ਕਰਾਚੀ – ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜਿਲ੍ਹੇ ਵਿੱਚ ਇੱਕ ਯਾਤਰੀ ਬੱਸ ਨੂੰ ਅੱਗ ਲਗ ਗਈ। ਇਸ ਦੁਰਘਟਨਾ ਵਿੱਚ 8 ਬੱਚਿਆਂ ਸਮੇਤ 18 ਵਿਅਕਤੀ ਜਿਊਂਦੇ ਹੀ ਸੜ ਗਏ ਅਤੇ ਕਈ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਜਮਸ਼ੋਰੋ ਦੇ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਹੈ। ਇਸ ਬੱਸ ਵਿੱਚ 35 ਦੇ ਕਰੀਬ ਯਾਤਰੀ ਸਵਾਰ ਸਨ।
ਸਥਾਨਕ ਪੁਲਿਸ ਅਧਿਕਾਰੀ ਜਾਵੇਦ ਬਲੋਚ ਅਨੁਸਾਰ ਇਹ ਬੱਸ ਕਰਾਚੀ ਤੋਂ ਖੈਰਪੁਰ ਨਾਥਨ ਸ਼ਾਹ ਵਾਪਿਸ ਪਰਤ ਰਹੀ ਸੀ। ਨੂਰੀਆਬਾਦ ਦੇ ਕੋਲ ਇਸ ਵਿੱਚ ਅਚਾਨਕ ਅੱਗ ਲਗ ਗਈ। ਬੱਸ ਵਿੱਚ ਜੋ ਲੋਕ ਸਵਾਰ ਸਨ, ਉਹ ਸਾਰੇ ਹੜ੍ਹਾਂ ਤੋਂ ਪ੍ਰਭਾਵਿਤ ਸਨ ਅਤੇ ਘਰਾਂ ਨੂੰ ਵਾਪਿਸ ਜਾ ਰਹੇ ਸਨ। ਹਾਦਸੇ ਦੇ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਏ। ਕੋਚ ਦੇ ਏਅਰ-ਕੰਡੀਸ਼ਨਡ ਸਿਸਟਮ ਵਿੱਚ ਖਰਾਬੀ ਦੇ ਚਲਦੇ ਅੱਗ ਲਗੀ ਸੀ, ਜਿਸ ਨੇ ਪੂਰੀ ਬੱਸ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਤੋਂ ਬਚਣ ਲਈ ਕੁਝ ਯਾਤਰੀਆਂ ਨੇ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ।
ਸਿੰਧ ਦੇ ਮੁੱਖਮੰਤਰੀ ਮੁਰਾਦ ਸ਼ਾਹ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮੱਦਦ ਮੁਹਈਆ ਕਰਵਾਈ ਜਾਵੇਗੀ।