ ਦੀ ਵਰਤੋਂ ਲਈ ਡਬਲ ਕਲੱਚ ਵਾਲੇ ਟਰੈਕਟਰ ਨੂੰ ਪਹਿਲ ਦੇਣੀ ਚਾਹੀਦੀ ਹੈ। ਸੁਪਰ ਸੀਡਰ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਝੋਨੇ ਅਤੇ ਕਪਾਹ ਵਾਲੇ ਖੇਤਾਂ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਇਸ ਨੂੰ ਇੱਕ ਵਾਰ ਚਲਾਉਣ ਤੇ ਹੀ ਖੇਤ ਵਿੱਚ ਜੁਤਾਈ, ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ ਅਤੇ ਕਣਕ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ। ਇਸ ਮਸ਼ੀਨ ਦਾ ਵਜ਼ਨ ਲਗਭਗ 850 ਤੋਂ 1000 ਕਿਲੋਗ੍ਰਾਮ ਹੁੰਦਾ ਹੈ

ਪਰਾਲੀ ਦੇ ਐਕਸ ਸੀਟੂ ਪ੍ਰਬੰਧਨ ਵਿੱਚ ਪਰਾਲੀ ਦੀ ਗੱਠਾਂ ਬਣਾ ਕੇ ਖੇਤ ਤੋਂ ਬਾਹਰ ਕੱਢਣਾ ਵੀ ਲਾਭਦਾਇਕ ਸਿੱਧ ਹੋ ਸਕਦਾ ਹੈ। ਇਹਨਾਂ ਗੱਠਾਂ ਦੀ ਵਰਤੋਂ ਬ੍ਰਿਕੇਟ ਬਣਾਉਣ, ਬਾਇਓਗੈਸ ਬਣਾਉਣ, ਪਾਵਰ ਪਲਾਂਟ ਵਿੱਚ ਈਧਨ ਦੇ ਰੂਪ ਵਿੱਚ, ਪਸ਼ੂ ਚਾਰਾ, ਗੱਤਾ ਫੈਕਟਰੀ ਵਿੱਚ ਕਾਗਜ਼ ਆਦਿ ਬਣਾਉਣ ਵਿੱਚ, ਜੈਵਿਕ ਖਾਦ ਬਣਾਉਣ, ਖੁੰਭ ਉਤਪਾਦਨ ਆਦਿ ਲਈ ਵਰਤੋਂ ਵਿੱਚ ਲਿਆ ਜਾ ਸਕਦਾ ਹੈ। ਐਕਸ ਸੀਟੂ ਵਿੱਚ ਸ਼੍ਰਬ ਮਾਸਟਰ/ਰੋਟਰੀ ਸਲੇਸਰ, ਹੇ ਰੈਕ ਅਤੇ ਬੇਲਰ ਆਦਿ ਉਪਯੋਗੀ ਮਸ਼ੀਨਾਂ ਹਨ।

ਪਰਾਲੀ ਪ੍ਰਬੰਧਨ ਸੰਬੰਧੀ ਮਸ਼ੀਨਾਂ ਦੀ ਖਰੀਦ ਉੱਤੇ ਸਰਕਾਰ ਤਰਫ਼ੋਂ ਕਿਸਾਨਾਂ ਨੂੰ ਸਬਸਿਡੀ ਦੀ ਵੀ ਸਹੂਲਤ ਦਿੱਤੀ ਜਾਂਦੀ ਹੈ। ਕੇਂਦਰੀ ਖੇਤੀ ਖੋਜ ਕੇਂਦਰ ਵੱਲੋਂ ਪੂਸਾ ਡੀਕੰਪੋਜ਼ਰ ਤਕਨੀਕ ਲਿਆਂਦੀ ਗਈ ਜਿਸ ਚ ਕੈਪਸੂਲ, ਗੁੜ ਤੇ ਵੇਸਣ ਦਾ ਘੋਲ ਤਿਆਰ ਕਰਕੇ ਪਰਾਲੀ ਤੇ ਛਿੜਕਾਅ ਕੀਤਾ ਜਾਂਦਾ ਹੈਖੇਤੀ ਮਾਹਿਰਾਂ ਅਨੁਸਾਰ ਇਸ ਛਿੜਕਾਅ ਨਾਲ ਪਰਾਲੀ ਗਲ ਕੇ ਖਾਦ ਬਣ ਜਾਵੇਗੀ ਪਰੰਤੂ ਕਿਸਾਨਾਂ ਅਨੁਸਾਰ ਇਹ ਸਮਾਂ ਜਿਆਦਾ ਲੈਂਦਾ ਹੈ ਜਦਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਮਸਾਂ 20-25 ਦਿਨਾਂ ਦਾ ਘੱਟ ਸਮਾਂ ਹੀ ਹੁੰਦਾ ਹੈ।

ਜ਼ਮੀਨ ਕਿਸਾਨ ਦਾ ਮਾਂ-ਬੱਚਾ ਸਭ ਕੁਝ ਹੈ ਤੇ ਉਸਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣਾ ਕੋਈ ਵੀ ਕਿਸਾਨ ਨਹੀਂ ਚਾਹੇਗਾ। ਕਿਸਾਨਾਂ ਵਿੱਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਅਤੇ ਯੋਗ ਉਪਲੱਬਧ ਸਾਧਨ ਤੇ ਉਪਾਅ ਹੀ ਪਰਾਲੀ ਦੀ ਸਮੱਸਿਆ ਦੇ ਨਿਦਾਨ ਵਿੱਚ ਸਹਾਈ ਸਿੱਧ ਹੋ ਸਕਦੇ ਹਨ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>