ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਬਣੀ ਲਿਜ ਟਰਸ ਦੀ ਸਰਕਾਰ ਤੇ ਪਏ ਭਾਰੀ ਦਬਾਅ ਦੇ ਕਾਰਣ ਇਨਕਮ ਟੈਕਸ ਸਬੰਧੀ ਫੈਂਸਲਾ ਵਾਪਿਸ ਲੈਣਾ ਪਿਆ। ਕੰਜਰਵੇਟਿਵ ਪਾਰਟੀ ਦਾ ਸਮੱਰਥਨ ਪ੍ਰਾਪਤ ਕਰਨ ਲਈ ਟਰਸ ਨੇ ਮਹਿੰਗਾਈ ਨਾਲ ਜੂਝ ਰਹੀ ਦੇਸ਼ ਦੀ ਜਨਤਾ ਨੂੰ ਇਨਕਮ ਟੈਕਸ ਵਿੱਚ ਕਟੌਤੀ ਕਰਨ ਦਾ ਭਰੋਸਾ ਦਿੱਤਾ ਸੀ। ਪਰ ਜਿਵੇਂ ਹੀ ਆਮਦਨ ਟੈਕਸ ਦੀ ਉਚਤਮ ਸੀਮਾ ਨੂੰ ਥੱਲੇ ਕੀਤਾ ਤਾਂ ਮਾਰਕਿਟ ਅਸੰਤੁਲਿਤ ਹੋ ਗਿਆ ਅਤੇ ਸਰਕਾਰ ਦੀ ਨਿੰਦਿਆ ਦਾ ਦੌਰ ਸ਼ੁਰੂ ਹੋ ਗਿਆ। ਦਬਾਅ ਪੈਣ ਕਰਕੇ ਸਰਕਾਰ ਨੇ ਆਪਣੇ ਕਦਮ ਪਿੱਛੇ ਖਿੱਚਦੇ ਹੋਏ ਇਸ ਫੈਂਸਲੇ ਨੂੰ ਵਾਪਿਸ ਲੈ ਲਿਆ।
ਪ੍ਰਧਾਨਮੰਤਰੀ ਟਰਸ ਦੀ ਆਪਣੀ ਹੀ ਕੰਜਰਵੇਟਿਵ ਪਾਰਟੀ ਨੇ ਸਰਕਾਰ ਤੇ ਵਾਰ ਕਰੇ ਸ਼ੁਰੂ ਕਰ ਦਿੱਤੇ। ਜਿਸ ਦੇ ਬਾਅਦ ਵਿੱਤਮੰਤਰੀ ਨੇ ਕਿਹਾ ਕਿ ਟੈਕਸ ਦੀ ਉਚਤਮ ਸੀਮਾ ਨੂੰ ਘੱਟ ਕਰਨ ਦਾ ਨਿਰਣਾ ਨਿਮਰਤਾ ਨਾਲ ਵਾਪਿਸ ਲਿਆ ਗਿਆ ਹੈ। ਵਿੱਤਮੰਤਰੀ ਨੇ ਇਸ ਸਬੰਧੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਆਮ ਜਨਤਾ ਨੂੰ ਕੋਈ ਲਾਭ ਨਹੀਂ ਹੋਇਆ ਹੈ, ਸਿਰਫ਼ ਧਨਾਢ ਵਰਗ ਦੇ ਪਰਿਵਾਰਾਂ ਨੂੰ ਹੀ ਇਸ ਦਾ ਫਾਇਦਾ ਹੋਇਆ ਹੈ। ਜਦੋਂ ਕਿ ਮਹਿੰਗਾਈ ਦਾ ਸੱਭ ਤੋਂ ਵੱਧ ਪ੍ਰਭਾਵ ਆਮ ਲੋਕਾਂ ਉਪਰ ਪੈ ਰਿਹਾ ਹੈ।
ਉਚ ਸਰਕਾਰੀ ਅਧਿਕਾਰੀ ਵੀ ਇਸ ਕਰ ਕਟੌਤੀ ਤੇ ਵਿਰੋਧ ਪ੍ਰਗਟ ਕਰ ਰਹੇ ਸਨ। ਉਨ੍ਹਾਂ ਅਨੁਸਾਰ ਇਹ ਵਿੱਤ ਮੰਤਰਾਲੇ ਦੀ ਰੂੜੀਵਾਦੀ ਸੋਚ ਦਾ ਪ੍ਰਤੀਕ ਹੈ ਅਤੇ ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।