ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ,
ਸੁਹਣੇ ਸ਼ਾਇਰ, ਮੀਆਂ,
ਕਾਦਰ ਯਾਰ ਦਾ।
ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ,
ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ,
ਕਿੰਨਾ ਪੱਥਰ ਦਿਲ ਸੀ,
ਪਿਉ ਸਲਵਾਨ ਦਾ।
ਆਖੇ ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ,
ਪੁੱਤਰ ਪਾਇਆ ਅੰਦਰ ਘੋਰ ਮੁਸੀਬਤਾਂ,
ਰਾਣੀ ਇੱਛਰਾਂ ਜਾਇਆ,
ਪਹਿਲੀ ਵਾਰ ਦਾ।
ਮੋਹ ਮਮਤਾ ਦੀ ਮੂਰਤ,ਰਾਣੀ ਇੱਛਰਾਂ,
ਰੋ ਰੋ ਨੀਰ ਸੁਕਾਇਆ,ਅੱਖਾਂ,ਅੰਨ੍ਹੀਆਂ,
ਪੁੱਤਰ ਦਾ ਇਹ ਦੁੱਖ,
ਨਾ ਜਾਵੇ ਝੱਲਿਆ।
ਬਾਰ੍ਹਾਂ ਵਰ੍ਹੇ ਬਿਤਾ ਕੇ ਅੰਦਰ ਭੋਰਿਆਂ,
ਮਾਂ ਸੀ ਝੱਲੀ ਹੋਈ ਝੁਰਦੇ ਝੋਰਿਆਂ.
ਲੂਣਾਂ ਦਾ ਕਿਰਦਾਰ,
ਤੂੰ ਸੀ ਚਿੱਤਰਿਆ।
ਕਿੱਦਾਂ ਦੱਸੀ ਪੂਰਨ ਦੀ ਤੂੰ ਸਾਬਤੀ,
ਜੋ ਸੀ ਕੂੜ ਕਹਾਣੀ,ਸੱਚੀ ਆਖਦੀ,
ਦਿੱਤੀਆਂ ਸਖਤ ਸਜਾਵਾਂ,
ਪੁੱਠਾ ਲਟਕਿਆ।
ਲੈ ਗਿਆ ਯੋਗੀ ਨਾਲ ਖੂਹੋਂ ਕੱਢ ਕੇ,
ਪਰਖਾਂ ਅੰਦਰ ਪਾਇਆ ਸਭ ਕੁੱਝ ਛੱਡ ਕੇ,
ਖਾਕੋਂ ਨੂਰ ਬਣਾਇਆ,
ਪੁਤਲਾ ਖਾਕ ਦਾ।
ਮੋਹ ਨਾ ਸੱਕੀ ਉਸ ਨੂੰ,ਰਾਣੀ ਸੁੰਦਰਾਂ,
ਸਾਧੂ ਆਪ ਬਣਾਇਆ,ਪਾ ਕੇ ਮੁੰਦਰਾਂ,
ਚੇਲਾ ਸੀ ਜਦ ਬਣਿਆ,
ਜੋਗੀ ਨਾਥ ਦਾ।
ਰੰਗ ਬਰੰਗਾ ਗੁੰਦਿਆ ਸੁਹਣਾ ਹਾਰ ਤੂੰ,
ਮਾਂ ਬੋਲੀ ਗਲ਼ ਪਾਇਆ ਖੂਬ ਸ਼ਿੰਗਾਰ ਤੂੰ,
ਤੂੰ ਪੰਜਾਬੀ ਮਾਂ ਦੀ,
ਕਦਰ ਪਛਾਣਦਾ।
ਸਜਦੇ ਕਰਾਂ ਹਜਾਰ ਤੇਰੀ ਕਲਮ ਨੂੰ,
ਕਿੱਸੇ ਦੇ ਫਨਕਾਰ ਮੈਂ,ਤੇਰੇ ਹੁਨਰ ਨੂੰ,
ਤੂੰ ਸਾਹਿਤ ਦਾ ਹੀਰਾ,
ਅਜਬ ਕਮਾਲ ਦਾ।
ਪੜ੍ਹਿਆ ਕਿੱਸਾ ਲਿਖਿਆ,
ਪੂਰਨ ਭਗਤ ਦਾ,
ਸੁਹਣੇ ਸ਼ਾਇਰ ਮੀਆਂ,
ਕਾਦਰ ਯਾਰ ਦਾ।
ਕਾਦਰ ਯਾਰ—-ਬਨਾਮ—-ਕਿੱਸਾ ਪੂਰਨ ਭਗਤ
This entry was posted in ਕਵਿਤਾਵਾਂ.