ਫ਼ਤਹਿਗੜ੍ਹ ਸਾਹਿਬ – “ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ ਆਉਣ ਵਾਲੇ ਕੱਲ੍ਹ ਮਿਤੀ 14 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਪੰਜਾਬ ਦੇ ਪਾਣੀਆਂ ਨੂੰ ਪ੍ਰਾਪਤ ਕਰਨ ਦੇ ਮੁੱਦੇ ਉਤੇ ਆਪਸੀ ਗੱਲਬਾਤ ਹੋ ਰਹੀ ਹੈ । ਅਕਸਰ ਹੀ ਬੀਤੇ ਸਮੇ ਦੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਆਪਣੀਆ ਸਿਆਸੀ ਪਾਰਟੀਆ ਦੇ ਦਿੱਲੀ ਸੋਚ ਅਧੀਨ ਪਾਣੀਆ ਅਤੇ ਪੰਜਾਬ ਦੇ ਹੋਰ ਮੁੱਦਿਆ ਉਤੇ ਝੁੱਕ ਕੇ ਸੌਦੇਬਾਜੀ ਅਧੀਨ ਪੰਜਾਬ ਦੇ ਸਾਧਨਾਂ ਨੂੰ ਜ਼ਬਰੀ ਲੁਟਾਉਦੇ ਰਹੇ ਹਨ । ਇਹ ਮੰਦਭਾਵਨਾ ਭਰਿਆ ਸਿਲਸਿਲਾ ਲੰਮੇ ਸਮੇ ਤੋ ਸੈਟਰ ਦੀਆਂ ਤੇ ਪੰਜਾਬ ਦੀਆਂ ਸਰਕਾਰਾਂ ਇਕ ਸੋਚੀ ਸਮਝੀ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਾਜਿਸ ਅਧੀਨ ਕਰਦੇ ਆ ਰਹੇ ਹਨ । ਲੇਕਿਨ ਹਰ ਵਾਰੀ ਪੰਜਾਬ ਦੀਆਂ ਸਰਕਾਰਾਂ ਜਾਂ ਮੁੱਖ ਮੰਤਰੀ ਪੰਜਾਬੀਆਂ ਨਾਲ ਫਰੇਬ-ਧੌਖੇ ਹੀ ਕਰਦੇ ਆ ਰਹੇ ਹਨ । ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬ ਵਿਚ ਕੋਈ ਵੀ ਕੰਮ ਆਪਣੇ ਸੈਂਟਰ ਦੇ ਅਕਾਵਾ ਸ੍ਰੀ ਕੇਜਰੀਵਾਲ ਦੇ ਹੁਕਮਾਂ ਤੋ ਬਗੈਰ ਨਹੀ ਕਰਦੇ । ਜਦੋਕਿ ਸ੍ਰੀ ਕੇਜਰੀਵਾਲ ਜਾਂ ਸ੍ਰੀ ਮਨੋਹਰ ਲਾਲ ਖੱਟਰ ਦੇ ਆਪੋ-ਆਪਣੇ ਸੂਬਿਆਂ ਪ੍ਰਤੀ ਮੁਫਾਦ ਵੀ ਹਨ ਅਤੇ ਆਪਣੇ ਨਿੱਜੀ ਸਿਆਸੀ ਤੇ ਮਾਲੀ ਸਵਾਰਥ ਵੀ ਹਨ । ਇਹ ਦੋਵੇ ਸਖਸ਼ੀਅਤਾਂ ਲੰਮੇ ਸਮੇ ਤੋ ਪੰਜਾਬ ਦੇ ਪਾਣੀਆ ਨੂੰ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਜ਼ਬਰੀ ਲੁੱਟਣ ਦੇ ਰੌਅ ਵਿਚ ਹਨ । ਇਸ ਗੈਰ ਕਾਨੂੰਨੀ ਅਤੇ ਗੈਰ ਇਨਸਾਨੀਅਤ ਕੰਮ ਵਿਚ ਸੈਟਰ ਦੀ ਕੋਈ ਵੀ ਸਰਕਾਰ ਹੋਵੇ ਜਾਂ ਅਦਾਲਤਾਂ ਹੋਣ ਉਹ ਅਕਸਰ ਹੀ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਵਿਰੋਧ ਵਿਚ ਖੜ੍ਹੀਆ ਨਜਰ ਆ ਰਹੀਆ ਹਨ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਬਹੁਤ ਵੱਡਾ ਖਦਸਾ ਹੈ ਕਿ ਸ੍ਰੀ ਕੇਜਰੀਵਾਲ ਤੇ ਸ੍ਰੀ ਮਨੋਹਰ ਲਾਲ ਖੱਟਰ ਦੇ ਆਪੋ-ਆਪਣੇ ਸੂਬਿਆ ਦੇ ਮੁਫਾਦਾ ਅਤੇ ਸਿਆਸੀ ਮਕਸਦਾਂ ਦੀ ਪੂਰਤੀ ਅਧੀਨ ਆਉਣ ਵਾਲੇ ਕੱਲ੍ਹ ਪਾਣੀਆ ਦੇ ਮੁੱਦੇ ਉਤੇ ਦੋਵੇ ਮੁੱਖ ਮੰਤਰੀਆ ਦੀ ਹੋ ਰਹੀ ਮੀਟਿੰਗ ਵਿਚ ਪੰਜਾਬ ਦੇ ਪੱਖ ਨੂੰ ਬਾਦਲੀਲ ਢੰਗ ਨਾਲ ਨਹੀ ਉਠਾ ਸਕਣਗੇ ਅਤੇ ਇਸ ਮੁੱਦੇ ਉਤੇ ਫਿਰ ਪੰਜਾਬ, ਪੰਜਾਬੀਆ ਨਾਲ ਧੋਖਾ ਹੋ ਸਕਦਾ ਹੈ । ਜਿਸ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਅਤਿ ਸੰਜੀਦਗੀ ਨਾਲ ਜਿਥੇ ਖਬਰਦਾਰ ਕਰਦਾ ਹੈ, ਉਥੇ ਆਪਣੇ ਸਿਆਸੀ ਅਕਾਵਾ ਦੇ ਦਬਾਅ ਹੇਠ ਜਾਂ ਮਾਲੀ ਤੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਕਿਸੇ ਕੀਤੇ ਜਾਣ ਵਾਲੇ ਫੈਸਲੇ ਨੂੰ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀ ਕਰਨਗੇ ।”
ਇਹ ਖਦਸਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆ ਦੀ ਪਾਣੀਆ ਦੇ ਮੁੱਦੇ ਉਤੇ ਹੋਣ ਜਾ ਰਹੀ ਮੀਟਿੰਗ ਪ੍ਰਤੀ ਸ. ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਸੈਟਰ ਦੇ ਅਕਾਵਾ ਨੂੰ ਆਪਣੀਆ ਪੰਜਾਬ ਪ੍ਰਤੀ ਅਤੇ ਪੰਜਾਬੀਆ ਪ੍ਰਤੀ ਜ਼ਿੰਮੇਵਾਰੀਆ ਨਿਭਾਉਣ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਪੰਜਾਬ ਸੂਬੇ, ਇਥੋ ਦੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਭਾਸ਼ਾ, ਖੇਤਰੀ ਇਲਾਕਿਆ, ਬਿਜਲੀ-ਪਾਣੀ, ਕੌਮਾਂਤਰੀ ਵਪਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸੂਬੇ ਦੀ ਮਿੱਟੀ ਅਤੇ ਇਸਦੇ ਹੱਕ-ਹਕੂਕਾ ਨਾਲ ਜਿੰਦਜਾਨ ਤੋ ਜੁੜੇ ਹੋਏ ਹਾਂ । ਬੇਸੱਕ ਬੀਤੇ ਸਮੇ ਵਿਚ ਸਿਆਸੀ ਆਗੂਆ ਵੱਲੋ ਅਜਿਹੇ ਗੰਭੀਰ ਮੁੱਦਿਆ ਉਤੇ ਆਪਣੇ ਫਰਜਾਂ ਦੀ ਸਹੀ ਸਮੇ ਤੇ ਦ੍ਰਿੜਤਾ ਨਾਲ ਪੂਰਤੀ ਨਾ ਕਰਨ ਦੀ ਬਦੌਲਤ ਪੰਜਾਬ ਸੂਬੇ ਅਤੇ ਪੰਜਾਬੀਆ ਦਾ ਬਹੁਤ ਵੱਡਾ ਮਾਲੀ, ਜਾਨੀ, ਸੱਭਿਆਚਾਰਕ, ਭੂਗੋਲਿਕ ਅਤੇ ਸਮਾਜਿਕ ਨੁਕਸਾਨ ਹੋਇਆ ਹੈ, ਪਰ ਅਸੀ ਇਸ ਸੂਬੇ ਦੀ ਹਰ ਪੱਖੋ ਬਿਹਤਰੀ ਅਤੇ ਇਥੋ ਦੇ ਨਿਵਾਸੀਆ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਅਮੀਰ-ਗਰੀਬ, ਊਚ-ਨੀਚ, ਜਾਤ-ਪਾਤ ਦੇ ਵੱਖਰੇਵੇ ਤੋ ਗੁਰੂ ਸਾਹਿਬਾਨ ਜੀ ਦੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਹੀ ਅੱਜ ਤੱਕ ਉਦਮ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ । ਕਿਸੇ ਵੀ ਦਿੱਲੀ ਵਾਲੇ ਜਾਂ ਪੰਜਾਬ ਵਿਰੋਧੀ ਪਾਰਟੀਆ ਤੇ ਸਿਆਸੀ ਆਗੂਆ ਨੂੰ ਇਸ ਤਰ੍ਹਾਂ ਪੰਜਾਬ ਸੂਬੇ ਨਾਲ ਸੰਬੰਧਤ ਸਾਧਨਾਂ, ਜਮੀਨਾਂ, ਇਲਾਕਿਆ, ਪਾਣੀਆ, ਬਿਜਲੀ ਅਤੇ ਹੋਰ ਸਾਧਨਾਂ ਦੀ ਲੁੱਟ-ਖਸੁੱਟ ਕਰਨ ਦੀ ਇਜਾਜਤ ਨਹੀ ਦੇਵਾਂਗੇ । ਜੇਕਰ ਸ. ਭਗਵੰਤ ਸਿੰਘ ਮਾਨ ਨੇ ਆਪਣੇ ਸੈਟਰ ਦੇ ਆਕਾ ਸ੍ਰੀ ਕੇਜਰੀਵਾਲ ਜੋ ਅਕਸਰ ਹੀ ਪੰਜਾਬ ਦੇ ਪਾਣੀਆ ਤੇ ਬਿਜਲੀ ਨੂੰ ਦਿੱਲੀ ਤੇ ਹਰਿਆਣੇ ਲਈ ਖੋਹਣ ਦੀ ਵਕਾਲਤ ਕਰਦੇ ਆ ਰਹੇ ਹਨ, ਉਨ੍ਹਾਂ ਦਾ ਗੁਲਾਮ ਬਣਕੇ ਕੋਈ ਗੁਸਤਾਖੀ ਕੀਤੀ ਤਾਂ ਪੰਜਾਬ ਸੂਬੇ ਦੇ ਅਮਨ ਚੈਨ ਅਤੇ ਇਥੋ ਦੀ ਜਮਹੂਰੀਅਤ ਦਾ ਘਾਣ ਕਰਨ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਜ਼ਿੰਮੇਵਾਰ ਹੋਣਗੇ । ਪੰਜਾਬੀ ਤੇ ਸਿੱਖ ਕੌਮ ਹੁਣ ਆਪਣੇ ਸੂਬੇ ਦੀ ਇਸ ਤਰ੍ਹਾਂ ਕਤਈ ਲੁੱਟ ਨਹੀ ਹੋਣ ਦੇਵੇਗੀ । ਇਨ੍ਹਾਂ ਆਗੂਆ ਨੂੰ ਬੀਤੇ ਸਮੇ ਦੇ ਐਸ.ਵਾਈ.ਐਲ. ਮੁੱਦੇ ਉਤੇ ਚੱਲੇ ਵੱਡੇ ਸੰਘਰਸ਼ ਅਤੇ ਹੋਏ ਮਨੁੱਖੀ ਜਾਨਾਂ ਦੇ ਮਾਲੀ ਨੁਕਸਾਨ ਦੇ ਦੁਖਦਾਇਕ ਵਰਤਾਰੇ ਨੂੰ ਵੀ ਆਪਣੇ ਜਹਿਨ ਵਿਚ ਰੱਖਣਾ ਪਵੇਗਾ । ਜੇਕਰ ਪੰਜਾਬ ਵਿਚ ਕੋਈ ਅਜਿਹੀ ਗੱਲ ਵਾਪਰੀ ਤਾਂ ਉਸ ਲਈ ਸੈਟਰ ਦੇ ਹੁਕਮਰਾਨ, ਹਰਿਆਣਾ, ਦਿੱਲੀ ਦੀਆਂ ਸਰਕਾਰਾਂ ਅਤੇ ਸਿਆਸਤਦਾਨ ਜਿੰਮੇਵਾਰ ਹੋਣਗੇ ।