ਮਰਸਡ – ਕੈਲੇਫੋਰਨੀਆਂ ਦੇ ਮਰਸਡ ਸ਼ਹਿਰ ਵਿੱਚ ਤਿੰਨ ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਰਨ ਵਾਲਿਆਂ ਵਿੱਚ ਇੱਕ 8 ਮਹੀਨੇ ਦੀ ਬੱਚੀ ਵੀ ਹੈ। ਮਰਸਡ ਕਾਂਊਟੀ ਦੇ ਪੁਲਿਸ ਵਿਭਾਗ ਵੱਲੋਂ ਇਸ ਨੂੰ ਬਹੁਤ ਹੀ ਭਿਆਨਕ ਅਤੇ ਵਹਿਸ਼ੀਆਨਾ ਹਰਕਤ ਦੱਸਦੇ ਹੋਏ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਸੱਭ ਨੂੰ ਗੋਲੀ ਮਾਰੀ ਗਈ ਹੈ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਨੂੰ 3 ਅਕਤੂਬਰ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ। ਇਸ ਪਰਿਵਾਰ ਦਾ ਅਮਰੀਕਾ ਵਿੱਚ ਟਰਾਂਸਪੋਰਟ ਦਾ ਬਿਜ਼ਨਸ ਹੈ। ਪੁਲਿਸ ਨੇ ਇਸ ਕੇਸ ਵਿੱਚ 48 ਸਾਲਾ ਅਰੋਪੀ ਮੈਨੂਅਲ ਸਾਲਗਾਡੋ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮਲਾਵਰ ਪਹਿਲਾਂ ਉਨ੍ਹਾਂ ਦੇ ਆਫਿਸ ਵਿੱਚ ਜਾਬ ਕਰਦਾ ਸੀ ਅਤੇ ਉਹ ਪਹਿਲਾਂ ਵੀ ਅਗਵਾ ਦੇ ਕੇਸ ਵਿੱਚ ਸਜ਼ਾ ਕਟ ਚੁੱਕਿਆ ਹੈ। ਅਰੋਪੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰਨ ਦੀ ਕੋਸਿ਼ਸ਼ ਕੀਤੀ ਸੀ ਪਰ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਇਹ ਪਰਿਵਾਰ ਪਿੱਛੋਂ ਹੁਸਿ਼ਆਰਪੁਰ ਜਿਲ੍ਹੇ ਵਿੱਚ ਟਾਂਡਾ ਦੇ ਹਰਸੀ ਪਿੰਡ ਦਾ ਰਹਿਣ ਵਾਲਾ ਹੈ। ਮਰਸਡ ਕਾਂਊਟੀ ਤੋਂ ਸੋਮਵਾਰ ਨੂੰ 36 ਸਾਲ ਦੇ ਜਸਦੀਪ ਸਿੰਘ, ਉਨ੍ਹਾਂ ਦੀ ਪਤਨੀ ਜਸਲੀਨ ਕੌਰ (27 ਸਾਲ) ਬੇਟੀ ਆਰੋਹੀ (8 ਮਹੀਨੇ) ਅਤੇ 39 ਸਾਲ ਦੇ ਭਰਾ ਅਮਨਦੀਪ ਸਿੰਘ ਨੂੰ ਅਗਵਾ ਕੀਤਾ ਗਿਆ ਸੀ।